ਸੋਨੀਆ ਵਿਹਾਰ ’ਚ ਬਣੇਗੀ ਐਲੀਵੇਟਿਡ ਰੋਡ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਦਿੱਲੀ ਸਰਕਾਰ ਨੇ ਸੋਨੀਆ ਵਿਹਾਰ ਵਿੱਚ 500 ਕਰੋੜ ਰੁਪਏ ਦੇ ਐਲੀਵੇਟਿਡ ਰੋਡ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 5.5 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ ਮਨਜ਼ੂਰੀ ਦੇ ਦਿੱਤੀ ਹੈ। ਸੋਨੀਆ ਵਿਹਾਰ ਖੇਤਰ ਵਿੱਚ ਬਣਾਈ ਜਾਣ ਵਾਲੀ ਸਾਢੇ ਪੰਜ ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ’ਤੇ 500 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਸੜਕ ਪ੍ਰਾਜੈਕਟ ਦਾ ਉਦੇਸ਼ ਟਰਾਂਸ-ਯਮੁਨਾ ਖੇਤਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨਾ ਅਤੇ ਸੰਪਰਕ ਵਿੱਚ ਸੁਧਾਰ ਕਰਨਾ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਵਰਮਾ ਨੇ ਦੱਸਿਆ ਕਿ ਸਥਾਨਕ ਵਿਧਾਇਕ ਅਤੇ ਮੰਤਰੀ ਕਪਿਲ ਮਿਸ਼ਰਾ ਇਸ ਪ੍ਰਾਜੈਕਟ ਲਈ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਵੱਡੀ ਗਿਣਤੀ ਦਰੱਖਤ ਹੋਣ ਕਾਰਨ ਇੱਕ ਰਵਾਇਤੀ ਸੜਕ ਦੀ ਬਜਾਇ ਫਲਾਈਓਵਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੜ੍ਹਾਂ ਸਬੰਧੀ ਵਿਭਾਗ ਨਾਲ ਚਰਚਾ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਐਲੀਵੇਟਿਡ ਰੋਡ ਨਾਨਕਸਰ ਗੁਰਦੁਆਰੇ ਤੋਂ ਸ਼ਨੀ ਮੰਦਿਰ (ਯੂਪੀ ਬਾਰਡਰ) ਤੱਕ ਹੋਵੇਗੀ ਹੈ ਜਿਸ ਨਾਲ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਆਵਾਜਾਈ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਕਰਾਵਲ ਨਗਰ ਦੇ ਵਿਧਾਇਕ ਕਪਿਲ ਮਿਸ਼ਰਾ ਨੇ ਪ੍ਰਾਜੈਕਟ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਤੇ ਇਹ ਪ੍ਰਾਜੈਕਟ ਇਸ ਦਾ ਸਬੂਤ ਹੈ। ਇਹ ਸੜਕ ਟਰਾਂਸ-ਯਮੁਨਾ ਵਾਸੀਆਂ ਲਈ ਵੱਡਾ ਮੁੱਦਾ ਰਿਹਾ ਹੈ ਤੇ ਅੱਜ ਇਸ ਨੂੰ ਹੱਲ ਕਰ ਲਿਆ ਹੈ।