ਕੈਂਸਰ ਬਾਰੇ ਦਾਅਵੇ
ਕ੍ਰਿਕਟ ਦਾ ਮੈਦਾਨ ਹੋਵੇ ਭਾਵੇਂ ਸਿਆਸਤ ਦਾ ਪਿੜ ਜਾਂ ਫਿਰ ਕੁਮੈਂਟਰੀ ਬਾਕਸ ਜਾਂ ਸ਼ੋਅਬਾਜ਼ੀ ਦਾ ਮੰਚ, ਨਵਜੋਤ ਸਿੰਘ ਸਿੱਧੂ ਤੋਂ ਹਰ ਵੇਲੇ ‘ਚੌਕੇ ਛਿੱਕਿਆਂ’ ਦੀ ਤਵੱਕੋ ਕੀਤੀ ਜਾਂਦੀ ਰਹੀ ਹੈ। ਪਿਛਲੇ ਦਿਨੀਂ ਆਪਣੀ ਪਤਨੀ ਦੀ ਕੈਂਸਰ ਦੀ ਬਿਮਾਰੀ ਦੇ ਇਲਾਜ ਦਾ ਖੁਲਾਸਾ ਕਰਨ ਲੱਗਿਆਂ ਉਹ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਆ ਗਏ ਅਤੇ ਉਨ੍ਹਾਂ ਕੁਝ ਅਜਿਹੇ ਦਾਅਵੇ ਕੀਤੇ ਜਿਨ੍ਹਾਂ ਬਾਰੇ ਦੇਸ਼ ਦੇ ਮੋਹਰੀ ਕੈਂਸਰ ਮਾਹਿਰਾਂ ਨੇ ਸਖ਼ਤ ਪ੍ਰਤੀਕਰਮ ਜਤਾਇਆ ਹੈ। ਇਸ ਦਾ ਅਸਰ ਇਹ ਹੋਇਆ ਕਿ ਸਿੱਧੂ ਨੂੰ ਆਪਣੇ ਦਾਅਵੇ ਵਾਪਸ ਲੈਣੇ ਪੈ ਗਏ।
ਕੈਂਸਰ ਮਾਹਿਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਇਨ੍ਹਾਂ ਦਾਅਵਿਆਂ ਨੂੰ ਗ਼ਲਤ ਕਰਾਰ ਦਿੱਤਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਆਪਣੀ ਖ਼ੁਰਾਕ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਆਪਣੀ ਕੈਂਸਰ ਦੀ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ। ਇਸ ਤੋਂ ਬਾਅਦ ਸਿੱਧੂ ਹੋਰਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਡਾਈਟ ਪਲਾਨ ਤਿਆਰ ਕੀਤੀ ਸੀ ਅਤੇ ਇਸ ਨਾਲ ਇਲਾਜ ਵਿੱਚ ਮਦਦ ਮਿਲੀ ਸੀ। ਪਹਿਲਾਂ ਉਨ੍ਹਾਂ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨਿੰਮ ਅਤੇ ਹਲਦੀ ਅਤੇ ਕੁਝ ਹੋਰ ਔਸ਼ਧੀਆਂ ਦੇ ਸੇਵਨ ਅਤੇ ਨਾਲ ਹੀ ਡੇਅਰੀ ਉਤਪਾਦਾਂ ਅਤੇ ਮਿੱਠੇ ਤੋਂ ਪਰਹੇਜ਼ ਕਰ ਕੇ ਕੈਂਸਰ ਦੇ ਸੈੱਲਾਂ ਨੂੰ ਪਨਪਣ ਤੋਂ ਰੋਕ ਦਿੱਤਾ ਸੀ ਅਤੇ ਸਿਰਫ਼ ਚਾਲੀ ਦਿਨਾਂ ਵਿੱਚ ਹੀ ਉਨ੍ਹਾਂ ਦੀ ਪਤਨੀ ਕੈਂਸਰ ਤੋਂ ਮੁਕਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਆਪਣੇ ਜ਼ਮਾਨੇ ਦੇ ਮਸ਼ਹੂਰ ਕ੍ਰਿਕਟਰ ਰਹੇ ਹਨ ਅਤੇ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਜੋ ਪੇਸ਼ੇ ਵਜੋਂ ਔਰਤਾਂ ਦੇ ਰੋਗਾਂ ਦੇ ਡਾਕਟਰ ਹਨ, ਹੁਣ ਸਿਹਤਯਾਬ ਹੋ ਗਏ ਹਨ ਅਤੇ ਆਸ ਹੈ ਕਿ ਜਲਦੀ ਹੀ ਉਹ ਵੀ ਜਨਤਕ ਖੇਤਰ ਵਿੱਚ ਆਪਣੀ ਸਰਗਰਮੀ ਮੁੜ ਸ਼ੁਰੂ ਕਰ ਦੇਣਗੇ।
ਕੈਂਸਰ ਦੇ ਇਲਾਜ ਲਈ ਅਮੂਮਨ ਸਰਜਰੀ, ਰੇਡੀਏਸ਼ਨ ਥੈਰੇਪੀ ਅਤੇ ਕੀਮੋਥੈਰੇਪੀ ਜਿਹੀਆਂ ਵਿਧੀਆਂ ਦਾ ਇਸਤੇਮਾਲ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਤਕਨੀਕ ਵਿੱਚ ਚੋਖਾ ਸੁਧਾਰ ਹੋਇਆ ਹੈ ਜਿਸ ਕਰ ਕੇ ਕੈਂਸਰ ਦੇ ਰੋਗੀਆਂ ਉੱਪਰ ਇਨ੍ਹਾਂ ਵਿਧੀਆਂ ਦੇ ਉਲਟ ਪ੍ਰਭਾਵਾਂ ਵਿੱਚ ਕਮੀ ਹੋਈ ਹੈ। ਸੋਸ਼ਲ ਮੀਡੀਆ ਉੱਪਰ ਕੈਂਸਰ ਅਤੇ ਕੁਝ ਹੋਰ ਘਾਤਕ ਰੋਗਾਂ ਦੇ ਇਲਾਜ ਦੇ ਬੇਬੁਨਿਆਦ ਦਾਅਵੇ ਕੀਤੇ ਜਾਂਦੇ ਹਨ ਜਿਸ ਕਰ ਕੇ ਨੁਕਸਾਨ ਵੀ ਹੁੰਦਾ ਹੈ। ਕੁਝ ਆਯੁਰਵੈਦ ਕੰਪਨੀਆਂ ਵੱਲੋਂ ਆਪਣੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਅਜਿਹੇ ਚਮਤਕਾਰੀ ਦਾਅਵੇ ਕੀਤੇ ਜਾਂਦੇ ਰਹੇ ਹਨ। ਅਜਿਹੇ ਦਾਅਵੇ ਕਰਨ ਵਾਲੀਆਂ ਕੰਪਨੀਆਂ ਜਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਅਬਜੈਕਸ਼ਨੇਬਲ ਐਡਵਰਟਾਈਜ਼ਮੈਂਟ) ਐਕਟ-1954 ਬਣਿਆ ਹੋਇਆ ਹੈ ਪਰ ਇਸ ਦੀ ਵਰਤੋਂ ਕਦੇ ਕਦਾਈਂ ਹੀ ਕੀਤੀ ਜਾਂਦੀ ਹੈ। ਇਸ ਕਾਨੂੰਨ ਨੂੰ ਹੋਰ ਜ਼ਿਆਦਾ ਕਾਰਗਰ ਬਣਾਉਣ ਲਈ ਇਸ ਵਿੱਚ ਸੋਧਾਂ ਦਾ ਮਾਮਲਾ ਪਿਛਲੇ ਚਾਰ ਸਾਲਾਂ ਤੋਂ ਲਟਕ ਰਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਨ੍ਹਾਂ ਸੋਧਾਂ ਨੂੰ ਜਲਦੀ ਪਾਸ ਕਰ ਕੇ ਨਵਾਂ ਕਾਨੂੰਨ ਜਲਦੀ ਬਣਾਇਆ ਜਾਵੇ। ਇਸ ਦਿਸ਼ਾ ਵਿੱਚ ਮੈਡੀਕਲ ਬਰਾਦਰੀ ਨੂੰ ਵੀ ਲਗਾਤਾਰ ਜਾਗਰੂਕਤਾ ਫੈਲਾਉਂਦੇ ਰਹਿਣਾ ਚਾਹੀਦਾ ਹੈ।