For the best experience, open
https://m.punjabitribuneonline.com
on your mobile browser.
Advertisement

ਨੇੜਿਉਂ ਤੱਕੇ ਨਸ਼ੱਈ

06:57 AM Feb 04, 2024 IST
ਨੇੜਿਉਂ ਤੱਕੇ ਨਸ਼ੱਈ
Advertisement

ਮੋਹਨ ਸ਼ਰਮਾ

Advertisement

ਪੰਜਾਬ ਦਾ ਦੁਖਾਂਤਮਈ ਪੱਖ ਹੈ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਜਿਮੀਂਦਾਰ, ਸਨਅਤਕਾਰ, ਵਿਉਪਾਰੀ, ਨੌਕਰੀਪੇਸ਼ਾ ਅਤੇ ਮਜ਼ਦੂਰ ਵਰਗ ਨਾਲ ਸਬੰਧਿਤ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸੈਂਕੜੇ ਵਿੱਘੇ ਜ਼ਮੀਨ ਦੇ ਮਾਲਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਲੜਕੀਆਂ ਜਵਾਨੀ ਦੀ ਦਹਿਲੀਜ਼ ਪਾਰ ਕਰ ਚੁੱਕੀਆਂ ਹਨ ਪਰ ਨਸ਼ੱਈਆਂ ਨੂੰ ਸਿਰਫ਼ ਅਤੇ ਸਿਰਫ਼ ਆਪਣੇ ਨਸ਼ੇ ਦੇ ਫ਼ਿਕਰ ਤੋਂ ਬਿਨਾਂ ਪਰਿਵਾਰਕ ਜ਼ਿੰਮੇਵਾਰੀਆਂ ਦੀ ਕੋਈ ਪਰਵਾਹ ਨਹੀਂ ਅਤੇ ਇਸੇ ਕਾਰਨ ਧੀਆਂ ਡੋਲੀ ਵਿੱਚ ਬੈਠਣ ਲਈ ਤਰਸ ਰਹੀਆਂ ਹਨ। ਜੇ ਚਾਚੇ-ਤਾਏ ਜਾਂ ਨਾਨਕਾ ਪਰਿਵਾਰ ਲੜਕੀ ਲਈ ਯੋਗ ਵਰ ਦੀ ਤਲਾਸ਼ ਕਰਦੇ ਹਨ ਤਾਂ ਅਗਾਂਹ ਨਸ਼ੱਈ ਬਾਪ ਦਾ ਪਤਾ ਲੱਗ ਜਾਣ ਕਾਰਨ ਲੜਕੇ ਵਾਲੇ ਹੱਥ ਖਿੱਚ ਲੈਂਦੇ ਹਨ। ਅਜਿਹੀ ਸਥਿਤੀ ਪੰਜਾਬ ਦੇ ਗੱਭਰੂਆਂ ਦੀ ਵੀ ਹੈ। ਨਸ਼ਿਆਂ ਕਾਰਨ ਕੰਗਾਲ ਹੋਏ ਪਰਿਵਾਰ ਦੀ ਨਾ ਕੋਈ ਧੀ ਲੈਣ ਲਈ ਤਿਆਰ ਹੁੰਦਾ ਹੈ ਅਤੇ ਨਾ ਹੀ ਮੁੰਡੇ ਨੂੰ ਰਿਸ਼ਤਾ ਕਰਨ ਲਈ ਕੋਈ ਬਹੁੜਦਾ ਹੈ। ਮਾਂ ਦੀਆਂ ਸਿਸਕੀਆਂ, ਰਿਸ਼ਤੇਦਾਰਾਂ ਅਤੇ ਮੇਲ-ਗੇਲ ਵਾਲਿਆਂ ਦੇ ਕੀਤੇ ਤਰਲੇ ਵੀ ਕੋਈ ਅਸਰ ਨਹੀਂ ਕਰਦੇ। ਨਸ਼ਾ ਛੁਡਾਊ ਕੇਂਦਰ ਦਾ ਨਿਰਦੇਸ਼ਕ ਹੁੰਦਿਆਂ ਅਨੇਕਾਂ ਹਿਰਦੇਵੇਧਕ ਕਹਾਣੀਆਂ ਸਾਹਮਣੇ ਆਈਆਂ ਹਨ।
ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦਾ 45 ਕੁ ਸਾਲ ਦਾ ਨਸ਼ੱਈ ਆਪਣੇ ਇਲਾਜ ਲਈ ਆਇਆ। ਕਾਉਂਸਲਿੰਗ ਉਪਰੰਤ ਪਤਾ ਲੱਗਿਆ ਕਿ ਉਹ ਮੈਡੀਕਲ ਨਸ਼ੇ ਦੇ ਨਾਲ ਨਾਲ ਚਿੱਟੇ ਦੀ ਵਰਤੋਂ ਵੀ ਕਰਦਾ ਸੀ। ਨਸ਼ਿਆਂ ਕਾਰਨ ਉਹ ਆਪਣੇ ਛੇ ਕਿੱਲੇ ਜ਼ਮੀਨ ਗਹਿਣੇ ਕਰ ਚੁੱਕਿਆ ਸੀ। ਬਾਕੀ ਬਚਦੇ ਦੋ ਕਿੱਲੇ ਪਤਨੀ ਨੇ ਰੌਲਾ ਪਾ ਕੇ ਆਪਣੇ ਨਾਂ ਕਰਵਾ ਲਏ। ਹੁਣ ਵਿਚਾਰੀ ਪਤਨੀ ਘਰ ਦੋ ਮੱਝਾਂ ਰੱਖ ਕੇ ਦੋਧੀ ਨੂੰ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਇੱਕ ਦਿਨ ਕਿਸੇ ਜ਼ਰੂਰੀ ਕੰਮ ਉਸ ਔਰਤ ਨੂੰ ਪੇਕੀਂ ਜਾਣਾ ਪੈ ਗਿਆ। ਇਸ ਨੂੰ ਸੁਨਹਿਰੀ ਮੌਕਾ ਸਮਝ ਕੇ ਨਸ਼ੱਈ ਨੇ ਦੋਵੇਂ ਮੱਝਾਂ ਵੇਚ ਦਿੱਤੀਆਂ ਅਤੇ ਨਸ਼ਿਆਂ ਕਾਰਨ ਚੜ੍ਹਿਆ ਕਰਜ਼ਾ ਉਤਾਰ ਕੇ ਬਾਕੀ ਬਚੇ ਪੈਸਿਆਂ ਨਾਲ ਕੁਝ ਦਿਨਾਂ ਦਾ ‘ਸਟਾਕ’ ਇੱਕਠਾ ਕਰ ਲਿਆ। ਪਤਨੀ ਦੇ ਵਾਪਸ ਆਉਣ ’ਤੇ ਖਾਲੀ ਕਿੱਲੇ ਵੇਖ ਕੇ ਉਸ ਦਾ ਤ੍ਰਾਹ ਨਿਕਲ ਗਿਆ ਅਤੇ ਉਹ ਦੁਹੱਥੜ ਮਾਰ ਕੇ ਕਹਿ ਰਹੀ ਸੀ, “ਕਿਹੜੇ ਜਨਮ ਦਾ ਵੈਰ ਕੱਢ ਰਿਹੈਂ ਤੂੰ ਸਾਡੇ ਨਾਲ? ਜਵਾਕਾਂ ਨੂੰ ਜਿਹੜੇ ਚਾਰ ਛਿੱਲੜ ਜੋੜ ਕੇ ਮੈਂ ਰੋਟੀ ਖਵਾਉਂਦੀ ਸੀ, ਤੈਂ ਤਾਂ ਉਹਤੇ ਵੀ ਡਾਕਾ ਮਾਰਤਾ। ਦਿਨ ਰਾਤ ਮੈਂ ਤੇ ਜਵਾਕ ਡੰਗਰਾਂ ਦਾ ਗੋਹਾ ਕੂੜਾ ਕਰਦੇ ਸੀ। ਖੇਤੋਂ ਪੱਠੇ ਮੈਂ ਲਿਆਉਂਦੀ, ਫਿਰ ਕਿਤੇ...। ਤੂੰ ਕੁਝ ਕਰਨ ਦੀ ਥਾਂ ਸਾਡੇ ਢਿੱਡ ’ਚ ਲੱਤ ਕਿਉਂ ਮਾਰੀ?”
