Sanatan Dharma ਸਨਾਤਨ ਧਰਮ ਭਾਰਤ ਦਾ ‘ਕੌਮੀ ਧਰਮ’: ਆਦਿੱਤਿਆਨਾਥ
ਅਯੁੱਧਿਆ, 20 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ‘ਸਨਾਤਨ ਧਰਮ’ ਭਾਰਤ ਦਾ ਕੌਮੀ ਧਰਮ ਹੈ ਤੇ ਇਸ ਦੀ ਰਾਖੀ ਕਰਨਾ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੇ ਇਥੇ ਅਸ਼ਰਫੀ ਭਵਨ ਆਸ਼ਰਮ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਇਸ ਗੱਲ ’ਤੇ ਰੌਸ਼ਨੀ ਪਾਈ ਕਿ ਕਿਵੇਂ ਧਰਮ ਤੇ ਸਭਿਆਚਾਰ ਨਾਲ ਸਮਾਜ ਵਿਚ ਸਕਾਰਾਤਮਕਤਾ ਤੇ ਸ਼ਾਂਤੀ ਦਾ ਸੰਚਾਰ ਹੁੰਦਾ ਹੈ। ਮੰਦਿਰਾਂ ’ਤੇ ਹੋਏ ਇਤਿਹਾਸਕ ਹਮਲਿਆਂ ਨੂੰ ਪ੍ਰਤੀਬਿੰਬਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਦਾ ਅਖੀਰ ਪਤਨ ਹੋਇਆ। ਇਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ, ‘‘ਮੁਗਲ ਸ਼ਾਸਕ ਔਰੰਗਜ਼ੇਬ ਦੇ ਵੰਸ਼ਜ ਰਿਕਸ਼ੇ ਚਲਾ ਰਹੇ ਹਨ। ਉਨ੍ਹਾਂ ਦੀ ਇਹ ਦੁਰਦਸ਼ਾ ਉਨ੍ਹਾਂ ਦੇ ਵਿਨਾਸ਼ਕਾਰੀ ਕੰਮਾਂ ਦਾ ਨਤੀਜਾ ਹੈ। ਜੇ ਉਨ੍ਹਾਂ ਨੇ ਆਪਣੀ ਨੇਕ ਨੀਅਤੀ ਬਰਕਰਾਰ ਰੱਖੀ ਹੁੰਦੀ ਅਤੇ ਮੰਦਰਾਂ ਨੂੰ ਢਾਹੁਣ ਤੋਂ ਗੁਰੇਜ਼ ਕੀਤਾ ਹੁੰਦਾ, ਤਾਂ ਕੀ ਉਨ੍ਹਾਂ ਦੀ ਅਜਿਹੀ ਹਾਲਤ ਹੁੰਦੀ?” ਮੁੱਖ ਮੰਤਰੀ ਨੇ ਅਤੀਤ ਦੀਆਂ ਗਲਤੀਆਂ ਤੋਂ ਸਬਕ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ ਜਿਨ੍ਹਾਂ ਨੇ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਧੱਕ ਦਿੱਤਾ ਅਤੇ ਨਤੀਜੇ ਵਜੋਂ ਇਸ ਦੇ ਪਵਿੱਤਰ ਸਥਾਨਾਂ ਦੀ ਬੇਅਦਬੀ ਹੋਈ। ਉਨ੍ਹਾਂ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਨਾਤਨ ਧਰਮ ਨੂੰ ਬਚਾਉਣ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਰਾਖੀ ਲਈ ਇਸ ਸਦੀਵੀ ਧਰਮ ਦਾ ਸਤਿਕਾਰ ਕਰਨਾ ਜ਼ਰੂਰੀ ਹੈ। -ਪੀਟੀਆਈ