ਆਈਏਐੱਸ ਕੇਂਦਰ ਵਿੱਚ ਕਲਾਸਾਂ ਸ਼ੁਰੂ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐੱਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿੱਚ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਕਲਾਸਾਂ ਆਈ.ਏ.ਐਸ./ਪੀ.ਸੀ. ਐੱਸ (ਪ੍ਰੀ.)(ਰੈਗੂਲਰ/ਵੀਕਐਂਡ) ਯੂ.ਜੀ.ਸੀ./ਨੈਟ ਅਤੇ ਪੀ.ਸੀ.ਐੱਸ. (ਜੁਡੀਸ਼ਰੀ) ਦੀ ਤਿਆਰੀ ਲਈ ਹਨ। ਡਾਇਰੈਕਟਰ ਡਾ. ਅਮਰਇੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਬਹੁਤ ਘੱਟ ਫੀਸਾਂ ਉੱਤੇ ਉੱਚ ਸ਼੍ਰੇਣੀ ਦੀ ਸਿਖਲਾਈ ਪ੍ਰਦਾਨ ਕਰਦਾ ਆ ਰਿਹਾ ਹੈ। ਮਾਹਿਰ ਅਧਿਆਪਕ ਇੱਥੇ ਸਿਖਲਾਈ ਦਿੰਦੇ ਹਨ। ਵਿਭਾਗ ਵਿੱਚ ਉਪਲਬਧ ਵੱਡੀ ਲਾਇਬ੍ਰੇਰੀ ਅਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਵਿਦਿਆਰਥੀਆਂ ਦੀ ਸਿਖਲਾਈ ਲਈ ਮਦਦਗਾਰ ਹੁੰਦਾ ਹੈ। ਇਨ੍ਹਾਂ ਟੈਸਟਾਂ ਦੀ ਤਿਆਰੀ ਕਰਨ ਦੇ ਚਾਹਵਾਨ ਵਿਦਿਆਰਥੀ ਇਸ ਕੇਂਦਰ ਨਾਲ਼ ਜੁੜ ਕੇ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਵਿਭਾਗ ਦੀ ਖਾਸੀਅਤ ਹੈ ਕਿ ਇਹ ਵਿਭਾਗ ਹਫ਼ਤੇ ਵਿੱਚ ਸੱਤ ਦਿਨ ਅਤੇ ਸਾਲ ਵਿੱਚ 365 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਇਨ੍ਹਾਂ ਕਲਾਸਾਂ ਵਿੱਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ 07-01-2025 ਤੱਕ (ਈ-ਮੇਲ iastrainingcentrepbi@gmail.com ਰਾਹੀਂ ਵੀ) ਭੇਜ ਸਕਦੇ ਹਨ। ਲੋੜਵੰਦ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਦੀ ਸਹੂਲਤ ਉਪਲਬਧ ਹੈ। ਚੁਣੇ ਗਏ ਵਿਦਿਆਰਥੀਆਂ ਨਾਲ ਈ-ਮੇਲ ਅਤੇ ਮੋਬਾਈਲ ਰਾਹੀਂ ਸੰਪਰਕ ਕੀਤਾ ਜਾਵੇਗਾ।