ਉਹੀ ਔਰਤ ਆਪਣੇ ਪਤੀ ਦਾ ਇਲਾਜ ਕਰਵਾਉਣ ਵੇਲੇ ਤਰਲੇ ਨਾਲ ਕਹਿ ਰਹੀ ਸੀ, “ਹਾੜਾ ਜੀ! ਮੈਂ ਥੋਡੇ ਮੂਹਰੇ ਹੱਥ ਬੰਨ੍ਹਦੀ ਹਾਂ ਇਸ ਨੂੰ ਠੀਕ ਕਰ ਦਿਉ। ਇਲਾਜ ਸਮੇਂ ਜੇ ਇਹ ਮਰ ਵੀ ਜਾਵੇ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਇਹਨੂੰ ਇੱਥੇ ਹੀ ਸਿਵਿਆਂ ’ਚ ਫੂਕ ਦਿਉ। ਲੱਕੜਾਂ ਦੇ ਪੈਸੇ ਮੈਂ ਦੇ ਦੂੰ।” ਉਸ ਔਰਤ ਦੇ ਖ਼ੂਨ ਦੇ ਅੱਥਰੂ ਥੰਮਣ ਵਿੱਚ ਨਹੀਂ ਸਨ ਆ ਰਹੇ।
ਨਾਭੇ ਤੋਂ ਬਜ਼ੁਰਗ ਪਤੀ ਪਤਨੀ ਆਪਣੇ ਵੀਹ ਸਾਲ ਦੇ ਪੁੱਤ ਨੂੰ ਲੈ ਕੇ ਆ ਗਏ। ਪੁੱਤ ਨੇ ਜਿੱਥੇ ਨਸ਼ਿਆਂ ਕਾਰਨ ਆਪਣਾ ਸਰੀਰ ਬਰਬਾਦ ਕਰ ਲਿਆ ਸੀ, ਉੱਥੇ ਹੀ ਮਾਂ-ਬਾਪ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ। ਔਰਤ ਨੇ ਆਪਣੇ ਪਤੀ ਦੀ ਹਾਜ਼ਰੀ ਵਿੱਚ ਆਪਣੀ ਦੁੱਖ ਭਰੀ ਕਹਾਣੀ ਦੱਸਦਿਆਂ ਕਿਹਾ, “ਇਸ ਮੁੰਡੇ ਨੇ ਤਿਣਕਾ-ਤਿਣਕਾ ਕਰ ਕੇ ਜੋੜਿਆ ਘਰ ਬਰਬਾਦ ਕਰ ਦਿੱਤੈ। ਸਾਨੂੰ ਕਾਸੇ ਜੋਗਾ ਨਹੀਂ ਛੱਡਿਆ। ਇਹਦੇ ਕਾਰਨ ਕੋਈ ਰਿਸ਼ਤੇਦਾਰ ਵੀ ਘਰ ਨਹੀਂ ਆਉਂਦਾ।” ਕੁਝ ਰੁਕ ਕੇ ਉਸਨੇ ਆਪਣੀ ਹਟਕੋਰਿਆਂ ਭਰੀ ਆਵਾਜ਼ ਵਿੱਚ ਫਿਰ ਦੱਸਣਾ ਸੁਰੂ ਕੀਤਾ, “ਇਹਦੀ ਸੋਨੇ ਵਰਗੀ ਪਤਨੀ ਇਹਦੇ ਗ਼ਮ ਵਿੱਚ ਹੀ ਮਰ ਗਈ। ਬੜੀ ਸਿਆਣੀ ਅਤੇ ਸੁਚਾਰੂ ਨੂੰਹ ਸੀ। ਉਹਦੇ ਮਰਨ ਵੇਲੇ ਮੈਂ ਰੱਬ ਨੂੰ ਉਲਾਂਭਾ ਦੇ ਰਹੀ ਸੀ ਕਿ ਤੂੰ ਮੇਰੀ ਨੂੰਹ ਨੂੰ ਚੁੱਕਣ ਦੀ ਥਾਂ ਇਸ ... ਨੂੰ ਚੁੱਕ ਲੈਂਦਾ। ਮੈਨੂੰ ਭੋਰਾ ਗ਼ਮ ਨਾ ਹੁੰਦਾ। ਫਿਰ ਜੀ, ਇੱਕ ਦਿਨ ਇਹਦੇ ਦੁੱਖ ਕਾਰਨ ਮੈਨੂੰ ਹਾਰਟ ਅਟੈਕ ਹੋ ਗਿਆ। ਦੂਜੇ ਪੁੱਤ ਅਤੇ ਪਤੀ ਨੇ ਭੱਜ ਕੇ ਗੱਡੀ ਲਿਆਂਦੀ ਅਤੇ ਮੈਨੂੰ ਹਸਪਤਾਲ ਲੈ ਕੇ ਜਾਣ ਸਮੇਂ ਇਹ ਮੇਰੇ ਕੋਲ ਗੱਡੀ ਵਿੱਚ ਆ ਕੇ ਬੈਠ ਗਿਆ। ਹਸਪਤਾਲ ਦਾਖਲ ਹੋਣ ਸਮੇਂ ਪਤਾ ਚੱਲਿਆ ਕਿ ਇਹ ਜਦੋਂ ਮੈਨੂੰ ਹਾਰਟ ਅਟੈਕ ਵੇਲੇ ਮੇਰੇ ਕੋਲ ਗੱਡੀ ਵਿੱਚ ਥੋੜ੍ਹੀ ਦੇਰ ਲਈ ਬੈਠਾ ਸੀ, ਉਦੋਂ ਇਹ ਮੇਰਾ ਪਰਸ ਖਿਸਕਾ ਕੇ ਲੈ ਗਿਆ। ਮੇਰੇ ਇਲਾਜ ਲਈ ਵੀਹ ਹਜ਼ਾਰ ਰੁਪਿਆ ਮੇਰੇ ਪਤੀ ਨੇ ਇਸੇ ਪਰਸ ਵਿੱਚ ਪਾ ਦਿੱਤਾ ਸੀ।” ਬਜ਼ੁਰਗ ਔਰਤ ਅਤੇ ਉਸ ਦੇ ਪਤੀ ਦੀਆਂ ਅੱਖਾਂ ਵਿੱਚ ਅੱਥਰੂ ਸਨ।
