ਕਸ਼ਮੀਰ ਵਿੱਚ ਹੱਡ ਚੀਰਵੀਂ ਠੰਢ, ਡੱਲ ਝੀਲ ਜੰਮੀ
ਸ੍ਰੀਨਗਰ, 19 ਦਸੰਬਰ
ਘੱਟੋ-ਘੱਟ ਤਾਪਮਾਨ ਜੰਮਣ ਵਾਲੇ ਪੁਆਇੰਟ ਤੋਂ ਕਾਫੀ ਡਿਗਰੀ ਹੇਠਾਂ ਪਹੁੰਚਣ ਕਾਰਨ ਕਸ਼ਮੀਰ ਵਿੱਚ ਹੱਡ ਚੀਰਵੀਂ ਠੰਢ ਹੋ ਗਈ ਹੈ ਜਿਸ ਕਰ ਕੇ ਸ੍ਰੀਨਗਰ ਵਿੱਚ ਲੰਘੀ ਰਾਤ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਸ਼ਹਿਰ ਵਿੱਚ ਲੰਘੀ ਰਾਤ ਘੱੱਟੋ ਘੱਟ ਤਾਪਮਾਨ ਮਨਫੀ 6 ਡਿਗਰੀ ਦਰਜ ਕੀਤਾ ਗਿਆ ਜੋ ਕਿ ਉਸ ਤੋਂ ਪਿਛਲੀ ਰਾਤ ਨੂੰ ਦਰਜ ਕੀਤੇ ਗਏ ਮਨਫੀ 4.5 ਡਿਗਰੀ ਨਾਲੋਂ ਘੱਟ ਸੀ। ਇਸ ਦੌਰਾਨ ਸ੍ਰੀਨਗਰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਧੁੰਦ ਦੀ ਇਕ ਹਲਕੀ ਪਰਤ ਵੀ ਦੇਖੀ ਗਈ। ਬੁੱਧਵਾਰ ਦੀ ਰਾਤ ਸ਼ਹਿਰ ਵਿੱਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਸੀ ਅਤੇ ਇਸ ਸੀਜ਼ਨ ਵਿੱਚ ਲੰਘੀ ਰਾਤ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਦਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੱਡ ਚੀਰਵੀਂ ਠੰਢ ਕਾਰਨ ਮਸ਼ਹੂਰ ਡੱਲ ਝੀਲ ਸਣੇ ਕਈ ਜਲ ਸਰੋਤਾਂ ਦੇ ਕਿਨਾਰੇ ਜੰਮ ਗਏ। ਇਸ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਅਤੇ ਵਾਦੀ ਵਿੱਚ ਵੀ ਕਈ ਥਾਵਾਂ ’ਤੇ ਜਲ ਸਪਲਾਈ ਦੀਆਂ ਲਾਈਨਾਂ ਜੰਮ ਗਈਆਂ। ਬਰਫ਼ ਤੇ ਮੀਂਹ ਨਾ ਪੈਣ ਕਾਰਨ ਸ਼ਹਿਰ ਤੇ ਹੋਰ ਮੈਦਾਨੀ ਇਲਾਕਿਆਂ ’ਚ ਖੰਘ ਤੇ ਜ਼ੁਕਾਮ ਦੇ ਮਾਮਲੇ ਵਧ ਗਏ ਹਨ। ਦੱਖਣੀ ਕਸ਼ਮੀਰ ਵਿੱਚ ਪੈਂਦਾ ਪਹਿਲਗਾਮ ਟੂਰਿਸਟ ਰਿਜ਼ੋਰਟ ਜਿਸ ਨੂੰ ਕਿ ਅਮਰਨਾਥ ਯਾਤਰਾ ਦੇ ਇਕ ਬੇਸ ਕੈਂਪ ਵਜੋਂ ਵੀ ਜਾਣਿਆ ਜਾਂਦਾ ਹੈ, ’ਚ ਘੱਟੋ-ਘੱਟ ਤਾਪਮਾਨ ਮਨਫੀ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪਿਛਲੀ ਰਾਤ ਨਾਲੋਂ ਇਕ ਡਿਗਰੀ ਘੱਟ ਸੀ। ਗੁਲਮਰਗ ਦੇ ਮਸ਼ਹੂਰ ਸਕੀ-ਰਿਜ਼ੋਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 5 ਡਿਗਰੀ ਦਰਜ ਕੀਤਾ ਗਿਆ। ਕੋਨੀਬਲ ਵਿੱਚ ਸਭ ਤੋਂ ਘੱਟ ਮਨਫੀ 8.4 ਤਾਪਮਾਨ ਦਰਜ ਕੀਤਾ ਗਿਆ। ਕਾਜ਼ੀਗੁੰਡ ’ਚ ਮਨਫੀ 7 ਡਿਗਰੀ ਅਤੇ ਕੁਪਵਾੜਾ ’ਚ ਮਨਫੀ 6.2 ਡਿਗਰੀ ਪਾਰਾ ਰਿਕਾਰਡ ਹੋਇਅਆ।। -ਪੀਟੀਆਈ
ਸ਼ਿਮਲਾ ਵਿੱਚ ਕ੍ਰਿਸਮਸ ਤੋਂ ਬਾਅਦ ਹੋਵੇਗੀ ਬਰਫ਼ਬਾਰੀ: ਮੌਸਮ ਵਿਭਾਗ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੂਬੇ ਵਿੱਚ ਠੰਢ ਤੇ ਉੱਚੀਆਂ ਥਾਵਾਂ ’ਤੇ ਬਰਫ਼ਬਾਰੀ ਪੱਛਮੀ ਗੜਬੜੀ ਤੋਂ ਬਾਅਦ ਹੀ ਸੰਭਵ ਹੋਵੇਗੀ ਅਤੇ ਇਹ ਪੱਛਮੀ ਗੜਬੜੀ 27 ਤੇ 28 ਦਸੰਬਰ ਦੇ ਆਸ-ਪਾਸ ਸਰਗਰਮ ਹੋਣ ਦੀ ਸੰਭਾਵਨਾ ਹੈ। ਇਹ ਪੇਸ਼ੀਨਗੋਈ ਅੱਜ ਭਾਰਤੀ ਮੌਸਮ ਵਿਭਾਗ ਨੇ ਕੀਤੀ ਹੈ। ਮੌਸਮ ਵਿਭਾਗ ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਵਿਗਿਆਨੀ ਸ਼ੋਭਿਤ ਕਟਿਆਰ ਨੇ ਕਿਹਾ, ‘‘ਪਿਛਲੇ 24 ਘੰਟੇ ਵਿੱਚ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਨਹੀਂ ਪਿਆ। ਹਾਲਾਂਕਿ, ਬਿਲਾਸਪੁਰ, ਮੰਡੀ, ਹਮੀਰਪੁਰ ਤੇ ਊਨਾ ਜਿੱਥੇ ਕਿ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਵਿੱਚ ਕਾਫੀ ਠੰਢ ਰਹੀ। ਇਸੇ ਤਰ੍ਹਾਂ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਵਿੱਚ ਵੀ ਮੌਸਮ ਠੰਢਾ ਰਿਹਾ।’’ ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਤੋਂ ਸੱਤ ਦਿਨ ਵੀ ਸੂਬੇ ਵਿੱਚ ਮੀਂਹ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, 27 ਤੇ 28 ਨੂੰ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਤੋਂ ਬਾਅਦ ਸੂਬੇ ਵਿੱਚ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। -ਏਐੱਨਆਈ