ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕਲਰਕ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਨਵੰਬਰ
ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਥਾਨਕ ਸਿਵਲ ਸਰਜਨ ਦਫ਼ਤਰ ਦੇ ਇਕ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿੱਚ ਜਨਮ ਤੇ ਮੌਤ ਰਜਿਸਟਰਾਰ ਬਰਾਂਚ ’ਚ ਤਾਇਨਾਤ ਕਲਰਕ ਜਸਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨਜ਼ਦੀਕ ਫਤਿਹਗੜ੍ਹ ਚੂੰਗੀ ਹੁਸ਼ਿਆਰਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ’ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਵੱਲੋਂ ਪਹਿਲੀ ਜਨਵਰੀ 2002 ਤੋਂ 31 ਦਸੰਬਰ 2016 ਤੱਕ 1,23,13,727 ਰੁਪਏ ਖਰਚ ਕੀਤੇ ਗਏ ਜਦੋਂ ਕਿ ਉਸ ਦੀ ਇਸ ਸਮੇਂ ਦੌਰਾਨ ਕੁੱਲ ਆਮਦਨ 88,15,520 ਰੁਪਏ ਸੀ। ਇਸ ਤਰ੍ਹਾਂ ਉਸ ਵੱਲੋਂ ਆਪਣੀ ਤੋਂ 34,98,207 ਰੁਪਏ ਵੱਧ ਖਰਚ ਕੀਤੇ ਗਏ ਸਨ। ਬੁਲਾਰੇ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਨੂੰ ਗੈਰ ਕਾਨੂੰਨੀ ਸੰਪਤੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਕਲਰਕ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਖਿਲਾਫ਼ ਵਿਜੀਲੈਂਸ ਥਾਣਾ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ।