For the best experience, open
https://m.punjabitribuneonline.com
on your mobile browser.
Advertisement

ਪੀਯੂ ਕੈਂਪਸ ’ਚ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਅੱਜ

07:42 AM Sep 05, 2024 IST
ਪੀਯੂ ਕੈਂਪਸ ’ਚ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਅੱਜ
ਪੀਯੂ ਵਿੱਚ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ ਕਰਦੇ ਹੋਏ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਦੇ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 4 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਭਲਕੇ ਪੰਜ ਸਤੰਬਰ ਨੂੰ ਹੋਣਗੀਆਂ। ਇਸ ਲਈ ਅਥਾਰਿਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੈਂਪਸ ਵਿੱਚ ਪੀਯੂ ਸਕਿਉਰਿਟੀ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਅੱਜ ਕੋਈ ਰੈਲੀ ਆਦਿ ਨਹੀਂ ਕੀਤੀ ਗਈ, ਸਿਰਫ਼ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ। ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਉਮੀਦਵਾਰਾਂ ਵੱਲੋਂ ਤਾਂ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਅਪੀਲ ਕਰਦਿਆਂ ਆਟੋਮੇਟਿਡ ਫੋਨ ਕਾਲਾਂ ਵੀ ਕਰਵਾਈਆਂ ਗਈਆਂ। ਹੋਰਨਾਂ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਵੀ ਚੋਣ ਪ੍ਰਚਾਰ ਕੀਤਾ ਗਿਆ।
ਵੋਟਾਂ ਸਬੰਧੀ ਅਥਾਰਿਟੀ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਭਲਕੇ 5 ਸਤੰਬਰ ਨੂੰ ਸਵੇਰੇ 9.30 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ 12 ਵਜੇ ਤਕ ਜਾਰੀ ਰਹੇਗੀ। ਵੋਟਿੰਗ ਉਪਰੰਤ ਬੈਲੇਟ ਬਾਕਸ ਜਿਮਨੇਜ਼ੀਅਮ ਹਾਲ ਵਿਖੇ ਪਹੁੰਚਾ ਦਿੱਤੇ ਜਾਣਗੇ ਜਿੱਥੇ ਬਾਅਦ ਦੁਪਹਿਰ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਦੇ ਚੁਣੇ ਗਏ ਡੀ.ਆਰਜ਼ ਦੀ ਸੂਚੀ ਸਬੰਧਤ ਵਿਭਾਗਾਂ ਵਿੱਚ ਲਗਾਈ ਜਾਵੇਗੀ। ਕੌਂਸਲ ਅਹੁਦੇਦਾਰਾਂ ਦੇ ਨਤੀਜੇ ਐਲਾਨਣ ਉਪਰੰਤ ਜ਼ੂਲੋਜੀ ਵਿਭਾਗ ਦੇ ਆਡੀਟੋਰੀਅਮ ਵਿੱਚ ਕਾਰਜਕਾਰਨੀ ਦੀ ਚੋਣ ਹੋਵੇਗੀ ਜਿੱਥੇ ਕਿ ਸਿਰਫ਼ ਚੁਣੇ ਹੋਏ ਵਿਭਾਗੀ ਪ੍ਰਤੀਨਿਧ (ਡੀ.ਆਰਜ਼) ਅਤੇ ਕੌਂਸਲ ਅਹੁਦੇਦਾਰ ਹੀ ਸ਼ਾਮਲ ਹੋ ਸਕਣਗੇ।