ਇੱਕ ਵਿਅਕਤੀ ਗੱਡੀ ਵਿੱਚ ਆਪਣੇ ਨਸ਼ੱਈ ਪੁੱਤ ਨੂੰ ਲੈ ਕੇ ਆਇਆ। ਉਸ ਦੇ ਨਾਲ ਉਸਦੇ ਤਿੰਨ ਚਾਰ ਨਜ਼ਦੀਕੀ ਰਿਸ਼ਤੇਦਾਰ ਵੀ ਸਨ। ਵਿਅਕਤੀ ਨੇ ਇਕੱਲਿਆਂ ਮੇਰੇ ਨਾਲ ਗੱਲ ਕਰਨੀ ਚਾਹੀ। ਉਸ ਨੇ ਦੱਸਿਆ, ‘‘ਮੈਂ ਪਿੰਡ ਦਾ ਸਰਪੰਚ ਹਾਂ। ਆਲੇ-ਦੁਆਲੇ ਚੰਗੀ ਪੁੱਛ ਪ੍ਰਤੀਤ ਹੈ। ਪਿੰਡ ਦੇ ਲੋਕ ਇੱਜ਼ਤ ਵੀ ਕਰਦੇ ਨੇ। ਚਾਰ ਅਫ਼ਸਰਾਂ ਨਾਲ ਵੀ ਬੈਠਣ-ਉੱਠਣ ਐ ਪਰ ਮੇਰੇ ਨਸ਼ੱਈ ਮੁੰਡੇ ਨੇ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ। ਮੇਰੀ ਇੱਜ਼ਤ ਇਹਨੇ ਮਿੱਟੀ ਵਿੱਚ ਰੋਲ ਦਿੱਤੀ ਐ। ਕੰਮ ਦਾ ਡੱਕਾ ਨਹੀਂ ਤੋੜਦਾ। ਸ਼ਰਾਬ ਲਈ ਹਰ ਰੋਜ਼ ਪੈਸੇ ਮੰਗਦੈ। ਜੇ ਪੈਸੇ ਨਹੀਂ ਦਿੰਦਾ ਫਿਰ ਕੰਜਰਖਾਨਾ ਕਰਦੈ। ਜੇ ਪੈਸੇ ਦੇ ਦੇਵਾਂ ਤਾਂ ਫਿਰ ਦਾਰੂ ਪੀ ਕੇ ਬੇਇੱਜ਼ਤੀ ਕਰਨ ’ਚ ਕੋਈ ਕਸਰ ਨਹੀਂ ਛੱਡਦਾ।” ਫਿਰ ਉਸ ਨੇ ਬੇਵਸੀ ਦਾ ਬੁੱਤ ਬਣ ਕੇ ਰੋਣਹਾਕੀ ਅਵਾਜ਼ ਵਿੱਚ ਦੱਸਿਆ, “ਹੁਣ, ਥੋਡੇ ਕੋਲ ਕਾਹਦਾ ਲੁਕੋ ਐ। ਇਹਨੇ ਕਈ ਵਾਰ ਸ਼ਰਾਬ ਪੀ ਕੇ ਮੇਰੇ ਅਤੇ ਆਪਣੀ ਮਾਂ ’ਤੇ ਹੱਥ ਵੀ ਚੁੱਕਿਐ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਇਹਦੀ ਕਰਤੂਤ ਦਾ ਪਤੈ। ਬਾਹਰ ਦੀਆਂ ਸਲਾਮਾਂ ਨੂੰ ਮੈਂ ਕੀ ਚੱਟਾਂ? ਘਰੇ ਤਾਂ ਆਪਣੇ ਨਸ਼ੱਈ ਪੁੱਤ ਤੋਂ ਛਿੱਤਰ ਖਾਨਾਂ...।” ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਦਿਲਾਸਾ ਦਿੰਦਾ, ਉਹ ਨਿਰਾਸ਼ਾ ਦਾ ਬੁੱਤ ਬਣਿਆ ਆਪਣੀ ਪੱਗ ਨਾਲ ਅੱਥਰੂ ਪੂੰਝਦਾ ਹੋਇਆ, “ਮੈਂ ਠਹਿਰ ਕੇ ਆਉਣਾ” ਕਹਿ ਕੇ ਦਫ਼ਤਰ ਤੋਂ ਬਾਹਰ ਚਲਾ ਗਿਆ।
ਜ਼ਿਲ੍ਹਾ ਬਰਨਾਲਾ ਦੇ ਇੱਕ ਪਿੰਡ ਦਾ ਨਸ਼ੱਈ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਾਖ਼ਲ ਹੋਇਆ। ਕਾਉਂਸਲਿੰਗ ਦਰਮਿਆਨ ਇਹ ਗੱਲ ਸਪੱਸ਼ਟ ਹੋ ਗਈ ਕਿ ਉਹ ਰੋਡਵੇਜ਼ ਵਿੱਚ ਡਰਾਈਵਰ ਸੀ। ਜ਼ਿਆਦਾ ਨਸ਼ੇ ਦਾ ਆਦੀ ਹੋਣ ਕਾਰਨ ਡਿਊਟੀ ਸਮੇਂ ਕੁਤਾਹੀ ਕਰਦਾ ਰਿਹਾ ਜਿਸ ਕਾਰਨ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਨਸ਼ਿਆਂ ਦੀ ਆਦਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ। ਘਰ ਵਿੱਚ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ! ਪਰ ਉਸ ਨੂੰ ਆਪਣੀ ਕਬੀਲਦਾਰੀ ਦੇ ਫ਼ਿਕਰ ਦੀ ਥਾਂ ਸਿਰਫ਼ ਆਪਣੇ ਨਸ਼ਿਆਂ ਦਾ ਜੁਗਾੜ ਪੂਰਾ ਕਰਨ ਦੀ ਚਿੰਤਾ ਰਹਿੰਦੀ ਸੀ। ਘਰ ਵਿੱਚ ਰੋਜ਼ ਕਲੇਸ਼ ਰਹਿਣ ਲੱਗ ਪਿਆ। ਨਸ਼ਾ ਕਰ ਕੇ ਉਹ ਰੋਜ਼ ਪਤਨੀ ਦੀ ਕੁੱਟਮਾਰ ਕਰਦਾ। ਰਿਸ਼ਤੇਦਾਰਾਂ ਨੇ ਉਸ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਅਸਰ ਨਾ ਹੋਇਆ। ਪਤਨੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਭਰੇ ਮਨ ਨਾਲ ਪੇਕੀਂ ਆ ਬੈਠੀ। ਉਸ ਨੂੰ ਦਾਖਲ ਕਰਨ ਉਪਰੰਤ ਕਿਸੇ ਹੋਰ ਮਰੀਜ਼ ਰਾਹੀਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੀ ਪਤਨੀ ਨਾਲ ਇਸ ਗੱਲ ਤੋਂ ਸਖ਼ਤ ਨਰਾਜ਼ ਹੈ ਕਿ ਉਹ ਉਸ ਨੂੰ ਛੱਡ ਕੇ ਬੱਚਿਆਂ ਸਮੇਤ ਪੇਕੀਂ ਕਿਉਂ ਬੈਠੀ ਹੈ ਅਤੇ ਇਸ ਰੰਜਿਸ਼ ਦਾ ਬਦਲਾ ਉਹ ਆਪਣੀ ਪਤਨੀ ਨੂੰ ਕਤਲ ਕਰ ਕੇ ਲੈਣਾ ਚਾਹੁੰਦਾ ਹੈ। ਪਰ ਨਾਲ ਹੀ ਉਸ ਨੂੰ ਇਹ ਵੀ ਡਰ ਸੀ ਕਿ ਕਤਲ ਤੋਂ ਬਾਅਦ ਜੇਲ੍ਹ ਜਾਣ ਸਮੇਂ ਉਹ ਨਸ਼ਿਆਂ ਕਰਕੇ ਔਖਾ ਹੋਵੇਗਾ। ਇਸ ਕਰਕੇ ਹੀ ਉਹ ਆਪਣੀ ਸਕੀਮ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਹੀ ਪਹਿਲਾਂ ਨਸ਼ਾ ਛੱਡਣ ਲਈ ਦਾਖ਼ਲ ਹੋਇਆ ਤਾਂ ਜੋ ਜੇਲ੍ਹ ਵਿੱਚ ਕੋਈ ਔਕੜ ਨਾ ਆਵੇ। ਉਸ ਦੀ ਇਸ ਖ਼ਤਰਨਾਕ ਯੋਜਨਾ ਦਾ ਪਤਾ ਲੱਗਣ ’ਤੇ ਸਮੁੱਚੇ ਸਟਾਫ ਨਾਲ ਮੀਟਿੰਗ ਕਰਕੇ ਇਹ ਫ਼ੈਸਲਾ ਕੀਤਾ ਗਿਆ ਕਿ ਉਸ ਦਾ ਨਸ਼ਾ ਵੀ ਛੁਡਵਾਉਣਾ ਹੈ ਅਤੇ ਉਸ ਦੀ ਇਹ ਘਾਤਕ ਸੋਚ ਵੀ ਬਦਲਣੀ ਹੈ। ਰੋਜ਼ਾਨਾ ਉਹਦੇ ਨਾਲ ਦੋਸਤਾਂ ਵਾਂਗ ਗੱਲਾਂ ਕਰਦਿਆਂ ਉਹਨੂੰ ਜ਼ਿੰਦਗ਼ੀ, ਪਰਿਵਾਰਕ ਸੁੱਖ, ਬੱਚਿਆਂ ਦੀ ਸੰਭਾਲ, ਪਤਨੀ ਦੀ ਅਹਿਮੀਅਤ ਆਦਿ ਸਬੰਧੀ ਦੱਸਦੇ ਰਹਿੰਦੇ। ਫਿਰ ਇੱਕ ਦਿਨ ਉਹ ਦਫਤਰ ਵਿੱਚ ਆ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ। ਪੁੱਛਣ ’ਤੇ ਉਸਨੇ ਦੱਸਿਆ ਕਿ ਮੈਂ ਇੱਥੋਂ ਨਸ਼ਾ ਮੁਕਤ ਹੋ ਕੇ ਭਾਰੀ ਗੁਨਾਹ ਕਰਨਾ ਸੀ ਪਰ ਤੁਸੀਂ ਮੇਰਾ ਇਰਾਦਾ ਬਦਲ ਦਿੱਤਾ। ਉਸ ਨੂੰ ਡੇਢ ਕੁ ਮਹੀਨਾ ਅਸੀਂ ਆਪਣੇ ਕੋਲ ਰੱਖਿਆ। ਤਸੱਲੀ ਹੋਣ ’ਤੇ ਉਸ ਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਵਾਂ ਦੇ ਗਿਲੇ ਸ਼ਿਕਵੇ ਦੂਰ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਖ਼ੁਸ਼ੀ ਕੇਂਦਰ ਤੋਂ ਵਿਦਾ ਕੀਤਾ।
ਮਾਲੇਰਕੋਟਲਾ ਇਲਾਕੇ ਨਾਲ ਸਬੰਧਤ ਇੱਕ ਅੱਧਖੜ੍ਹ ਉਮਰ ਦਾ ਨਸ਼ੱਈ ਨਸ਼ਾ ਛੱਡਣ ਲਈ ਦਾਖ਼ਲ ਹੋਇਆ। ਆਪਣੀ ਜ਼ਿੰਦਗ਼ੀ ਵਿੱਚ ਨਸ਼ਿਆਂ ਕਾਰਨ ਉਸ ਨੇ ਚੋਰੀਆਂ, ਠੱਗੀਆਂ, ਲੜਾਈਆਂ, ਝਗੜੇ ਸਭ ਕੁਝ ਹੀ ਕੀਤਾ ਸੀ। ਇਸੇ ਕਾਰਨ ਉਹ ਕਈ ਵਾਰ ਜੇਲ੍ਹ ਵੀ ਗਿਆ। ਉਸ ਦੀ ਵਿਆਹੁਤਾ ਜ਼ਿੰਦਗੀ ਵੀ ਸਫਲ ਨਾ ਰਹੀ ਅਤੇ ਉਸ ਦੀ ਪਤਨੀ ਉਸ ਦੀਆਂ ਆਦਤਾਂ ਤੋਂ ਤੰਗ ਆ ਕੇ ਉਸ ਨੂੰ ਛੱਡ ਕੇ ਚਲੀ ਗਈ। ਉਹ ਸੈਂਟਰ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਦਾਖ਼ਲ ਰਿਹਾ ਅਤੇ ਨਸ਼ਾ ਛੱਡਣ ਉਪਰੰਤ ਉਸ ਨੇ ਦੱਸਿਆ, “ਇਹ ਜਿਹੜੇ ਮੈਂ ਐਨੇ ਪਾਪ ਕੀਤੇ, ਨਸ਼ਿਆਂ ਦਾ ਐਬੀ ਬਣ ਕੇ ਦੇਹ ਗਾਲੀ, ਇਹਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਕੋਈ ਭੈਣ ਨਹੀਂ ਹੈ।’’ ਉਤਸੁਕਤਾ ਨਾਲ ਇਹ ਪੁੱਛਣ ’ਤੇ ਕਿ ਗੁਨਾਹਾਂ ਨਾਲ ਭੈਣ ਨਾ ਹੋਣ ਦਾ ਕੀ ਸਬੰਧ? ਉਸ ਦਾ ਜਵਾਬ ਸੀ, “ਦੇਖੋ ਜੀ, ਜੇ ਘਰ ਵਿੱਚ ਭੈਣ ਹੋਵੇ ਫਿਰ ਕਿਸੇ ਐਰ-ਗੈਰ ਨੂੰ ਘਰ ਥੋੜ੍ਹਾ ਵਾੜਿਆ ਜਾਂਦੈ। ਗ਼ਲਤ ਕੰਮ ਕਰਨ ਵੇਲੇ ਭੈਣ ਦੀ ਟੋਕਾ ਟਾਕੀ ਅਤੇ ਤਾੜਨਾ ਨਾਲ ਵੀ ਬੰਦਾ ਸੂਤ ਰਹਿੰਦੈ। ਬੱਸ, ਇਸੇ ਕਰਕੇ ਘਰ ’ਚ ਅਵਾਰਾ ਮੁੰਡਿਆਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਬੱਸ, ਫਿਰ ਚੱਲ ਸੋ ਚੱਲ...। ਨਾਲੇ ਜੀ, ਜਿਹੜੇ ਕੁੱਖ ’ਚ ਧੀਆਂ ਦਾ ਕਤਲ ਕਰਵਾਉਂਦੇ ਨੇ, ਉਹ ਆਪ ਤਾਂ ਗੁਨਾਹ ਕਰਦੇ ਹੀ ਨੇ, ਅੱਗੇ ਆਪਣੀ ਔਲਾਦ ਵਾਸਤੇ ਵੀ ਕੰਡੇ ਬੀਜ ਕੇ ਮੇਰੇ ਵਾਂਗ ਗ਼ਲਤ ਰਾਹ ’ਤੇ ਤੋਰਨ ਲਈ ਵੀ ਜ਼ਿੰਮੇਵਾਰ ਹੁੰਦੇ ਨੇ। ਭਲਾ ਧੀ-ਧਿਆਣੀ ਬਿਨਾਂ ਘਰ ਦਾ ਕੀ ਵੱਟੀਂਦੈ?”
