ਸੀਟੂ ਆਗੂਆਂ ਨੇ ਸਰਕਾਰ ਦਾ ਪੁਤਲਾ ਫੂਕਿਆ
ਸੰਤੋਖ ਗਿੱਲ
ਰਾਏਕੋਟ, 1 ਸਤੰਬਰ
ਸੀਟੂ ਦੇ ਸੂਬਾ ਸਕੱਤਰ ਅਤੇ ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਨਗਰ ਕੌਂਸਲ ਦਫ਼ਤਰ ਸਾਹਮਣੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਸ਼ਹਿਰ ਵਿੱਚ ਕੁਝ ਲੋਕਾਂ ਵੱਲੋਂ ਫ਼ਰਜ਼ੀ ਐੱਨਓਸੀ ਸਹਾਰੇ ਆਮ ਲੋਕਾਂ ਅਤੇ ਸੂਬਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ, ਮਾਲ ਵਿਭਾਗ, ਵਿਜੀਲੈਂਸ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਨੇ ਮਿਲੀਭੁਗਤ ਤਹਿਤ ਇਸ ਮਾਮਲੇ ਉੱਪਰ ਮਿੱਟੀ ਪਾਉਣ ਦਾ ਹੀ ਕੰਮ ਕੀਤਾ ਹੈ। ਸੀਟੂ ਦੇ ਸੱਦੇ ’ਤੇ ਨਗਰ ਕੌਂਸਲ ਰਾਏਕੋਟ ਸਾਹਮਣੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪੁਤਲਾ ਫੂਕਿਆ ਗਿਆ। ਸੀਟੂ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਫ਼ਰਜ਼ੀ ਐੱਨਓਸੀ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਪੁਤਲੇ ਫੂਕਣ ਦਾ ਸਿਲਸਿਲਾ ਜਾਰੀ ਰਹੇਗਾ।
ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਦੌਰਾਨ ਇਹ ਵੀ ਦੋਸ਼ ਲਾਇਆ ਕਿ ਸਥਾਨਕ ਸਰਕਾਰਾਂ ਵਿਭਾਗ ਅਤੇ ਐੱਸਡੀਐੱਮ ਰਾਏਕੋਟ ਵੱਲੋਂ ਲਿਖਤੀ ਆਦੇਸ਼ ਦੇ ਬਾਵਜੂਦ ਰਾਏਕੋਟ ਪੁਲੀਸ ਫ਼ਰਜ਼ੀ ਐੱਨਓਸੀ ਦਾ ਗੋਰਖਧੰਦਾ ਚਲਾਉਣ ਵਾਲਿਆਂ ਨਾਲ ਮਿਲੀਭੁਗਤ ਤਹਿਤ ਜਾਣਬੁੱਝ ਕੇ ਮਾਮਲੇ ਨੂੰ ਲਟਕਾ ਰਹੀ ਹੈ। ਸੀਟੂ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਤੱਖ ਸਬੂਤਾਂ ਦੇ ਬਾਵਜੂਦ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰੁਲਦਾ ਸਿੰਘ ਗੋਬਿੰਦਗੜ੍ਹ, ਰੇਹੜੀ-ਫੜ੍ਹੀ ਮਜ਼ਦੂਰ ਯੂਨੀਅਨ ਦੇ ਵਿਜੇ ਕੁਮਾਰ, ਗੋਮਤੀ ਪ੍ਰਸ਼ਾਦ ਮੌਜੂਦ ਸਨ।