‘ਬੰਗਾਲ ਬੰਦ’ ਦੌਰਾਨ ਭਾਜਪਾ ਵਰਕਰਾਂ ਅਤੇ ਪੁਲੀਸ ਦਰਮਿਆਨ ਝੜਪਾਂ
ਕੋਲਕਾਤਾ, 28 ਅਗਸਤ
ਪੱਛਮੀ ਬੰਗਾਲ ਵਿੱਚ 12 ਘੰਟੇ ਬੰਦ ਦਾ ਸੱਦਾ ਲਾਗੂ ਕਰਵਾਉਣ ਦੌਰਾਨ ਭਾਜਪਾ ਕਾਰਕੁਨਾਂ ਦੀਆਂ ਕਈ ਥਾਵਾਂ ’ਤੇ ਅੱਜ ਪੁਲੀਸ ਨਾਲ ਝੜਪਾਂ ਹੋ ਗਈਆਂ। ਹਾਲਾਂਕਿ, ਸੂਬੇ ਵਿੱਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।
ਸੜਕਾਂ ਤੇ ਰੇਲ ਪਟੜੀਆਂ ਰੋਕਣ ਕਾਰਨ ਰਾਜ ਸਭਾ ਦੇ ਸਾਬਕਾ ਮੈਂਬਰ ਰੂਪਾ ਗਾਂਗੁਲੀ ਤੇ ਲੌਕੇਟ ਚੈਟਰਜੀ ਅਤੇ ਰਾਜ ਸਭਾ ਮੈਂਬਰ ਸਾਮਿਕ ਭੱਟਾਚਾਰੀਆ ਤੇ ਵਿਧਾਇਕ ਅਗਨੀਮਿਤਰਾ ਪਾਲ ਸਮੇਤ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਜਪਾ ਨੇ ਮੰਗਲਵਾਰ ਨੂੰ ‘ਨਬੰਨ ਅਭਿਆਨ’ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਖ਼ਿਲਾਫ਼ ਪੁਲੀਸ ਦੀ ਕਾਰਵਾਈ ਦੇ ਵਿਰੋਧ ਵਿੱਚ ਅੱਜ ‘ਬੰਗਾਲ ਬੰਦ’ ਦਾ ਸੱਦਾ ਦਿੱਤਾ ਸੀ ਜੋ ਅੱਜ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਇਆ।
ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਤੇ ਹਸਪਤਾਲ ਵਿੱਚ ਟਰੇਨੀ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੀ ਘਟਨਾ ਖ਼ਿਲਾਫ਼ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸੂਬਾਈ ਸਕੱਤਰੇਤ (ਨਬੰਨ) ਤੱਕ ਮਾਰਚ ਕੱਢਿਆ ਗਿਆ ਸੀ। ਇਹ ਮਾਰਚ ਵਿਦਿਆਰਥੀ ਗਰੁੱਪ ‘ਛਾਤਰ ਸਮਾਜ’ ਨੇ ਕੱਢਿਆ ਸੀ।
ਅੱਜ ਦੇ ਬੰਦ ਕਾਰਨ ਸੂਬੇ ਵਿੱਚ ਜਨ-ਜੀਵਨ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਹੋਇਆ। ਸੜਕਾਂ ’ਤੇ ਬੱਸ, ਆਟੋ ਰਿਕਸ਼ਾ ਅਤੇ ਟੈਕਸੀਆਂ ਬਹੁਤ ਘੱਟ ਨਜ਼ਰ ਆਈਆਂ। ਨਿੱਜੀ ਵਾਹਨਾਂ ਦੀ ਗਿਣਤੀ ਵੀ ਘੱਟ ਰਹੀ। ਹਾਲਾਂਕਿ, ਬਾਜ਼ਾਰ ਅਤੇ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਸਕੂਲ ਤੇ ਕਾਲਜ ਖੁੱਲ੍ਹੇ ਸਨ ਪਰ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ। ਜ਼ਿਆਦਾਤਰ ਨਿੱਜੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਮੌਜੂਦਗੀ ਕਾਫ਼ੀ ਘੱਟ ਰਹੀ ਕਿਉਂਕਿ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ। ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਮੌਜੂਦਗੀ ਪਹਿਲਾਂ ਵਾਂਗ ਆਮ ਰਹੀ।
