For the best experience, open
https://m.punjabitribuneonline.com
on your mobile browser.
Advertisement

ਸਾਈਫਰ ਕੇਸ: ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ

07:14 AM Jun 04, 2024 IST
ਸਾਈਫਰ ਕੇਸ  ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ
Advertisement

ਇਸਲਾਮਾਬਾਦ, 3 ਜੂਨ
ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਈਫਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਦੋਵਾਂ ਆਗੂਆਂ ਨੂੰ ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਦਸਤਾਵੇਜ਼ ਗੁਪਤ ਰੱਖਣ ਸਬੰਧੀ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਸਾਈਫਰ ਕੇਸ ਵਿੱਚ ਦਸ ਸਾਲਾਂ ਦੀ ਸਜ਼ਾ ਸੁਣਾਈ ਸੀ। ਇਸ ਕੇਸ ਦਾ ਸਬੰਧ ਉਸ ਘਟਨਾ ਨਾਲ ਹੈ, ਜਿਸ ਤਹਿਤ ਸਾਬਕਾ ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਵਿੱਚ ਇੱਕ ਕਾਗਜ਼ (ਕਥਿਤ ਤੌਰ ’ਤੇ ਸਫ਼ਾਰਤੀ ਜਾਣਕਾਰੀ ਸਬੰਧੀ ਦਸਤਾਵੇਜ਼ ਦੀ ਕਾਪੀ) ਇੱਕ ਜਨਤਕ ਰੈਲੀ ’ਚ ਦਿਖਾਉਂਦਿਆਂ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੀ ਸਰਕਾਰ ਨੂੰ ਵਿਦੇਸ਼ੀ ਤਾਕਤਾਂ (ਅਮਰੀਕੀ ਸਫ਼ੀਰ ਡੋਨਲਡ ਲੂ) ਵੱਲੋਂ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜ਼ਿਸ਼ ਦਾ ਸਬੂਤ ਹੈ। ਉਨ੍ਹਾਂ ਵੱਲੋਂ ਇਹ ਦਸਤਾਵੇਜ਼ ਅਪਰੈਲ 2022 ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਡਿੱਗਣ ਤੋਂ ਮਹਿਜ਼ ਦੋ ਹਫ਼ਤੇ ਪਹਿਲਾਂ ਦਿਖਾਇਆ ਗਿਆ ਸੀ। ਇਨ੍ਹਾਂ ਦੋਵਾਂ ਆਗੂਆਂ ਵੱਲੋਂ ਅਦਾਲਤੀ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ’ਤੇ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਤੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ (ਜੇ ਉਨ੍ਹਾਂ ਦੀ ਕਿਸੇ ਹੋਰ ਕੇਸ ’ਚ ਲੋੜ ਨਹੀਂ ਹੈ)। ਇਹ ਫ਼ੈਸਲਾ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਨੇ ਸੁਣਾਇਆ। ਸਾਈਫਰ ਕੇਸ ਬੀਤੇ ਵਰ੍ਹੇ ਫੈਡਰਲ ਜਾਂਚ ਏਜੰਸੀ ਵੱਲੋਂ 15 ਅਗਸਤ ਨੂੰ ਦਾਇਰ ਕੀਤਾ ਗਿਆ ਸੀ।

Advertisement

ਇਮਰਾਨ ਖ਼ਾਨ ਦੋ ਹੋਰ ਕੇਸਾਂ ’ਚ ਬਰੀ

ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਦੋ ਹੋਰ ਆਗੂਆਂ ਨੂੰ ਸਾਲ 2022 ਵਿੱਚ ਕੱਢੇ ਗਏ ਇੱਕ ਰੋਸ ਮਾਰਚ ਦੌਰਾਨ ਹੋਈ ਭੰਨ-ਤੋੜ ਨਾਲ ਜੁੜੇ ਦੋ ਕੇਸਾਂ ’ਚੋਂ ਬਰੀ ਕਰ ਦਿੱਤਾ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਇਮਰਾਨ ਖ਼ਾਨ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਸੰਚਾਰ ਮੰਤਰੀ ਮੁਰਾਦ ਸਈਦ ਤੇ ਪਾਰਟੀ ਦੇ ਹੋਰ ਆਗੂਆਂ ਨੂੰ ‘ਹਕੀਕੀ ਆਜ਼ਾਦੀ’ ਮਾਰਚ ਦੌਰਾਨ ਹੋਈ ਭੰਨ-ਤੋੜ ਸਬੰਧੀ ਦੋ ਕੇਸਾਂ ’ਚੋਂ ਬਰੀ ਕਰ ਦਿੱਤਾ ਹੈ।

ਇਮਰਾਨ ਦੇ ਵਿਆਹ ਸਬੰਧੀ ਕੇਸ ਤਬਦੀਲ ਕਰਨ ਬਾਰੇ ਅਰਜ਼ੀ ਮਨਜ਼ੂਰ

ਇਸਲਾਮਾਬਾਦ: ਹਾਈ ਕੋਰਟ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਗ਼ੈਰ-ਕਾਨੂੰਨੀ ਵਿਆਹ ਸਬੰਧੀ ਕੇਸ ਦੂਜੀ ਅਦਾਲਤ ਵਿੱਚ ਤਬਦੀਲ ਕਰਨ ਸਬੰਧੀ ਅਰਜ਼ੀ ਮਨਜ਼ੂਰ ਕਰ ਲਈ ਹੈ। ਦਰਅਸਲ, ਸ਼ਿਕਾਇਤਕਰਤਾ ਵੱਲੋਂ ਜੱਜ ’ਤੇ ਭਰੋਸੇ ਦੀ ਕਮੀ ਦਾ ਪ੍ਰਗਟਾਵਾ ਕੀਤਾ ਸੀ। ਦੋਵਾਂ ਪਤੀ-ਪਤਨੀ ਨੂੰ ਬੀਤੀ 3 ਫਰਵਰੀ ਨੂੰ ਇੱਕ ਟਰਾਇਲ ਅਦਾਲਤ ਨੇ ‘ਇੱਦਤ’ (ਇਸਲਾਮ ਵਿੱਚ ਇੱਕ ਔਰਤ ਦੇ ਪਤੀ ਦੀ ਮੌਤ ਜਾਂ ਤਲਾਕ ਮਗਰੋਂ ਇੰਤਜ਼ਾਰ ਕਰਨ ਦਾ ਲਾਜ਼ਮੀ ਸਮਾਂ) ਦੇ ਵਕਫ਼ੇ ਦੌਰਾਨ ਵਿਆਹ ਕਰਵਾਉਣ ਦੇ ਦੋਸ਼ ਹੇਠ ਸੱਤ ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×