ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਬਰਾਨਾ ਹਮਲਾ

07:48 AM Oct 19, 2023 IST

ਮੰਗਲਵਾਰ ਗਾਜ਼ਾ ਸ਼ਹਿਰ ਦੇ ਅਲ-ਆਹਲੀ ਹਸਪਤਾਲ ਵਿਚ ਹੋਏ ਹਮਲੇ ਨਾਲ ਇਜ਼ਰਾਈਲ-ਹਮਾਸ ਜੰਗ ਹੋਰ ਦੁਖਾਂਤਕ ਤੇ ਭਿਆਨਕ ਪੜਾਅ ਵਿਚ ਦਾਖਲ ਹੋ ਗਈ ਹੈ। ਇਸ ਹਮਲੇ ਵਿਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਹਮਾਸ ਅਨੁਸਾਰ ਇਜ਼ਰਾਈਲ ਦੀ ਹਵਾਈ ਫ਼ੌਜ ਨੇ ਹਸਪਤਾਲ ’ਤੇ ਬੰਬ ਸੁੱਟੇ ਜਦੋਂਕਿ ਇਜ਼ਰਾਈਲ ਨੇ ਦੋਸ਼ ਲਗਾਇਆ ਹੈ ਕਿ ਇਹ ਧਮਾਕਾ ਹਮਾਸ ਦੁਆਰਾ ਚਲਾਏ ਗਏ ਰਾਕਟ ਕਾਰਨ ਹੋਇਆ ਹੈ। ਸੀਰੀਆ, ਸਾਊਦੀ ਅਰਬ, ਲਬਿੀਆ ਤੇ ਹੋਰ ਦੇਸ਼ਾਂ ਨੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 7 ਅਕਤੂਬਰ ਨੂੰ ਫਲਸਤੀਨੀ ਜਥੇਬੰਦੀ ਹਮਾਸ ਨੇ ਇਜ਼ਰਾਈਲ ’ਤੇ ਦਹਿਸ਼ਤਗਰਦ ਹਮਲਾ ਕੀਤਾ ਸੀ ਜਿਸ ਵਿਚ 1400 ਇਜ਼ਰਾਈਲੀ ਮਾਰੇ ਗਏ ਅਤੇ 2000 ਤੋਂ ਵੱਧ ਜ਼ਖ਼ਮੀ ਹੋਏ ਸਨ। ਹਮਾਸ ਨੇ 150 ਤੋਂ ਵੱਧ ਇਜ਼ਰਾਈਲੀਆਂ ਨੂੰ ਅਗਵਾ ਵੀ ਕੀਤਾ ਹੈ। ਮਾਰੇ ਅਤੇ ਅਗਵਾ ਕੀਤੇ ਗਏ ਇਜ਼ਰਾਈਲੀਆਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ। ਇਜ਼ਰਾਈਲ ਗਾਜ਼ਾ ਦੀ ਲਗਾਤਾਰ ਬੰਬਾਰੀ ਕਰ ਰਿਹਾ ਹੈ ਜਿਸ ਵਿਚ ਹਸਪਤਾਲਾਂ, ਸਕੂਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤਕ 3000 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ ਅਤੇ 12000 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਮਰਨ ਤੇ ਜ਼ਖ਼ਮੀ ਹੋਣ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਹੈ। ਇਸੇ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਜੋਅ ਬਾਇਡਨ ਇਜ਼ਰਾਈਲ ਪਹੁੰਚਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਹ ਗਾਜ਼ਾ ਵਿਚ ਮਦਦ ਪਹੁੰਚਾਉਣ ਦਾ ਕੋਈ ਢੰਗ-ਤਰੀਕਾ ਤਲਾਸ਼ ਕਰਨ ਦਾ ਯਤਨ ਕਰੇਗਾ; ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ ਤੇ ਹੋਰ ਪੱਛਮੀ ਦੇਸ਼ ਪੂਰੀ ਤਰ੍ਹਾਂ ਇਜ਼ਰਾਈਲ ਦੀ ਮਦਦ ਕਰ ਰਹੇ ਹਨ। ਬਾਇਡਨ ਨੇ ਅਲ-ਆਹਲੀ ਹਸਪਤਾਲ ’ਤੇ ਹੋਏ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਦੀ ਜਾਰਡਨ ਵਿਚ ਕੁਝ ਅਰਬ ਦੇਸ਼ਾਂ ਦੇ ਮੁਖੀਆਂ ਨਾਲ ਹੋਣ ਵਾਲੀ ਸਿਖਰ ਵਾਰਤਾ ਰੱਦ ਹੋ ਗਈ ਹੈ।
ਇਜ਼ਰਾਈਲ 1948 ਵਿਚ ਹੋਂਦ ਵਿਚ ਆਇਆ ਅਤੇ ਫਲਸਤੀਨੀਆਂ ਦੇ ਦੁਖਾਂਤਕ ਉਜਾੜੇ ਦੀ ਕਹਾਣੀ ਸ਼ੁਰੂ ਹੋਈ। ਇਸ ਕਹਾਣੀ ਦਾ ਮੁੱਢ ਦੁਨੀਆ ਦੀ ਸਭ ਤੋਂ ਵੱਡੀ ਬਸਤੀਵਾਦੀ ਤਾਕਤ ਇੰਗਲੈਂਡ ਨੇ 1918 ਵਿਚ ਬੰਨ੍ਹਿਆ ਸੀ ਜਦੋਂ ਇਸ ਦੇ ਵਿਦੇਸ਼ ਮੰਤਰੀ ਆਰਥਰ ਬੈਲਫੋਰ ਨੇ ਯੂਰੋਪ ਵਿਚ ਜਬਰ ਸਹਿ ਰਹੇ ਯਹੂਦੀਆਂ ਨੂੰ ਇਜ਼ਰਾਈਲ ਵਿਚ ਵਸਾਉਣ ਦੀ ਤਜਵੀਜ਼ ਦੁਨੀਆ ਦੇ ਸਾਹਮਣੇ ਰੱਖੀ। ਯੂਰੋਪ ਦੇ ਵੱਖ ਵੱਖ ਦੇਸ਼ਾਂ ਵਿਚ ਯਹੂਦੀਆਂ ’ਤੇ ਜ਼ੁਲਮ ਹੋਏ ਅਤੇ 1930-40ਵਿਆਂ ਵਿਚ ਜਰਮਨੀ, ਪੋਲੈਂਡ ਦੇ ਯੂਰੋਪ ਦੇ ਹੋਰ ਦੇਸ਼ਾਂ ਵਿਚ ਨਾਜ਼ੀਆਂ ਦੁਆਰਾ ਕੀਤੀ ਗਈ ਨਸਲਕੁਸ਼ੀ ਦੌਰਾਨ ਇਹ ਜ਼ੁਲਮ ਸਿਖਰ ’ਤੇ ਪਹੁੰਚੇ। ਦੁਖਾਂਤਕ ਵਿਰੋਧਾਭਾਸ ਇਹ ਹੈ ਕਿ ਉੱਜੜੇ ਹੋਏ ਯਹੂਦੀ ਇੰਗਲੈਂਡ, ਅਮਰੀਕਾ ਅਤੇ ਹੋਰ ਯੂਰੋਪੀਅਨ ਦੇਸ਼ਾਂ ਦੀ ਸਹਾਇਤਾ ਨਾਲ ਫਲਸਤੀਨ ਵਿਚ ਵੱਸੇ ਅਤੇ ਉਨ੍ਹਾਂ ਨੇ ਫਲਸਤੀਨੀਆਂ ਨੂੰ ਉਜਾੜਿਆ। ਲੱਖਾਂ ਫਲਸਤੀਨੀ ਕਤਲ ਹੋਏ ਅਤੇ ਲੱਖਾਂ ਬੇਘਰ। ਬੇਘਰ ਹੋਏ ਫਲਸਤੀਨੀਆਂ ਨੂੰ ਗਾਜ਼ਾ ਤੇ ਪੱਛਮੀ ਬੈਂਕ ਦੇ ਇਲਾਕਿਆਂ ਤੱਕ ਸੀਮਤ ਕਰ ਦਿੱਤਾ ਗਿਆ। ਗਾਜ਼ਾ ਦੀ ਸਥਿਤੀ ਅਤਿਅੰਤ ਗ਼ਭੀਰ ਹੈ; ਉੱਤਰ ਤੇ ਪੂਰਬ ਵਿਚ ਇਸ ਦੁਆਲੇ ਇਜ਼ਰਾਈਲ ਨੇ ਲੋਹ-ਦੀਵਾਰ ਬਣਾਈ ਹੈ ਅਤੇ ਦੱਖਣ ਵਿਚ ਮਿਸਰ ਨੇ; ਪੱਛਮ ਵਿਚ ਭੂਮੱਧ ਸਾਗਰ ਹੈ। 