ਬੰਦ ਅਲਮਾਰੀਆਂ ਅਤੇ ਖੁੱਲ੍ਹੀ ਕਿਤਾਬ
ਗੁਰਦੀਪ ਢੁੱਡੀ
ਮੇਰੀ ਉਮਰ ਅਜੇ 19 ਸਾਲ ਦੀ ਹੋਈ ਸੀ ਤਾਂ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਗਿੱਦੜਬਾਹਾ ਦੇ ਲੜਕਿਆਂ ਦੇ ਸਰਕਾਰੀ ਹਾਈ ਸਕੂਲ ਵਿਚ ਹੋ ਗਈ। ਉਸ ਸਮੇਂ ਸਿੱਖਿਆ ਵਿਚ ਸਿਆਸੀ ਘੁਸਪੈਠ ਸ਼ੁਰੂ ਤਾਂ ਹੋ ਗਈ ਸੀ ਪ੍ਰੰਤੂ ਅਜੇ ਇਸ ਨੇ ਵਿਭਾਗ ਨੂੰ ਆਪਣੇ ਕਲਾਵੇ ਵਿਚ ਪੂਰੀ ਤਰ੍ਹਾਂ ਨਹੀਂ ਲਿਆ ਸੀ। ਇਸੇ ਤਰ੍ਹਾਂ ਸਿੱਖਿਆ ਦਾ ਨਿੱਜੀਕਰਨ ਅਜੇ ਮੁਢਲੇ ਪੜਾਅ ਵਿਚ ਹੀ ਸੀ। ਇਸ ਕਰਕੇ ਵਿਦਿਆ ਨਾ ਤਾਂ ਵਪਾਰ ਬਣੀ ਸੀ ਅਤੇ ਨਾ ਹੀ ਸਰਕਾਰੀ ਸਕੂਲਾਂ ਨੂੰ ਸਰਦੇ ਘਰ ਕੇਵਲ ਗ਼ਰੀਬਾਂ ਦੇ ਸਕੂਲ ਸਮਝਦੇ ਸਨ। ਸਕੂਲਾਂ ਵਿਚ ਪੜ੍ਹਾਈ ਦਾ ਵੀ ਪੂਰਾ ਮਹੌਲ ਸੀ ਅਤੇ ਇੱਥੇ ਵਿਦਿਅਕ ਮਿਆਰ ਵੀ ਬਰਕਰਾਰ ਸੀ। ਮੇਰੀ ਨਿਯੁਕਤੀ ਵਾਲਾ ਸਕੂਲ ਸ਼ਹਿਰੀ ਸਕੂਲ ਸੀ। ਇੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ ਬਹੁਤ ਜਿਆਦਾ ਸੀ। ਇੱਥੇ ਤਾਇਨਾਤ ਬਹੁਗਿਣਤੀ ਅਧਿਆਪਕ ਕੁੱਝ ਵਡੇਰੀ ਉਮਰ ਦੇ ਹੋਣ ਦੇ ਬਾਵਜੂਦ ਬਣ-ਠਣ ਕੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਵਿਚੋਂ ਕੁੱਝ ਕੁੱਝ ਨਫ਼ੇ-ਨੁਕਸਾਨ ਦੀ ਬੂ ਆਉਂਦੀ ਹੋਣ ਕਰਕੇ ਮੈਂ ਜਿਆਦਾ ਸਹਿਜ ਮਹਿਸੂਸ ਨਹੀਂ ਕਰਿਆ ਕਰਦਾ ਸਾਂ। ਪਹਿਲੀ ਵਾਰੀ ਸ਼ਹਿਰ ਵਿਚ ਰਹਿਣ ਦੀ ਮੁਸ਼ਕਲ ਮੈਂ ਹੱਲ ਕਰ ਲਈ ਸੀ। ਸਵੇਰੇ ਸ਼ਾਮ ਵਿਹਲ ਮਿਲਣ ਤੇ ਕਿਰਾਏ ਵਾਲੇ ਕਮਰੇ ਨੂੰ ਜਿੰਦਰਾ ਮਾਰ ਕੇ ਬਾਹਰ ਨੂੰ ਨਿਕਲ ਜਾਣਾ। ਥੋੜ੍ਹੀ ਵਾਟ ਜਾਣ ਤੇ ਖ਼ੇਤ ਆ ਜਾਇਆ ਕਰਦੇ ਸਨ ਅਤੇ ਮੈਂ ਆਪਣਾ ਵਿਹਲਾ ਸਮਾਂ ਪੂਰਾ ਕਰ ਆਇਆ ਕਰਦਾ ਸੀ। ਰਾਤ ਨੂੰ ਪੜ੍ਹ ਲੈਣਾ ਜਾਂ ਫਿਰ ਦੋ ਤਰ੍ਹਾਂ ਦਾ ਕੱਚਾ ਪਿੱਲਾ ਲਿਖ ਕੇ ਸਮਾਂ ਲੰਘਾ ਲੈਂਦਾ ਸੀ। ਸਕੂਲ ਸਮੇਂ ਦੀ ਕੁੱਝ ਮੁਸ਼ਕਲ ਥੋੜ੍ਹੇ ਜਿਹੀ ਕੋੋਸ਼ਿਸ਼ ਨਾਲ ਹੱਲ ਹੋ ਗਈ। ਸਕੂਲ ਵਿਚ ਵੱਡੀ ਲਾਇਬਰੇਰੀ ਸੀ ਅਤੇ ਇੱਥੇ ਨੌਜਵਾਨ ਲੜਕੀ ਲਾਇਬਰੇਰੀਅਨ ਵਜੋਂ ਤਾਇਨਾਤ ਸੀ। ਜਦੋਂ ਮੈਨੂੰ ਸਕੂਲ ਵਿਚ ਲਾਇਬਰੇਰੀ ਦਾ ਪਤਾ ਲੱਗਿਆ ਤਾਂ ਮੇਰੇ ਵਾਸਤੇ ਜਿਵੇਂ ਹਨੇਰੇ ਵਿਚ ਚਾਨਣ ਦੀ ਲੀਕ ਦਿਸ ਪਈ ਹੋਵੇ।
ਲਾਇਬਰੇਰੀ ਵਿਚ ਅਖ਼ਬਾਰ ਵੀ ਆਉਂਦੇ ਸਨ ਅਤੇ ਇੱਥੇ ਬਹੁਤ ਸਾਰੀਆਂ ਪੁਸਤਕਾਂ ਵੀ ਸਨ, ਜਿਹੜੀਆਂ ਕੇਵਲ ਅਲਮਾਰੀਆਂ ਦਾ ਸ਼ਿੰਗਾਰ ਹੀ ਬਣੀਆਂ ਰਹਿੰਦੀਆਂ ਸਨ। ਮੇਰੇ ਵਾਸਤੇ ਸਕੂਨ ਵਾਲੀ ਗੱਲ ਇਹ ਸੀ ਕਿ ਲਾਇਬਰੇਰੀਅਨ ਲੜਕੀ ਨੇ ਮੈਨੂੰ ਪੂਰੀ ਖੁਸ਼ੀ ਨਾਲ ਜੀ ਆਇਆਂ ਆਖਿਆ। ਉਸ ਨੇ ਆਪਣੇ ਨੇੜਲੇ ਮੇਜ਼ ਕੁਰਸੀ ਤੇ ਬੈਠਣ ਦਾ ਸੱਦਾ ਦਿੱਤਾ ਅਤੇ ਉਹ ਅਕਸਰ ਹੀ ਦੋ ਕੱਪ ਚਾਹ ਦੇ ਵੀ ਮੰਗਵਾ ਲੈਂਦੀ। ਮੈਂ ਪੜ੍ਹਦਾ ਰਹਿੰਦਾ ਅਤੇ ਵਿਚ ਵਿਚ ਉਸ ਦੁਆਰਾ ਮੇਰੇ ਨਾਲ ਗੱਲ ਕਰਨ ’ਤੇ ਮੈਂ ਵੀ ਗੱਲੀਂ ਲੱਗ ਜਾਂਦਾ। ਵਿਹਲੇ ਪੀਰੀਅਡ ਜਾਂ ਫਿਰ ਅੱਧੀ ਛੁੱਟੀ ਵੇਲੇ ਮੇਰਾ ਲਾਇਬਰੇਰੀ ਵਿਚ ਜਾਣਾ ਆਮ ਹੋ ਗਿਆ। ਮੈਂ ਪਿੰਡ ਵਿਚ ਜੰਮਿਆ ਪਲ਼ਿਆ ਅਤੇ ਪਿੰਡ ਵਿਚ ਹੀ ਪੜ੍ਹਿਆ ਸਾਂ ਅਤੇ ਉੱਤੋਂ ਸੁਭਾਅ ਦਾ ਸੰਗਾਲ਼ੂ ਅਤੇ ਆਤਮ-ਵਿਸ਼ਵਾਸ਼ ਦੀ ਕੁੱਝ ਘਾਟ ਹੋਣ ਕਰਕੇ ਲਾਇਬਰੇਰੀਅਨ ਨਾਲ ਖੁੱਲ੍ਹ ਕੇ ਗੱਲ ਨਾ ਕਰਦਾ। ਅਸਲ ਵਿਚ ਬਾਕੀ ਅਧਿਆਪਕਾਂ ਨਾਲ ਵੀ ਸਾਹਬ-ਸਲਾਮ ਤੋਂ ਅੱਗੇ ਕੋਈ ਗੱਲ ਨਹੀਂ ਕਰਦਾ ਸਾਂ। ‘’ਕਿਵੇਂ ਬਈ ਨੌਜਵਾਨ, ਅੱਜ ਕੱਲ੍ਹ ਲਾਇਬਰੇਰੀ ਵਿਚ ਬੜੇ ਗੇੜੇ ਲੱਗਦੇ ਹਨ।’’ ਇਕ ਦਿਨ ਮਾਸਟਰ ਮਹਿੰਦਰ ਸਿੰਘ ਨੇ ਮੈਨੂੰ ਲਾਇਬਰੇਰੀ ਵਿਚੋਂ ਬਾਹਰ ਆਉਂਦੇ ਨੂੰ ਆਖਿਆ। ਉਸ ਦੇ ਮੂੰਹ ਤੇ ਚੇਚਕ ਦੇ ਦਾਗ ਸ਼ਰਾਰਤਾਂ ਕਰ ਰਹੇ ਜਾਪਦੇ ਸਨ।
‘’ਤੇਰਾ ਕੀ ਢਿੱਡ ਦੁਖ਼ਦਾ ਯਾਰ, ਨਾਲੇ ਮੁੰਡੇ ਦਾ ਜੀਅ ਲੱਗਿਆ ਰਹਿੰਦਾ ਨਾਲੇ ਲਾਇਬਰੇਰੀਅਨ ਖੁਸ਼ ਵੇਖੀਦੀ ਆ।’’ ਮਹਿੰਦਰ ਸਿੰਘ ਦੇ ਨਾਲ ਜਾਂਦੇ ਰੋਸ਼ਨ ਲਾਲ ਦੇ ਉਸ ਤੋਂ ਵੀ ਅਗਲੇਰੀ ਗੱਲ ਕਰਦੇ ਦੇ ਸਿਰ ਦੇ ਗੰਜ ਵਿਚ ਵਧੇਰੇ ਚਮਕ ਆ ਗਈ ਸੀ।
