For the best experience, open
https://m.punjabitribuneonline.com
on your mobile browser.
Advertisement

ਸੀਟੂ ਆਗੂਆਂ ਨੇ ਕਾਮਿਲ ਅਮਰ ਸਿੰਘ ਨੂੰ ਮੰਗ ਪੱਤਰ ਸੌਂਪਿਆ

08:00 AM Jul 23, 2024 IST
ਸੀਟੂ ਆਗੂਆਂ ਨੇ ਕਾਮਿਲ ਅਮਰ ਸਿੰਘ ਨੂੰ ਮੰਗ ਪੱਤਰ ਸੌਂਪਿਆ
ਕਾਮਿਲ ਅਮਰ ਸਿੰਘ ਨੂੰ ਸੀਟੂ ਆਗੂ ਮੰਗ-ਪੱਤਰ ਸੌਂਪਦੇ ਹੋਏ। -ਫ਼ੋਟੋ: ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 22 ਜੁਲਾਈ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸਬੰਧਤ ਵੱਖ-ਵੱਖ ਟਰੇਡ ਯੂਨੀਅਨਾਂ ਦੇ ਸੈਂਕੜੇ ਕਾਰਕੁਨਾਂ ਨੇ ਲੋਕ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਮੌਕੇ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਨਾਂ ਇੱਕ ਮੰਗ ਪੱਤਰ ਉਨ੍ਹਾਂ ਦੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਸੌਂਪਿਆ। ਸੀਨੀਅਰ ਯੂਥ ਕਾਂਗਰਸ ਆਗੂ ਕਾਮਿਲ ਅਮਰ ਸਿੰਘ ਨੇ ਮਜ਼ਦੂਰ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਭਰੋਸਾ ਦਿੱਤਾ ਕਿ ਮਜ਼ਦੂਰ ਮੰਗਾਂ ਲਈ ਡਾਕਟਰ ਅਮਰ ਸਿੰਘ ਲੋਕ ਸਭਾ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰਨਗੇ। ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਮਰਨਾਥ ਕੂੰਮਕਲਾਂ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਵੱਲੋਂ ਡੇਢ ਸੌ ਸੰਸਦ ਮੈਂਬਰਾਂ ਨੂੰ ਬਾਹਰ ਕੱਢ ਕੇ ਬਿਨਾਂ ਕਿਸੇ ਬਹਿਸ ਤੋਂ ਪਾਸ ਕੀਤੇ ਤਿੰਨ ਅਪਰਾਧਿਕ ਕਾਨੂੰਨ ਵਾਪਸ ਲੈਣ ਤੇ ਕਿਰਤ ਕਾਨੂੰਨ ਖ਼ਤਮ ਕਰ ਕੇ ਬਣਾਏ ਚਾਰ ਲੇਬਰ ਕੋਡ ਵਾਪਸ ਲੈਣ ਦੀ ਮੰਗ ਕੀਤੀ। ਸੀਟੂ ਆਗੂਆਂ ਨੇ ਦੇਸ਼ ਦੇ ਕਿਸਾਨਾਂ ਲਈ ਸਭ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਮਨਰੇਗਾ ਕਾਮਿਆਂ ਲਈ ਸਾਲ ਵਿੱਚ 200 ਦਿਨ ਕੰਮ ਦੇਣ, 700 ਰੁਪਏ ਦਿਹਾੜੀ, ਰੁਜ਼ਗਾਰ ਦੀ ਸੁਰੱਖਿਆ, ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਮੰਗ ਕੀਤੀ। ਸੀਟੂ ਆਗੂਆਂ ਨੇ ਬਾਅਦ ਵਿੱਚ ਐੱਸ.ਡੀ.ਐੱਮ ਰਾਏਕੋਟ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਸਥਾਨਕ ਮੰਗਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ। ਮਜ਼ਦੂਰ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਵਿਵਾਦਿਤ ਫ਼ੌਜਦਾਰੀ ਕਾਨੂੰਨ ਅਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ। ਇਸ ਮੌਕੇ ਰੁਲਦਾ ਸਿੰਘ ਗੋਬਿੰਦਗੜ੍ਹ, ਪ੍ਰਿਤਪਾਲ ਸਿੰਘ ਬਿੱਟਾ, ਗੁਰਦੀਪ ਸਿੰਘ ਬੁਰਜ ਹਕੀਮਾਂ, ਮਜ਼ਦੂਰ ਆਗੂ ਮਨਦੀਪ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ।

Advertisement
Advertisement
Author Image

sukhwinder singh

View all posts

Advertisement