ਵਿਧਾਇਕ ਤੇ ਨਿਗਮ ਕਮਿਸ਼ਨਰ ਵੱਲੋਂ ਸਫ਼ਾਈ ਮੁਹਿੰਮ ਸ਼ੁਰੂ
ਗਗਨਦੀਪ ਅਰੋੜਾ
ਲੁਧਿਆਣਾ, 20 ਨਵੰਬਰ
ਸ਼ਹਿਰ ਵਿੱਚ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੌਰਾਨ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਬੁੱਧਵਾਰ ਨੂੰ ਸ਼ਿਵਪੁਰੀ ਇਲਾਕੇ (ਨਵੇਂ ਵਾਰਡ ਨੰਬਰ 86 ਅਤੇ ਪੁਰਾਣੇ ਵਾਰਡ ਨੰਬਰ 88) ਤੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਵਿਧਾਇਕ ਬੱਗਾ ਅਤੇ ਸ੍ਰੀ ਡੇਚਲਵਾਲ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇਣ। ਨਗਰ ਨਿਗਮ ਦੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ (ਸੀ.ਐਸ.ਓ) ਅਸ਼ਵਨੀ ਸਹੋਤਾ ਸਮੇਤ ਹੋਰ ਅਧਿਕਾਰੀਆਂ ਨੇ ਵੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਵਿਧਾਇਕ ਬੱਗਾ ਨੇ ਕਿਹਾ ਕਿ ਇਸ ਸਫ਼ਾਈ ਮੁਹਿੰਮ ਤਹਿਤ ਹਲਕਾ ਉੱਤਰੀ ਦੇ ਸਾਰੇ ਇਲਾਕਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਉਹ ਲਗਾਤਾਰ ਜ਼ਮੀਨੀ ਪੱਧਰ ’ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਫ਼ਾਈ ਸੇਵਕਾਂ ਦੀ ਹਾਜ਼ਰੀ ਦੀ ਨਿਯਮਤ ਤੌਰ ’ਤੇ ਜਾਂਚ ਕਰਨ ਅਤੇ ਕੂੜੇ ਨੂੰ ਨਿਯਮਤ ਤੌਰ ’ਤੇ ਚੁੱਕਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਭਰ ਵਿੱਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਅਤੇ ਗਿੱਲੇ ਘਰੇਲੂ ਕੂੜੇ ਨੂੰ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਕੰਮ ਕਰ ਰਿਹਾ ਹੈ, ਪਰ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਇਹ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਖੁੱਲ੍ਹੀਆਂ ਥਾਵਾਂ ਅਤੇ ਖਾਲੀ ਪਲਾਟਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ।
ਲੈਬਾਰਟਰੀ ਦਾ ਉਦਘਾਟਨ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਭਗਤ ਚੇਤ ਰਾਮ ਫੀਲਡ ਗੰਜ ਵਿੱਚ ਖ਼ੂਨ ਟੈਸਟ ਲੈਬੋਰਟਰੀ ਦਾ ਪੱਕਾ ਕੁਲੈਕਸ਼ਨ ਸੈਂਟਰ ਖੋਲ੍ਹਿਆ ਗਿਆ ਜਿਸ ਵਿੱਚ ਖੂਨ ਦੇ ਨਮੂਨਿਆਂ ਦੇ ਆਧਾਰ ’ਤੇ ਹੋਣ ਵਾਲੇ ਸਾਰੇ ਟੈਸਟ ਰਿਆਇਤੀ ਦਰਾਂ ’ਤੇ ਕੀਤਾ ਜਾਣਗੇ। ਇਸ ਬਲੱਡ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਮਰਹੂਮ ਜਥੇਦਾਰ ਗੁਰਿੰਦਰ ਪਾਲ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਕੀਤਾ। ਇਸ ਮੌਕੇ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਲਗਪਗ 200 ਵਿਅਕਤੀਆਂ ਦੇ ਸ਼ੂਗਰ ਟੈਸਟ ਤੇ ਗੁਰਦਿਆਂ ਦੇ ਪੰਜ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸਿਹਤਮੰਦ ਜ਼ਿੰਦਗੀ ਜੀਣ ਸਬੰਧੀ ਚੰਗੀਆਂ ਆਦਤਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਚੇਅਰਮੈਨ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਲੈਬਾਰਟਰੀ ਵਿੱਚ 75 ਫੀਸਦ ਘੱਟ ਰੇਟ ’ਤੇ ਟੈਸਟ ਕੀਤੇ ਜਾਣਗੇ।