356 ਵਰਗ ਕਿਲੋਮੀਟਰ ਦੇ ਇਸ ਇਲਾਕੇ ਵਿਚ 23 ਲੱਖ ਫਲਸਤੀਨੀ ਪਾਣੀ, ਬਿਜਲੀ, ਦਵਾਈਆਂ, ਅਨਾਜ ਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਤੋਂ ਮੁਥਾਜ ਹਨ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਤਰੀ ਗਾਜ਼ਾ ਖਾਲੀ ਕਰ ਦੇਣ। 6 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ।
ਅਮਰੀਕਾ ਤੇ ਪੱਛਮੀ ਯੂਰੋਪ ਦੇ ਦੇਸ਼ਾਂ ਦੇ ਟੀਵੀ ਚੈਨਲਾਂ ਦੀ ਵੱਡੀ ਗਿਣਤੀ ਇਜ਼ਰਾਈਲ ਪੱਖੀ ਬਿਰਤਾਂਤ ਬੁਣਨ ’ਚ ਰੁਝੇ ਹਨ। ਹਮਾਸ ਦੀ 7 ਅਕਤੂਬਰ ਦੀ ਦਹਿਸ਼ਤਗਰਦ ਕਾਰਵਾਈ ਅਤੇ ਇਸ ਤੋਂ ਪੀੜਤ ਲੋਕਾਂ ਨੂੰ ਲਗਾਤਾਰ ਦਿਖਾਇਆ ਜਾ ਰਿਹਾ ਹੈ; ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਤੋਂ ਪ੍ਰਭਾਵਿਤ ਫਲਸਤੀਨੀਆਂ ਦਾ ਜ਼ਿਕਰ ਨਾ-ਮਾਤਰ ਹੈ; ਇਹ ਇਕਪਾਸੜ ਬਿਰਤਾਂਤ ਅਣਮਨੁੱਖੀ ਹੈ; ਇਹ (ਬਿਰਤਾਂਤ) ਫਲਸਤੀਨੀ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਹੋਰ ਲੋਕਾਂ ’ਤੇ ਹੋ ਰਹੇ ਜ਼ੁਲਮਾਂ ਬਾਰੇ ਚੁੱਪ ਹੈ; ਜ਼ੁਲਮ ਸਹਿ ਰਹੇ ਲੱਖਾਂ ਫਲਸਤੀਨੀ ਇਸ ’ਚੋਂ ਗ਼ੈਰ-ਹਾਜ਼ਰ ਹਨ। ਭਾਰਤ ਦੇ ਮੀਡੀਆ ਦੇ ਵੱਡੇ ਹਿੱਸੇ ਦਾ ਵੀ ਇਹੀ ਹਾਲ ਹੈ। ਇਉਂ ਲੱਗਦਾ ਹੈ ਜਿਵੇਂ ਨੈਤਿਕਤਾ ’ਤੇ ਆਧਾਰਿਤ ਸਿਆਸਤ ਖ਼ਤਮ ਹੋ ਚੁੱਕੀ ਹੋਵੇ। ਗਾਜ਼ਾ ਦੇ ਲੋਕ ਲਗਾਤਾਰ ਉਜਾੜੇ ਤੇ ਜਬਰ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਹਾਲਾਤ ਵਿਚ ਮਨੁੱਖਤਾ ਦੀ ਆਵਾਜ਼ ਗੂੰਜਣੀ ਚਾਹੀਦੀ ਹੈ। ਅਲ-ਆਹਲੀ ਹਸਪਤਾਲ ਵਿਚ ਹੋਈ ਤਬਾਹੀ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਨੂੰ ਫਲਸਤੀਨ ਨੂੰ ਨਿਆਂ ਦਿਵਾਉਣ ਲਈ ਆਵਾਜ਼ ਉਠਾਉਣ ਲਈ ਵੰਗਾਰਦੀ ਹੈ।

Advertisement

Advertisement