‘’ਬਚ ਕੇ ਰਹੀਂ ਕਾਕਾ, ਅਜੇ ਤੇਰੀ ਪਹਿਲੀ ਨਿਯੁਕਤੀ ਆ। ਵੇਖੀਂ ਕਿਤੇ !’’ ਮਹਿੰਦਰ ਸਿੰਘ ਨੇ ਗੁੱਝੀ ਮੁਸ਼ਕੜੀ ਵਾਲੇ ਮੂੰਹ ਨਾਲ ਆਖਿਆ। ਉਸ ਦੇ ਉਪਰਲੇ ਬੁੱਲ੍ਹ ਨਾਲ ਬਿਗਾਨਿਆਂ ਵਾਂਗ ਚਿਪਕੀਆਂ ਮੁੱਛਾਂ ਦੇ ਵਾਲ ਵੀ ਨਾਚ ਕਰ ਰਹੇ ਸਨ।
ਮੈਂ ਉਨ੍ਹਾਂ ਦੀਆਂ ਗੁੱਝੀਆਂ ਰਮਝਾਂ ਨੂੰ ਅੱਧ-ਪਚੱਧ ਹੀ ਜਾਣ ਸਕਿਆ। ਉਂਜ ਮੇਰੇ ਅੰਦਰ ਹਿੱਲ-ਜੁੱਲ ਜਿਹੀ ਮੈਂ ਮਹਿਸੂਸ ਕੀਤੀ। ਉਸ ਦਿਨ ਰਾਤ ਨੂੰ ਨਾ ਤਾਂ ਮੈਂ ਪੜ੍ਹ ਸਕਿਆ ਅਤੇ ਨਾ ਹੀ ਲਿਖ ਸਕਿਆ। ਮੇਰੇ ਅੰਦਰ ਮਹਿੰਦਰ ਸਿੰਘ ਅਤੇ ਰੋਸ਼ਨ ਲਾਲ ਦੀਆਂ ਗੱਲਾਂ ਖ਼ੌਰੂ ਪਾਉਂਦੀਆਂ ਰਹੀਆਂ। ਅਗਲੇ ਦੋ ਕੁ ਦਿਨ ਮੈਂ ਸਚੇਤ ਰੂਪ ਵਿਚ ਲਾਇਬਰੇਰੀ ਨਾ ਗਿਆ। ਆਪਣੇ ਅੰਦਰ ਮੈਂ ਖ਼ਲਾਅ ਜਿਹਾ ਮਹਿਸੂਸ ਕੀਤਾ। ਵਿਹਲੇ ਪੀਰੀਅਡ ਵਿਚ ਮੈਂ ਇਕੱਲਾ ਬੈਠਾ ਸਾਂ ਕਿ ਮੈਨੂੰ ਇਕ ਲੜਕੇ ਨੇ ‘ਮਾਸਟਰ ਜੀ, ਥੋਨੂੰ ਲਾਇਬਰੇਰੀ ਵਾਲੇ ਭੈਣ ਜੀ ਨੇ ਬੁਲਾਇਆ ਹੈ’ ਦਾ ਸੁਨੇਹਾ ਦਿੱਤਾ। ਮੈਂ ਉੱਠ ਕੇ ਲਾਇਬਰੇਰੀ ਵਿਚ ਚਲਾ ਗਿਆ। ਲਾਇਬਰੇਰੀਅਨ ਨੇ ਦੋ ਕੱਪ ਚਾਹ ਦੇ ਪਹਿਲਾਂ ਹੀ ਮੰਗਵਾ ਲਏ ਸਨ। ‘’ਕਿਵੇਂ ਦੋ ਦਿਨ ਹੋ ਗਏ ਤੁਸੀਂ ਆਏ ਨ੍ਹੀਂ, ਲਾਇਬਰੇਰੀ!’’ ਚਾਹ ਦਾ ਇਕ ਕੱਪ ਮੇਰੇ ਅੱਗੇ ਕਰਦਿਆਂ ਉਸ ਨੇ ਮੈਨੂੰ ਪੁੱਛਿਆ। ‘’ਲੱਗਦੈ, ਥੋਨੂੰ ਕਿਸੇ ਨੇ ਕੁੱਝ ਕਹਿ ਦਿੱਤਾ ਹੈ?’’ ਮੇਰੇ ਚਿਹਰੇ ਤੇ ਗੱਡੀਆਂ ਉਸ ਦੀਆਂ ਅੱਖਾਂ ਡੂੰਘੇ ਸੁਆਲਾਂ ਵਾਲਾ ਪ੍ਰਸ਼ਨ ਪੱਤਰ ਬਣੀਆਂ ਹੋਈਆਂ ਸਨ।
‘’ਨਹੀਂ , ਨਹੀਂ ਅਜਿਹੀ ਕੋਈ ਗੱਲ ਨ੍ਹੀਂ।’’ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ, ਮੈਂ ਕੀ ਕਹਾਂ।
‘’ਤੁਸੀਂ ਇਨ੍ਹਾਂ ਨੂੰ ਜਾਣਦੇ ਨ੍ਹੀਂ। ਇਹ ਅਧਿਆਪਕਾਂ ਦੇ ਨਾਮ ’ਤੇ ਕਲੰਕ ਹਨ। ਇਹ ਸਕੂਲ ‘ਚ ਪੜ੍ਹਾਉਂਦੇ ਨ੍ਹੀਂ ਤੇ ਘਰੇ ਟਿਊਸ਼ਨਾਂ ਤੋਂ ਇਨ੍ਹਾਂ ਨੂੰ ਵਿਹਲ ਨ੍ਹੀਂ ਮਿਲਦੀ। ਕਿਸੇ ਦੀ ਖੁਸ਼ੀ ਇਹ ਬਰਦਾਸ਼ਤ ਨ੍ਹੀਂ ਕਰ ਸਕਦੇ ਤੇ ਆਪ ਇਨ੍ਹਾਂ ਦਾ ਬੁਰਾ ਹਾਲ ਹੈ। ਆਨੇ-ਬਹਾਨੇ ਹੈੱਡਮਾਸਟਰ ਅੱਗੇ ਇਹ ਝਾੜੂ ਮਾਰਦੇ ਹਨ। ਤੁਸੀਂ ਆਇਆ ਕਰੋ, ਇੱਥੇ ਪੜਿ੍ਹਆ ਕਰੋ। ਕਿਸੇ ਦੀ ਪਰਵਾਹ ਨ੍ਹੀਂ ਕਰੀਦੀ।’’ ਉਸ ਨੇ ਭਾਵੇਂ ਥੋੜ੍ਹਾ ਕੁੱਝ ਹੀ ਆਖਿਆ ਸੀ ਪ੍ਰੰਤੂ ਇਸ ਵਿਚ ਬੜਾ ਕੁੱਝ ਲੁਕਿਆ ਹੋਇਆ ਸੀ। ‘’ਇਨ੍ਹਾਂ ਦੀ ਮਾਨਸਿਕਤਾ ਏਨੀ ਸੁੰਗੜੀ ਹੋਈ ਹੈ ਕਿ ਇਹ ਤਾਂ ਬੱਚਿਆਂ ਦੇ ਨਾਮ ਦੀ ਥਾਂ ਕਈ ਵਾਰੀ ਜਾਤ ਦਾ ਨਾਮ ਲੈ ਕੇ ਬੋਲਦੇ ਹੋਇਆਂ ਨੂੰ ਮੈਂ ਸੁਣਿਆ ਹੈ।’’ਕਹਿੰਦੀ ਹੋਈ ਉਹ ਖੁੱਲ੍ਹੀ ਹੋਈ ਕਿਤਾਬ ਹੀ ਜਾਪਦੀ ਸੀ।
ਸੰਪਰਕ: 95010-20731