ਸੀਆਈਟੀਯੂ ਕਨਵੈਨਸ਼ਨ: ਦੇਸ਼ ਭਗਤ ਯਾਦਗਾਰ ਹਾਲ ਤੋਂ ਪੰਡਿਤ ਕਿਸ਼ੋਰੀ ਲਾਲ ਦੇ ਬੁੱਤ ਤੱਕ ਮਾਰਚ
ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
ਸੀਆਈਟੀਯੂ ਵੱਲੋਂ ਸੂਬਾਈ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ, ਕ੍ਰਿਸ਼ਨਾ ਕੁਮਾਰੀ, ਅਬਦੁਲ ਸਤਾਰ, ਤਰਸੇਮ ਸਿੰਘ, ਸਰੋਜ ਬਾਲਾ ਅਤੇ ਕਾਮਰੇਡ ਸੁੱਚਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੰਗਾਂ ਅਤੇ ਅਗਲੇ ਸੰਘਰਸ਼ਾਂ ਲਈ ਮਤਾ ਕਾਮਰੇਡ ਸੁੱਚਾ ਸਿੰਘ ਅਜਨਾਲਾ ਵੱਲੋਂ ਪੇਸ਼ ਕੀਤਾ ਗਿਆ। ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਵੱਲੋਂ ਮਤੇ ਦੀ ਪ੍ਰੋੜਤਾ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ 15 ਤੋਂ 31 ਜੁਲਾਈ ਤੱਕ ਸਹਾਇਕ ਲੇਬਰ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਰੈਲੀਆਂ ਕਰ ਕੇ ਮੰਗ ਪੱਤਰ ਦਿੱਤੇ ਜਾਣਗੇ। ਕਾਮਰੇਡ ਅਜਨਾਲਾ ਨੇ ਵਿੱਤ ਸਬੰਧੀ ਮਤਾ ਪੇਸ਼ ਕਰਦਿਆਂ ਕਿਹਾ ਕਿ ਰਾਏਕੋਟ ਵਿੱਚ ਸੂਬਾਈ ਸੀਟੂ ਕਾਨਫਰੰਸ ਦੇ ਨਾਂ ’ਤੇ ਲੱਖਾਂ ਰੁਪਏ ਫੰਡਾਂ ਇਕੱਠਾ ਕੀਤਾ ਗਿਆ ਸੀ ਜਿਸ ਦਾ ਹਿਸਾਬ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਨਹੀਂ ਦਿੱਤਾ ਗਿਆ। ਭ੍ਰਿਸ਼ਟ ਗਤੀਵਿਧੀਆਂ ਅਤੇ ਸੀਟੂ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਸਾਥੀਆਂ ਨੂੰ ਸੀਟੂ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਇਹ ਸਾਥੀ ਅੱਜ ਤੋਂ ਸੀਟੂ ਦੇ ਪ੍ਰਾਇਮਰੀ ਮੈਂਬਰ ਵੀ ਨਹੀਂ ਰਹੇ ਹਨ। ਸੀਟੂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਹਾਊਸ ਵੱਲੋਂ ਕਾਮਰੇਡ ਮਹਿੰਦਰ ਕੁਮਾਰ ਬਡੋਆਣ ਨੂੰ ਕਾਰਜਕਾਰੀ ਪ੍ਰਧਾਨ ਅਤੇ ਜਤਿੰਦਰ ਪਾਲ ਸਿੰਘ ਨੂੰ ਕਾਰਜਕਾਰੀ ਜਨਰਲ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕਨਵੈਨਸ਼ਨ ਵਿੱਚ ਹਾਜ਼ਰ ਭਰਾਤਰੀ ਜਥੇਬੰਦੀਆਂ ਦੇ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕਾਮਰੇਡ ਬਲਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਮਤਿਆਂ ਦੀ ਪ੍ਰੋੜਤਾ ਕਰਦੇ ਹੋਏ ਸੰਘਰਸ਼ਾਂ ਦੇ ਸਮਰਥਨ ਦਾ ਐਲਾਨ ਕੀਤਾ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਪਰਸ਼ੋਤਮ ਬਿਲਗਾ ਵੱਲੋਂ ਮਤਾ ਪੇਸ਼ ਕਰ ਕੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜਲੰਧਰ ਵਿੱਚ ਪੰਡਿਤ ਕਿਸ਼ੋਰੀ ਲਾਲ ਦੇ ਬੁੱਤ ਵਾਲੇ ਚੌਕ ਦਾ ਨਾਮ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੇ ਨਾਮ ’ਤੇ ਰੱਖਿਆ ਜਾਵੇ। ਕਨਵੈਨਸ਼ਨ ਵੱਲੋਂ ਮਤਾ ਪਾਸ ਕਰਨ ਉਪਰੰਤ ਜਲੰਧਰ ਸ਼ਹਿਰ ਅੰਦਰ ਵਿਸ਼ਾਲ ਮਾਰਚ ਕੀਤਾ ਗਿਆ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ। ਇਸ ਮੌਕੇ ਕਾਮਰੇਡ ਸਤਨਾਮ ਸਿੰਘ ਬੜੈਚ, ਸੁਰਜੀਤ ਸਿੰਘ ਗੱਗੜਾ, ਸੁਖਜੀਤ ਕੌਰ, ਸੁਮਨ ਰਾਣੀ ਅਤੇ ਹੋਰ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।