ਜੱਜ ਨਾਲ ਬਹਿਸ ਮਗਰੋਂ ਅਦਾਲਤ ’ਚ ਵਕੀਲਾਂ ਤੇ ਪੁਲੀਸ ਵਿਚਾਲੇ ਝੜਪ
ਗਾਜ਼ੀਆਬਾਦ, 29 ਅਕਤੂਬਰ
ਗਾਜ਼ੀਆਬਾਦ ਦੀ ਇੱਕ ਅਦਾਲਤ ਅੰਦਰ ਵਕੀਲਾਂ ਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਉਸ ਸਮੇਂ ਝੜਪ ਹੋ ਗਈ ਜਦੋਂ ਜੱਜ ਨੇ ਅਸਹਿਮਤੀ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀ ਵਕੀਲਾਂ ਦੇ ਇੱਕ ਸਮੂਹ ਨੂੰ ਹਟਾਉਣ ਲਈ ਫੋਰਸ ਬੁਲਾ ਲਈ। ਕੁਝ ਵਕੀਲਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੱਟਾਂ ਵੱਜੀਆਂ ਹਨ ਕਿਉਂਕਿ ਪੁਲੀਸ ਨੇ ਉਨ੍ਹਾਂ ’ਤੇ ਡਾਂਗਾਂ ਵਰ੍ਹਾਈਆਂ ਅਤੇ ਪੁਲੀਸ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਮੁਜ਼ਾਹਰਾਕਾਰੀ ਵਕੀਲਾਂ ਨੇ ਇੱਕ ਸਥਾਨਕ ਪੁਲੀਸ ਚੌਕੀ ਸਾੜ ਦਿੱਤੀ। ਗਾਜ਼ੀਆਬਾਦ ਦੇ ਰਾਜ ਨਗਰ ਇਲਾਕੇ ’ਚ ਸਵੇਰੇ ਕਰੀਬ 11 ਵਜੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਪਲੈਕਸ ਅੰਦਰ ਅਗਾਊਂ ਜ਼ਮਾਨਤ ਦੇ ਇੱਕ ਕੇਸ ਦੀ ਸੁਣਵਾਈ ਨੂੰ ਲੈ ਕੇ ਸੈਸ਼ਨ ਜੱਜ ਤੇ ਵਕੀਲ ਵਿਚਾਲੇ ਬਹਿਸ ਮਗਰੋਂ ਅਫਰਾ-ਤਫਰੀ ਮਚ ਗਈ। ਗਾਜ਼ੀਆਬਾਦ ਦੇ ਪੁਲੀਸ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਸ ਝੜਪ ਮਗਰੋਂ ਇੱਕ ਸਥਾਨਕ ਪੁਲੀਸ ਚੌਕੀ ਸਾੜ ਦਿੱਤੀ ਗਈ। ਦੂਜੇ ਪਾਸੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਾਹਿਰ ਸਿੰਘ ਯਾਦਵ ਨੇ ਘਟਨਾ ਸਬੰਧੀ ਸ਼ਿਕਾਇਤ ਅਲਾਹਾਬਾਦ ਹਾਈ ਕੋਰਟ ਨੂੰ ਭੇਜ ਦਿੱਤੀ ਹੈ। -ਪੀਟੀਆਈ