ਪੰਜਾਬ ਬੰਦ ਦੌਰਾਨ ਰਾਹਗੀਰਾਂ ਅਤੇ ਕਿਸਾਨਾਂ ਦਰਮਿਆਨ ਤਕਰਾਰ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 30 ਦਸੰਬਰ
ਪੰਜਾਬ ਬੰਦ ਦੇ ਐਲਾਨ ਦਾ ਸਮਰਥਨ ਕਰਦੇ ਹੋਏ ਨਿਊ ਚੰਡੀਗੜ੍ਹ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਚੰਡੀਗੜ੍ਹ ਤੇ ਮੁੱਲਾਂਪੁਰ ਗਰੀਬਦਾਸ ਦੇ ਬੈਰੀਅਰ ਚੌਕ, ਪਲਹੇੜੀ, ਉਮੈਕਸ ਵਿਖੇ ਚੱਕਾ ਜਾਮ ਕੀਤਾ ਗਿਆ। ਇਕੱਠੇ ਹੋਏ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਨਾਲ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਹਗੀਰ ਲੋਕਾਂ ਵੱਲੋਂ ਲੰਘਣ ਲੰਘਾਉਣ ਨੂੰ ਲੈ ਕੇ ਆਪਸ ਵਿੱਚ ਮਾੜੀ ਮੋਟੀ ਤੂੰ-ਤੂੰ,ਮੈਂ-ਮੈਂ ਵੀ ਹੋਈ ਪਰ ਕਿਸਾਨਾਂ ਵੱਲੋਂ ਜਾਮ ਸਬੰਧੀ ਰਾਹਗੀਰਾਂ ਨੂੰ ਸਮਝਾਇਆ ਗਿਆ। ਇਸ ਮੌਕੇ ਐਂਬੂਲੈਂਸਾਂ, ਚੰਡੀਗੜ੍ਹ ਵਿੱਚ ਹਸਪਤਾਲਾਂ ਵਿੱਚ ਡਾਕਟਰੀ ਇਲਾਜ ਕਰਵਾਉਣ ਜਾ ਰਹੇ ਮਰੀਜ਼ਾਂ ਨੂੰ ਉਨ੍ਹਾਂ ਦੇ ਟਰੀਟਮੈਂਟ ਕਾਰਡ ਦੇਖਣ ਮਗਰੋਂ ਲੰਘਣ ਦਿੱਤਾ ਗਿਆ। ਇਸੇ ਦੌਰਾਨ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਸ਼ੁਰੂ ਕੀਤੀ ਹੋਈ ਲੜੀਵਾਰ ਭੱਖ ਹੜਤਾਲ ਸਬੰਧੀ ਦਲਵਿੰਦਰ ਸਿੰਘ ਬੈਨੀਪਾਲ ਗਰੁੱਪ ਸਣੇ ਧਨਾਸ ਇਲਾਕੇ ਦੇ ਕੁਸ਼ਤੀ ਪਰਮੋਟਰ ਬਿੰਦਾ ਬੈਦਵਾਣ, ਸਾਬਕਾ ਸਰਪੰਚ ਰਣਜੀਤ ਸਿੰਘ, ਰਵਿੰਦਰ ਸਿੰਘ ਕਾਲਾ ਬੈਦਵਾਣ ਆਦਿ ਵੱਲੋਂ ਕਿਸਾਨੀ ਧਰਨੇ ਨੂੰ ਸਮਰਥਨ ਦਿੱਤਾ ਗਿਆ।