ਸਿਨੇਮਾ ਸਿਰਫ਼ ਮਨੋਰੰਜਨ ਲਈ ਹੋਵੇ: ਘੁੱਗੀ
ਨਵੀਂ ਦਿੱਲੀ:
ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੇ ਮੁਲਤਵੀ ਹੋਣ ’ਤੇ ਅੱਜ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੋਈ ਵੀ ਫਿਲਮ ਏਜੰਡੇ ਨੂੰ ਮੁੱਖ ਰੱਖ ਕੇ ਬਣਾਈ ਨਹੀਂ ਜਾਣੀ ਚਾਹੀਦੀ ਅਤੇ ਫਿਲਮ ਲਈ ਸਿਨੇਮਾ ਦੀ ਦੁਰਵਰਤੋਂ ਵੀ ਨਹੀਂ ਕਰਨੀ ਚਾਹੀਦੀ। ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਪ੍ਰਮੋਸ਼ਨ ਕਰਨ ਲਈ ਕੌਮੀ ਰਾਜਧਾਨੀ ਵਿੱਚ ਪੁੱਜੇ। ਇਸ ਮੌਕੇ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਤੇ ਫਿਲਮ ਦੇ ਹੋਰ ਸਹਿ-ਅਦਾਕਾਰ ਵੀ ਮੌਜੂਦ ਸਨ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਮੀਡੀਆ ਨਾਲ ਫਿਲਮ ‘ਐਮਰਜੈਂਸੀ’ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਫਿਲਮ ਨੂੰ ਹਾਲੇ ਤਕ ਸੈਂਸਰ ਬੋਰਡ ਨੇ ਸਰਟੀਫਿਕੇਟ ਜਾਰੀ ਨਹੀਂ ਕੀਤਾ, ਜਿਸ ਕਰ ਕੇ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਸਬੰਧੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਗਈ ਸੀ, ਜਿਸ ਦਾ ਅਦਾਲਤ ਨੇ ਨਿਪਟਾਰਾ ਕਰ ਦਿੱਤਾ ਹੈ। ਪਟੀਸ਼ਨਕਰਤਾਵਾਂ ਵਿੱਚੋਂ ਇੱਕ ਨੇ ਕਿਹਾ ਸੀ ਕਿ ਫਿਲਮ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦ੍ਰਿਸ਼ ਹਨ। ਪਟੀਸ਼ਨਕਰਤਾਵਾਂ ਨੇ ਕੇਂਦਰ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੂੰ ਫਿਲਮ ਦੇ ਸਰਟੀਫਿਕੇਟ ਨੂੰ ਰੱਦ ਕਰਨ ਅਤੇ ‘ਇਤਰਾਜ਼ਯੋਗ’ ਦ੍ਰਿਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸਿੱਖ ਬੁੱਧੀਜੀਵੀਆਂ ਵਾਲੇ ਮਾਹਿਰ ਪੈਨਲ ਤੋਂ ਫਿਲਮ ਦੀ ਸਮੀਖਿਆ ਕਰਵਾਈ ਜਾਵੇ। ਇਸ ਬਾਰੇ ਘੁੱਗੀ ਨੇ ਕਿਹਾ,‘ ’ਫਿਲਮ ‘ਐਮਰਜੈਂਸੀ’ ਕੇ ਬਾਰੇ ਮੇਂ ਇਤਰਾਜ਼ ਜਤਾਇਆ ਜਾ ਰਹਾ ਹੈ.. ਹਮ ਭੀ ਉਸੀ ਭਾਈਚਾਰੇ ਸੇ ਹੈਂ, ਹਮ ਭੀ ਫਿਲਮ ਬਨਾਤੇ ਹੈਂ। ਹਮ ਨੇ ਭੀ ਫਿਲਮੇਂ ਬਨਾਈ ਹੈਂ ਮਨੋਰੰਜਨ ਕੇ ਲਈ, ਅਗਰ ਮੈਂ ਇਸ ਮੇ ਕੋਈ ਏਜੰਡਾ ਲੇ ਕਰ ਆਉਂਗਾ ਤੋ ਗਲਤ ਬਾਤ ਹੈ।’ -ਆਈਏਐੱਨਐੱਸ