ਯੂਟੀ ਦੇ ਕਾਲਜਾਂ ਵਿੱਚ ਵੋਟਾਂ ਅੱਜ; ਪ੍ਰਸ਼ਾਸਨ ਤੇ ਪੁਲੀਸ ਵੱਲੋਂ ਸਖ਼ਤ ਪ੍ਰਬੰਧ

ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਯੂਟੀ ਦੇ ਕਾਲਜਾਂ ਵਿੱਚ ਭਲਕੇ ਹੋਣ ਵਾਲੀਆਂ ਵਿਦਿਆਰਥੀਆਂ ਚੋਣਾਂ ਲਈ ਪ੍ਰਸ਼ਾਸਨ ਤੇ ਕਾਲਜ ਪ੍ਰਬੰਧਕਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵੋਟਾਂ ਪੈਣ ਤੋਂ 24 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋਣ ਕਾਰਨ ਅੱਜ ਬਾਕੀ ਕਾਲਜਾਂ ਵਿੱਚ ਸ਼ਾਂਤੀ ਰਹੀ ਪਰ ਡੀਏਵੀ ਤੇ ਐਸਡੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਕਾਲਜ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀ ਆਗੂਆਂ ਨੇ ਘਰ-ਘਰ ਤੇ ਸੋਸ਼ਲ ਮੀਡੀਆ ਜ਼ਰੀਏ ਚੋਣ ਪ੍ਰਚਾਰ ਕੀਤਾ। ਯੂਟੀ ਦੇ ਸਾਰੇ ਕਾਲਜਾਂ ਵਿੱਚ ਵੋਟਾਂ ਪੈਣ ਦਾ ਸਮਾਂ ਸਵੇਰੇ 9.30 ਤੋਂ ਦੁਪਹਿਰ 12 ਵਜੇ ਤਕ ਦਾ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਕਾਲਜ ਸੈਕਟਰ-11 ਵਿਚ 4160 ਵਿਦਿਆਰਥੀਆਂ ਦੀਆਂ ਵੋਟਾਂ ਹਨ ਜਦੋਂਕਿ ਐਸਡੀ ਕਾਲਜ ਸੈਕਟਰ-32 ਵਿਚ 8800 ਵਿਦਿਆਰਥੀ ਵੋਟਰ ਰਜਿਸਟਰਡ ਹਨ। ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿਚ 1957 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ 4634 ਵੋਟਰ ਹਨ। ਐੱਸਡੀ ਕਾਲਜ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਨੇ ਟੋਲਿਆਂ ਦੀ ਥਾਂ ਵਿਅਕਤੀਗਤ ਪ੍ਰਚਾਰ ਕੀਤਾ। ਇੱਥੋਂ ਦੇ ਇੱਕ ਕਾਲਜ ਦੇ ਵਿਦਿਆਰਥੀਆਂ ਨੂੰ ਕੋਡ ਪਰਚੀਆਂ ਰਾਹੀਂ ਸ਼ਰਾਬ ਵੰਡੀ ਗਈ। ਇਹ ਵੀ ਪਤਾ ਲੱਗਿਆ ਹੈ ਕਿ ਸੈਕਟਰ-10 ਦੇ ਠੇਕੇ ਵਿੱਚ ਪਿਛਲੇ ਦਿਨਾਂ ਵਿੱਚ ਕਈ ਬਰਾਂਡਾਂ ਦੀ ਸੇਲ ਵਧ ਗਈ ਹੈ। ਇਸ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਦਸ-ਦਸ ਪੇਟੀਆਂ ਲਿਜਾਈਆਂ ਜਾ ਰਹੀਆਂ ਹਨ। ਉਸ ਨੇ ਇਸ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਸੈਕਟਰ ਦੇ ਕਾਲਜ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਕਾਲਜਾਂ ਦੇ ਕਈ ਗਰੁੱਪਾਂ ਨੂੰ ਸ਼ਰਾਬ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੈਕਟਰ-46 ਦੇ ਠੇਕੇ ਵਿੱਚ ਵੀ ਪਿਛਲ ਕੁਝ ਦਿਨਾਂ ਤੋਂ ਕਈ ਬਰਾਂਡਾਂ ਦੀ ਸੇਲ ਵਧ ਗਈ ਹੈ। ਸੂਤਰਾਂ ਅਨੁਸਾਰ ਸ਼ਰਾਬ ਦੀਆਂ ਪੇਟੀਆਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਿੱਤੀਆਂ ਗਈਆਂ ਜੋ ਵੱਡੇ ਸਮੂਹ ਵਿੱਚ ਵਿਚਰਦੇ ਰਹੇ ਹਨ। ਇਕ ਵਿਦਿਆਰਥੀ ਨੇ ਦੱਸਿਆ ਕਿ ਹਰ ਜਮਾਤ ਦੇ ਮੋਹਰੀ ਵਿਦਿਆਰਥੀਆਂ ਨੂੰ ਬੋਤਲਾਂ ਵੀ ਵੰਡੀਆਂ ਗਈਆਂ।

Advertisement

Advertisement
Author Image

Advertisement