ਇੱਕ ਹੋਰ ਨਸ਼ੱਈ ਨੇ ਪਛਤਾਵੇ ਭਰੇ ਲਹਿਜੇ ਵਿੱਚ ਦੱਸਿਆ, “ਮੈਂ ਆਪਣੇ ਖੇਤ ਵਿੱਚ ਪੋਸਤ ਬੀਜ ਕੇ ਉਹਦੇ ਆਲੇ-ਦੁਆਲੇ ਦੋ ਕਿੱਲੇ ਕਣਕ ਬੀਜ ਦਿੱਤੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਜਦੋਂ ਪੋਸਤ ਦੇ ਡੋਡੇ ਪੱਕਣੇ ਸ਼ੁਰੂ ਹੋ ਗਏ ਤਾਂ ਕਿਸੇ ਨੇ ਥਾਣੇ ਮੁਖ਼ਬਰੀ ਕਰ ਦਿੱਤੀ। ਪੁਲੀਸ ਆ ਗਈ ਚੜ੍ਹਕੇ। ਮੈਨੂੰ ਸੱਥ ਵਿੱਚ ਬੁਲਾਇਆ। ਕਹਿੰਦੇ, ‘ਦੱਸ ਤੂੰ ਪੋਸਤ ਬੀਜਿਐ?’ ਮੈਂ ਉਸ ਥਾਣੇਦਾਰ ਨੂੰ ਸੱਚੋ ਸੱਚ ਸਾਰੀ ਕਹਾਣੀ ਦੱਸ ਦਿੱਤੀ। ਥਾਣੇਦਾਰ ਭਲਾਮਾਣਸ ਸੀ। ਉਹ ਮੈਨੂੰ ਕਹਿੰਦਾ, ‘ਜਾ, ਸਾਰੀ ਪੋਸਤ ਵੱਢ ਕੇ ਇੱਥੇ ਲੈ ਆ।’ ਨਾਲ ਮੇਰੇ ਦੋ ਸਿਪਾਹੀ ਭੇਜ ਦਿੱਤੇ। ਮੈਂ ਆ ਕੇ ਸਾਰੀ ਪੋਸਤ ਵੱਢੀ। ਫਿਰ ਨਰੋਈ ਪੰਡ ਬੰਨ੍ਹ ਕੇ ਥਾਣੇਦਾਰ ਕੋਲ ਸੱਥ ਵਿੱਚ ਲੈ ਆਇਆ। ਥਾਣੇਦਾਰ ਮੈਨੂੰ ਕਹਿੰਦਾ ਬਈ ਪਹਿਲਾਂ ਪੰਚਾਇਤ ਵਿੱਚ ਵਾਅਦਾ ਕਰ ਕਿ ਨਾ ਭੁੱਕੀ ਖਾਵੇਂਗਾ ਅਤੇ ਨਾ ਹੀ ਬੀਜੇਂਗਾ। ਮੈਂ ਥਾਣੇਦਾਰ ਦੇ ਪੈਰੀਂ ਡਿੱਗ ਕੇ ਇਹ ਵਾਅਦਾ ਕਰ ਲਿਆ। ਫਿਰ ਉਸ ਨੇ ਮੈਨੂੰ ਹੁਕਮ ਦਿੱਤਾ ਕਿ ਜਿੱਥੇ ਪਿੰਡ ਦੀਆਂ ਜਨਾਨੀਆਂ ਜੰਗਲ ਪਾਣੀ ਜਾਂਦੀਆਂ ਨੇ, ਉੱਥੇ ਖਿੰਡਾ ਕੇ ਆ। ਮੈਂ ਹੁਕਮ ਅਨੁਸਾਰ ਉਸ ਤਰ੍ਹਾਂ ਹੀ ਕੀਤਾ। ਜਦੋਂ ਥਾਣੇਦਾਰ ਚਲਾ ਗਿਆ ਤਾਂ ਮੈਂ ਘੰਟੇ ਕੁ ਬਾਅਦ ਬੁੜੀਆਂ ਦੇ ਜੰਗਲ ਪਾਣੀ ਵਾਲੀ ਥਾਂ ’ਤੇ ਜਾ ਕੇ ਸਾਰਾ ਪੋਸਤ ਇਕੱਠਾ ਕੀਤਾ। ਘਰ ਵੱਡੇ ਪਾਣੀ ਦੇ ਟੱਬ ਵਿੱਚ ਉਸ ਨੂੰ ਧੋਤਾ। ਫਿਰ ਮੈਂ ਦੋ ਮਹੀਨੇ ਉਹ ਵਰਤਦਾ ਰਿਹਾ।’’ ਫਿਰ ਉਸ ਨੇ ਨਮੋਸ਼ੀ ਭਰੀ ਆਵਾਜ਼ ਵਿੱਚ ਕਿਹਾ, “ਹੁਣ ਤਾਂ ਜੀ ਮੈਨੂੰ ਇਹੋ ਜਿਹਾ ਕੁਝ ਸੋਚ ਕੇ ਹੀ ਸ਼ਰਮ ਆ ਰਹੀ ਹੈ।”