ਬੰਦ ਲਾਗੂ ਕਰਵਾਉਣ ਦੀ ਕੋਸ਼ਿਸ਼ ਦੌਰਾਨ ਸੂਬੇ ਵਿੱਚ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਗਾਂਗੁਲੀ ਤੇ ਪਾਲ ਨੂੰ ਦੱਖਣੀ ਕੋਲਕਾਤਾ ਦੇ ਗਰੀਆਹਾਟ ਇਲਾਕੇ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਵਪਾਰੀਆਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਸਨ। ਕੋਲਕਾਤਾ ਦੇ ਵਾਰਡ 50 ਦੇ ਕੌਂਸਲਰ ਸਜਲ ਘੋਸ਼ ਨੂੰ ਨੇੜੇ ਦੇ ਕੋਲੇ ਬਾਜ਼ਾਰ ਵਿੱਚ ਬੰਦ ਨੂੰ ਲਾਗੂ ਕਰਨ ਦੌਰਾਨ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਦਰਮਿਆਨ ਹੱਥੋਪਾਈ ਹੋਣ ਮਗਰੋਂ ਸਿਆਲਦਾ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ।
ਇਸ ਮਗਰੋਂ ਉਨ੍ਹਾਂ ਦੀ ਪਤਨੀ ਤਾਨੀਆ ਘੋਸ਼ ਨੇ ਪੁਲੀਸ ’ਤੇ ਬਿਨਾਂ ਕਿਸੇ ਵਾਰੰਟ ਦੇ ਆਪਣੇ ਪਤੀ ਨੂੰ ਹਿਰਾਸਤ ਵਿੱਚ ਲੈਣ ਦਾ ਦੋਸ਼ ਲਾਉਂਦਿਆਂ ਰੈਲੀ ਕੱਢੀ। ਬਾਅਦ ਵਿੱਚ ਡਿਪਟੀ ਕਮਿਸ਼ਨਰ (ਸੈਂਟਰਲ) ਇੰਦਰਾ ਮੁਖਰਜੀ ਨੇ ਕਿਹਾ ਕਿ ਘੋਸ਼ ਨੂੰ ਉਕਸਾਉਣ ਵਾਲੀਆਂ ਟਿੱਪਣੀਆਂ ਕੀਤੇ ਜਾਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਭਾਜਪਾ ਆਗੂ ਦੀ ਪੁਲੀਸ ਨਾਲ ਬਹਿਸ
ਭਾਜਪਾ ਦੇ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਬਾਗੂਈਹਾਟੀ ਵਿੱਚ ਮੁਜ਼ਾਹਰੇ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲੀਸ ਨਾਲ ਬਹਿਸ ਹੋ ਗਈ। ਪ੍ਰਦਰਸ਼ਨ ਮਗਰੋਂ ਮਜੂਮਦਾਰ ਕੇਂਦਰੀ ਕੋਲਕਾਤਾ ਗਏ ਅਤੇ ਸਮਰਥਕਾਂ ਸਮੇਤ ਸੂਬਾਈ ਭਾਜਪਾ ਦਫ਼ਤਰ ਬਾਹਰ ਆਵਾਜਾਈ ਰੋਕ ਦਿੱਤੀ। ਉਨ੍ਹਾਂ ਦੀ ਮੁੱਖ ਸੜਕ ਤੋਂ ਹਟਾਉਣ ਆਏ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਵੀ ਹੋਈ। ਅਲੀਪੁਰਦੁਆਰ ਵਿੱਚ ਭਾਜਪਾ ਸੰਸਦ ਮੈਂਬਰ ਮਨੋਜ ਤਿੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਦ ਦੌਰਾਨ ਸੂਬੇ ਵਿੱਚ ਉਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ 49 ਥਾਵਾਂ ’ਤੇ ਰੇਲ ਪਟੜੀਆਂ ਰੋਕੀਆਂ ਗਈਆਂ। -ਪੀਟੀਆਈ