For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁਲ: ਸ਼ਰਾਬ ਤਸਕਰੀ ਰੋਕਣ ਲਈ ਟਰੈਕ ਐਂਡ ਟਰੇਸ ਸਿਸਟਮ ਸ਼ੁਰੂ

07:44 AM Sep 05, 2024 IST
ਸਿਟੀ ਬਿਊਟੀਫੁਲ  ਸ਼ਰਾਬ ਤਸਕਰੀ ਰੋਕਣ ਲਈ ਟਰੈਕ ਐਂਡ ਟਰੇਸ ਸਿਸਟਮ ਸ਼ੁਰੂ
ਚੰਡੀਗੜ੍ਹ ਦੇ ਸੈਕਟਰ-27 ਵਿੱਚ ਸਥਿਤ ਸ਼ਰਾਬ ਦਾ ਠੇਕਾ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 4 ਸਤੰਬਰ
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਸੱਤ ਸਾਲ ਬਾਅਦ ਸ਼ਹਿਰ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਵੱਡਾ ਕਦਮ ਚੁੱਕਦਿਆਂ ਟਰੈਕ ਐਂਡ ਟਰੇਸ ਸਿਸਟਮ ਲਾਗੂ ਕਰ ਦਿੱਤਾ ਹੈ। ਇਸ ਤਹਿਤ ਸ਼ਰਾਬ ਦੀਆਂ ਪੇਟੀਆਂ ਅਤੇ ਬੋਤਲਾਂ ’ਤੇ ਬਾਰਕੋਡ ਅਤੇ ਬੈੱਚ ਨੰਬਰ ਲਗਾਇਆ ਜਾਵੇਗਾ। ਇਸ ਬਾਰਕੋਡ ਰਾਹੀਂ ਸ਼ਰਾਬ ਦੇ ਉਤਪਾਦਨ, ਵੰਡ ਅਤੇ ਪ੍ਰਚੂਨ ਦੀ ਸਪਲਾਈ ਸਣੇ ਸਮੁੱਚੀ ਜਾਣਕਾਰੀ ਮਿਲੇਗੀ।
ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਵਿੱਚ ਟਰੈਕ ਐਂਡ ਟਰੇਸ ਸਿਸਟਮ ਲਾਗੂ ਕਰਨ ਲਈ ਸਾਫਟਵੇਅਰ ਲਾਂਚ ਕੀਤਾ ਗਿਆ ਹੈ। ਇਸ ਰਾਹੀਂ ਹੀ ਬਾਰਕੋਡ ਦੀ ਵਰਤੋਂ ਕੀਤੀ ਜਾ ਸਕੇਗੀ। ਕਰ ਤੇ ਆਬਕਾਰੀ ਵਿਭਾਗ ਵੱਲੋਂ ਦੋ ਹਫ਼ਤਿਆਂ ਵਿੱਚ ਸ਼ਹਿਰ ਦੇ ਸ਼ਰਾਬ ਠੇਕਿਆਂ ’ਤੇ ਆਉਣ ਵਾਲੀ ਸ਼ਰਾਬ ’ਤੇ ਇਸ ਟਰੈਕ ਐਂਡ ਟਰੇਸ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਤਸਕਰੀ ਰੋਕਣ ਲਈ ਸਾਲ 2017 ਵਿੱਚ ਸ਼ਰਾਬ ਦੀਆਂ ਬੋਤਲਾਂ ’ਤੇ ਟਰੈਕ ਐਂਡ ਟਰੇਸ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਇਸ ਨੂੰ ਅਮਲੀ ਰੂਪ ਹੁਣ ਦਿੱਤਾ ਜਾ ਸਕਿਆ ਹੈ।
ਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਦੇ ਵਧੀਕ ਸਕੱਤਰ ਐੱਚਐੱਸ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਲਗਭਗ 70 ਫ਼ੀਸਦ ਸਿਸਟਮ ਲਾਗੂ ਕਰ ਦਿੱਤਾ ਹੈ। ਅਗਲੇ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਟੀ ਦੇ ਸ਼ਰਾਬ ਲਾਇਸੈਂਸਧਾਰਕਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਟਰੈਕ ਐਂਡ ਟਰੇਸ ਸਿਸਟਮ ਤੋਂ ਬਿਨਾਂ ਕਿਸੇ ਵੀ ਸਟਾਕ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਕ ਐਂਡ ਟਰੇਸ ਸਿਸਟਮ ਲਈ ਮੋਬਾਈਲ ਐਪ ਵੀ ਤਿਆਰ ਕੀਤੀ ਗਈ ਹੈ ਜੋ ਕਿਊਆਰ ਕੋਡ ਨੂੰ ਸਕੈਨ ਕਰ ਕੇ ਸ਼ਰਾਬ ਦੀਆਂ ਬੋਤਲਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਵਿੱਚ ਮਦਦ ਕਰੇਗੀ।

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਸ਼ਰਾਬ ਤਸਕਰੀ ਰੋਕਣ ਲਈ ਯੂਟੀ ਚੌਕਸ

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅੰਤਰ-ਰਾਜੀ ਸ਼ਰਾਬ ਤਸਕਰੀ ’ਤੇ ਨੱਥ ਪਾਉਣ ਲਈ ਯੂਟੀ ਪ੍ਰਸ਼ਾਸਨ ਦਾ ਕਰ ਤੇ ਆਬਕਾਰੀ ਵਿਭਾਗ ਵੀ ਚੌਕਸ ਹੋ ਗਿਆ ਹੈ। ਵਿਭਾਗ ਦੇ ਵਧੀਕ ਕਮਿਸ਼ਨਰ ਐੱਚਐੱਸ ਬਰਾੜ ਨੇ ਵਿਭਾਗ ਦੇ ਅਧਿਕਾਰੀਆਂ, ਸ਼ਹਿਰ ਦੇ ਬਾਟਲਿੰਗ ਪਲਾਂਟ, ਥੋਕ ਵਿਕਰੇਤਾਵਾਂ ਤੇ ਹੋਰ ਸ਼ਰਾਬ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿਭਾਗ ਨੇ ਸ਼ਰਾਬ ਦੀਆਂ ਦੁਕਾਨਾਂ ਅਤੇ ਥੋਕ ਵਪਾਰੀਆਂ ਦੇ ਸਟਾਕ ਦੀ ਜਾਂਚ ਲਈ ਟੀਮਾਂ ਕਾਇਮ ਕੀਤੀਆਂ ਹਨ।

Advertisement

Advertisement
Author Image

Advertisement