ਇੱਕ ਚਿੱਟੇ ਦੀ ਵਰਤੋਂ ਕਰ ਰਹੇ ਨਸ਼ੱਈ ਦੀ ਪਤਨੀ ਖ਼ੂਨ ਦੇ ਅੱਥਰੂ ਵਹਾਉਂਦਿਆਂ ਦੱਸ ਰਹੀ ਸੀ, “ਜੀ, ਇਹ ਮੇਰਾ ਪਤੀ ਨਹੀਂ, ਮੇਰਾ ਦੁਸ਼ਮਣ ਹੈ। ਆਪਣੇ ਨਸ਼ਿਆਂ ਦੀ ਪੂਰਤੀ ਲਈ ਮੈਨੂੰ ਮਜਬੂਰ ਕਰਦੈ ਕਿ ਤੂੰ ਚਿੱਟੇ ਦਾ ਧੰਦਾ ਕਰਨ ਵਾਲੇ ਨੂੰ ‘ਖੁਸ਼ ਕਰ ਕੇ’ ਮੇਰੇ ਲਈ ਚਿੱਟਾ ਲੈ ਕੇ ਆ। ਹਾੜਾ ਜੀ, ਮੈਥੋਂ ਉਨ੍ਹਾਂ ਪਾਪੀਆਂ ਕੋਲੋਂ ਆਪਣਾ ਮਾਸ ਨਹੀਂ ਨੁਚਵਾਇਆ ਜਾਂਦਾ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਐ, ਮੇਰੀ ਰਾਖੀ ਕਰੋ, ਨਾਲੇ ਇਹਦਾ ਕੋਹੜ ਵੱਢੋ।”
ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਹੋਰ ਔਰਤਾਂ ਇਹੋ ਜਿਹਾ ਸੰਤਾਪ ਭੋਗ ਰਹੀਆਂ ਨੇ। ਉਫ਼! ਨਸ਼ੱਈ ਨਸ਼ਿਆਂ ਲਈ ਆਪਣੀ ਇੱਜ਼ਤ, ਸਵੈਮਾਣ, ਅਣਖ ਸਭ ਕੁਝ ਦਾਅ ’ਤੇ ਲਾਉਣ ਦੇ ਨਾਲ ਨਾਲ ਵਿਆਹ ਕਰਵਾ ਕੇ ਜੀਵਨ ਭਰ ਇੱਕ ਦੂਜੇ ਪ੍ਰਤੀ ਵਫ਼ਾ ਦਾ ਵਾਅਦਾ ਕਰ ਕੇ, ਸਿਰਫ਼ ਤੇ ਸਿਰਫ਼ ਨਸ਼ਿਆਂ ਕਾਰਨ ਆਪਣੀ ਜੀਵਨ ਸਾਥਣ ਨੂੰ ਡੰਗਰਾਂ ਵਾਂਗ ਕਿਸੇ ਹੋਰ ਨੂੰ ਸੌਂਪਣ ਦੀ ਜ਼ਿੱਦ ਕਰਦੇ ਹਨ। ਜਦ ਵਾੜ ਹੀ ਖੇਤ ਨੂੰ ਖਾ ਰਹੀ ਹੈ ਤਾਂ ਖੇਤ ਦੀ ਦੁਰਦਸ਼ਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ ਜਿੱਥੇ ਰਿਸ਼ਤਿਆਂ ਵਿੱਚ ਬੁਰੀ ਤਰ੍ਹਾਂ ਤਰੇੜ ਪਈ ਹੈ। ਨਸ਼ੱਈਆਂ ਨੇ ਪਰਿਵਾਰ ਅਤੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਇਦਾਦਾਂ ਕੁਰਕ ਹੋਈਆਂ ਹਨ ਅਤੇ ਘਰ ਵਿੱਚੋਂ ਹਮੇਸ਼ਾਂ ਹੀ ਵੈਣਾਂ ਦੀ ਆਵਾਜ਼ ਆਉਂਦੀ ਹੈ।
ਸੰਪਰਕ: 94171-48866

Advertisement

Advertisement
Author Image

Advertisement