ਰੋਸ ਮਾਰਚ ਦੌਰਾਨ ਭਾਜਪਾ ਵਰਕਰਾਂ ਅਤੇ ਪੁਲੀਸ ’ਚ ਝੜਪ
ਕੋਲਕਾਤਾ, 22 ਅਗਸਤ
ਮਹਿਲਾ ਡਾਕਟਰ ਦੇ ਜਬਰ-ਜਨਾਹ ਅਤੇ ਹੱਤਿਆ ਮਾਮਲੇ ’ਚ ਰੋਸ ਮਾਰਚ ਕੱਢ ਰਹੇ ਭਾਜਪਾ ਵਰਕਰਾਂ ਅਤੇ ਪੁਲੀਸ ਵਿਚਕਾਰ ਅੱਜ ਝੜਪ ਹੋ ਗਈ। ਭਾਜਪਾ ਵਰਕਰਾਂ ਵੱਲੋਂ ਸਿਹਤ ਭਵਨ ਤੱਕ ਮਾਰਚ ਕੀਤਾ ਜਾ ਰਿਹਾ ਸੀ। ਰੈਲੀ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਅਤੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਕਈ ਥਾਵਾਂ ’ਤੇ ਪੁਲੀਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਸ਼ੁਰੂ ’ਚ ਪੁਲੀਸ ਨੇ ਉਨ੍ਹਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ’ਚ ਜਦੋਂ ਭੀੜ ਨਾ ਮੰਨੀ ਤਾਂ ਉਸ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਅਧਿਕਾਰੀ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਕੇ ਜੇਲ੍ਹ ਵੈਨ ’ਚ ਬਿਠਾਇਆ ਜਿਸ ’ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਜਬਰੀ ਛੁਡਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਉਹ ਚਾਰ ਹੋਰ ਆਗੂਆਂ ਨਾਲ ਸਿਹਤ ਸਕੱਤਰ ਨੂੰ ਮਿਲ ਕੇ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਭਾਜਪਾ ਵਰਕਰਾਂ ਨੇ ਮਮਤਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। -ਪੀਟੀਆਈ
ਸਾਬਕਾ ਪ੍ਰਿੰਸੀਪਲ ਅਤੇ ਚਾਰ ਹੋਰ ਡਾਕਟਰਾਂ ਦੇ ਪੋਲੀਗ੍ਰਾਫ਼ ਟੈਸਟ ਦੀ ਮਿਲੀ ਇਜਾਜ਼ਤ
ਨਵੀਂ ਦਿੱਲੀ:
ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਨੇ ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਚਾਰ ਹੋਰ ਡਾਕਟਰਾਂ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਦੇ ਦਿੱਤੀ ਹੈ। ਸੀਬੀਆਈ ਨੇ ਘੋਸ਼ ਅਤੇ ਚਾਰ ਹੋਰ ਡਾਕਟਰਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ’ਤੇ ਝੂਠ ਫੜਨ ਵਾਲਾ ਟੈਸਟ ਕਰਾਉਣ ਦੀ ਮਨਜ਼ੂਰੀ ਮੰਗੀ ਸੀ। ਏਜੰਸੀ ਨੇ ਡਾਕਟਰ ਦੇ ਜਬਰ-ਜਨਾਹ ਅਤੇ ਹੱਤਿਆ ਦੇ ਮੁੱਖ ਮੁਲਜ਼ਮ ਸੰਜੇ ਰਾਏ ਦੇ ਪੋਲੀਗ੍ਰਾਫ਼ ਟੈਸਟ ਦੀ ਵੀ ਮੰਗ ਕੀਤੀ ਹੈ। -ਪੀਟੀਆਈ