ਹਿਮਾਚਲ ਪ੍ਰਦੇਸ਼ ’ਚ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਅਲਰਟ
ਸ਼ਿਮਲਾ/ਸ੍ਰੀਨਗਰ, 8 ਜਨਵਰੀ
ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਤੇ ਮੰਡੀ ’ਚ ਵੱਖ-ਵੱਖ ਥਾਵਾਂ ’ਤੇ ਸੀਤ ਲਹਿਰ ਚੱਲਣ, ਪਾਲਾ ਪੈਣ ਅਤੇ ਸੰਘਣੀ ਧੁੰਦ ਦਾ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਉੱਧਰ ਕਸ਼ਮੀਰ ਘਾਟੀ ’ਚ ਮਾਮੂਲੀ ਰਾਹਤ ਮਗਰੋਂ ਠੰਢ ਵੱਧ ਗਈ ਹੈ ਅਤੇ ਰਾਤ ਦਾ ਤਾਪਮਾਨ ਮਨਫੀ ਤੋਂ ਹੇਠਾਂ ਚਲਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦਾ ਊਨਾ ਜ਼ਿਲ੍ਹਾ ਲੰਘੀ ਰਾਤ ਭਿਆਨਕ ਸੀਤ ਲਹਿਰ ਦੀ ਲਪੇਟ ’ਚ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਨੇੜੇ ਰਿਹਾ ਜਦਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਤਾਬੋ ’ਚ ਰਾਤ ਦਾ ਤਾਪਮਾਨ ਮਨਫੀ 13.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਮੀਰਪੁਰ, ਮੰਡੀ ਤੇ ਕਾਂਗੜਾ ਜ਼ਿਲ੍ਹਿਆਂ ’ਚ ਸੀਤ ਲਹਿਰ ਜਦਕਿ ਬਿਲਾਸਪੁਰ ਤੇ ਮੰਡੀ ’ਚ ਸੰਘਣੀ ਧੁੰਦ ਦੇਖੀ ਗਈ। ਕਾਂਗੜਾ ’ਚ ਹਲਕੀ ਧੁੰਦ ਰਹੀ। ਉੱਤਰ-ਪੱਛਮੀ ਭਾਰਤ ’ਚ 11 ਜਨਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਹੈ ਅਤੇ ਮੌਸਮ ਵਿਭਾਗ ਨੇ 11-12 ਜਨਵਰੀ ਨੂੰ ਕੁਝ ਥਾਵਾਂ ’ਤੇ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੀਆਂ ਕਈ ਥਾਵਾਂ ’ਤੇ ਰਾਤ ਦਾ ਤਾਪਮਾਨ ਮਨਫੀ ਦੇ ਕਈ ਦਰਜੇ ਹੇਠਾਂ ਚਲਾ ਗਿਆ ਹੈ। ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਇੱਕ ਡਿਗਰੀ ਹੇਠਾਂ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 9.8, ਪਹਿਲਗਾਮ ’ਚ ਮਨਫੀ 8.2, ਕਾਜ਼ੀਗੁੰਡ ’ਚ ਮਨਫੀ 2.4, ਕੁਪਵਾੜਾ ’ਚ ਮਨਫੀ 2.1 ਅਤੇ ਕੋਕਰਨਾਗ ’ਚ ਘੱਟੋ-ਘੱਟ ਤਾਪਮਾਨ ਮਨਫੀ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਆਉਂਦੇ ਦਿਨਾਂ ’ਚ ਕਸ਼ਮੀਰ ਘਾਟੀ ਵਿੱਚ ਘੱਟੋ-ਘੱਟ ਤਾਪਮਾਨ ਹੋਰ ਘਟਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। -ਪੀਟੀਆਈ