ਕਰੋਨਾਵਾਇਰਸ: ਦਿੱਲੀ ਵਿੱਚ 22 ਫ਼ੀਸਦ ਲੋਕ ਪ੍ਰਭਾਵਿਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਗਸਤ
ਦਿੱਲੀ ਦੇ 22 ਫ਼ੀਸਦ ਤੋਂ ਵੱਧ ਲੋਕ ਕਰੋਨਾਵਾਇਰਸ ਦੇ ਸੰਪਰਕ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਆਏ ਹਨ ਤੇ ਇਹ ਤੱਥ ਦਿੱਲੀ ਵਿੱਚ ਕੀਤੇ ਗਏ ਪਹਿਲੇ ‘ਸੀਰੋ’ ਸਰਵੇਖਣ ਤੋਂ ਸਾਹਮਣੇ ਆਏ ਹਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਪਹਿਲੇ ਸੀਰੋ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦਿੱਲੀ ਵਿੱਚ 22 ਫ਼ੀਸਦ ਤੋਂ ਵੱਧ ਲੋਕਾਂ ਨੂੰ ਕਰੋਨਾਵਾਇਰਸ ਦੀ ਲਾਗ ਲੱਗੀ ਹੈ। ਉਨ੍ਹਾਂ ਕਿਹਾ ਕਿ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਇਸ ਹਫ਼ਤੇ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਹੁਣ ਕਰੀਬ ਸਾਰੀਆਂ ਡਿਸਪੈਂਸਰੀਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਡੇਢ ਲੱਖ ਤੋਂ ਵੱਧ ਮਰੀਜ਼ ਬੀਤੇ 5 ਮਹੀਨਿਆਂ ਦੌਰਾਨ ਸਾਹਮਣੇ ਆ ਚੁੱਕੇ ਹਨ।
ਇਸੇ ਦੌਰਾਨ ਡਾਕਟਰਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਕੁਝ ਅਜਿਹੇ ਮਰੀਜ਼ ਵੀ ਸਾਹਮਣੇ ਆਏ ਹਨ ਜੋ ਪਹਿਲਾਂ ਕਰੋਨਾ ਉਪਰ ਜਿੱਤ ਪਾ ਚੁੱਕੇ ਹਨ ਪਰ ਫਿਰ ਮੁੜ ਕੋਵਿਡ-19 ਦੇ ਪਾਜ਼ੇਟਿਵ ਪਾਏ ਗਏ ਹਨ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦੋ ਮਰੀਜ਼ ਅਜਿਹੇ ਆਏ ਸਨ ਜਿਨ੍ਹਾਂ ਨੇ ਕਰੀਬ ਡੇਢ ਮਹੀਨਾ ਪਹਿਲਾਂ ਕਰੋਨਾ ਉਪਰ ਜਿੱਤ ਪਾਈ ਸੀ। ਹੁਣ ਮੁੜ ਅਜਿਹੇ ਨਵੇਂ ਮਰੀਜ਼ ਪਾਏ ਗਏ ਹਨ ਜੋ ਮੁੜ ਕਰੋਨਾ ਦੀ ਲਪੇਟ ਵਿੱਚ ਪਾਏ ਗਏ ਹਨ ਜਿਨ੍ਹਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਸੀ। ਹਾਲਾਂਕਿ ਇਨ੍ਹਾਂ ਵਿੱਚ ਦਰਮਿਆਨੇ ਲੱਛਣ ਆਏ ਹਨ। ਅਕਾਸ਼ ਹੈਲਥ ਕੇਅਰ ਵਿਖੇ ਇਕ ਮਰੀਜ਼ ਜੋ ਕੈਂਸਰ ਤੋਂ ਪੀੜਤ ਸੀ ਨੂੰ ਕਰੋਨਾ ਹੋਇਆ ਤੇ ਹੁਣ ਮੁੜ ਲੱਛਣ ਉਭਰੇ ਹਨ। ਡਾਕਟਰਾਂ ਮੁਤਾਬਕ ਕਰੋਨਾਵਾਇਰਸ 9ਵੇਂ ਜਾਂ 10ਵੇਂ ਦਿਨ ਕ੍ਰਿਰਿਆਹੀਣ ਹੋ ਜਾਂਦਾ ਹੈ ਤੇ ਮੁੜ ਸਰੀਰ ਵਿੱਚ ਨਹੀਂ ਬਣਦਾ ਪਰ ਹੁਣ ਵੱਖਰੇ ਤਰੀਕੇ ਨਾਲ ਸੋਚਣਾ ਪਵੇਗਾ।
ਵਾਇਰਸ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ
ਇਥੇ ਪੁਲੀਸ ਕੰਟਰੋਲ ਰੂਮ ਵਿੱਚ ਤਾਇਨਾਤ ਥਾਣੇਦਾਰ ਸੰਜੇ ਸ਼ਰਮਾ (51) (1997 ਬੈੱਚ ਦੇ ਅਧਿਕਾਰੀ) ਦੀ ਕੋਵਿਡ-19 ਦੀ ਜ਼ੱਦ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਇਸ ਬਿਮਾਰੀ ਦਾ ਸ਼ਿਕਾਰ ਬਣਨ ਵਾਲਾ ਦਿੱਲੀ ਪੁਲੀਸ ਦਾ ਇਹ 16ਵਾਂ ਮੁਲਾਜ਼ਮ ਹੈ। ਉਸ ਨੂੰ 15 ਦਿਨ ਪਹਿਲਾਂ ਇੰਡੀਅਨ ਸਪਾਈਨਲ ਇੰਜ਼ਰੀਜ਼ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਲਈ ਪਲਾਜ਼ਮਾ ਥੈਰੇਪੀ ਵੀ ਸਫਲ ਨਹੀਂ ਰਹੀ। ਉਸ ਦੀ ਬੀਤੀ ਰਾਤ ਹਾਲਤ ਵਿਗੜ ਗਈ ਤੇ ਮੰਗਲਵਾਰ ਸਵੇਰੇ ਮੌਤ ਹੋ ਗਈ। ਉਧਰ ਡੀਸੀਪੀ ਸ਼ਰਤ ਸਿਨਹਾ ਨੇ ਕਿਹਾ ਕਿ ਉਸ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਹੁਣ ਤੱਕ ਦਿੱਲੀ ਪੁਲੀਸ ਦੇ 2500 ਮੁਲਾਜ਼ਮਾਂ ਨੂੰ ਕੋਵਿਡ-19 ਦੀ ਲਾਗ ਲੱਗ ਚੁੱਕੀ ਹੈ। ਕਰੀਬ 2 ਹਜ਼ਾਰ ਮੁਲਾਜ਼ਮ ਸਿਹਤਮੰਦ ਹੋ ਕੇ ਮੁੜ ਡਿਊਟੀ ਉਪਰ ਆ ਚੁੱਕੇ ਹਨ।