ਚੜ੍ਹਦੀਕਲਾ ਸਪੋਰਟਸ ਕਲੱਬ ਨੇ ਕਰਵਾਇਆ ਪਲੇਠਾ ਖੇਡ ਮੇਲਾ
ਸੁਰਿੰਦਰ ਮਾਵੀ
ਵਿਨੀਪੈੱਗ:
ਪਿਛਲੇ ਦਿਨੀਂ ਚੜ੍ਹਦੀਕਲਾ ਸਪੋਰਟਸ ਕਲੱਬ ਮੈਨੀਟੋਬਾ ਵੱਲੋਂ ਪਲੇਠਾ ਖੇਡ ਮੇਲਾ ਵੈਸਟ ਸੇਂਟ ਪਾਲ ਸੈਂਟਰ ਦੀਆਂ ਖੇਡ ਮੈਦਾਨਾਂ ਵਿੱਚ ਕਰਵਾਇਆ ਗਿਆ। ਕਲੱਬ ਦੇ ਮੈਂਬਰਾਂ ਰੁਪਿੰਦਰ ਬਰਾੜ, ਜੱਗੀ ਗਰੇਵਾਲ, ਸੁੱਖ ਬਰਾੜ, ਰਣਧੀਰ ਬਰਾੜ, ਕਮਲ ਸੇਖੋਂ ਅਤੇ ਉਨ੍ਹਾਂ ਦੀ ਪੂਰੀ ਕਲੱਬ ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਕੈਨੇਡਾ ਵਿੱਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੀਆਂ ਵਿਰਾਸਤੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ। ਇਸ ਖੇਡ ਮੇਲੇ ਦਾ ਮੁੱਖ ਆਕਰਸ਼ਨ ਬੱਚਿਆਂ ਦੀਆਂ ਖੇਡਾਂ ਸਨ। ਦੋ ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਹਰ ਉਮਰ ਦੇ ਬੱਚਿਆਂ ਨੇ ਵੱਖੋ ਵੱਖ ਖੇਡਾਂ ’ਚ ਹਿੱਸਾ ਲਿਆ।
ਇਸ ਦੌਰਾਨ ਐੱਮ.ਐੱਲ. ਏ. ਦਲਜੀਤ ਪਾਲ ਬਰਾੜ, ਐੱਮ.ਐੱਲ.ਏ. ਜੇ.ਡੀ. ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਖੇਡ ਮੇਲੇ ਵਿੱਚ ਕਬੱਡੀ, ਫੁੱਟਬਾਲ ਤੋਂ ਇਲਾਵਾ ਵਾਲੀਬਾਲ ਅਤੇ ਦੌੜਾਂ ਦੇ ਮੁਕਾਬਲੇ ਵੀ ਹੋਏ। ਇਸ ਦੌਰਾਨ ਕਬੱਡੀ ਮੈਚ ਵੀ ਕਰਵਾਏ ਗਏ। ਬੱਚਿਆਂ ਦੀਆਂ ਦੌੜ ਵਿੱਚ 6 ਸਾਲ ਦੇ ਵਰਗ ਵਿੱਚ ਅਮਨ ਤੂਰ ਨੇ ਪਹਿਲਾ, ਦਿਲਸ਼ਾਨ ਨੇ ਦੂਜਾ ਤੇ ਸਰਤਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 6 ਸਾਲ ਦੇ ਲੜਕੀਆਂ ਦੇ ਵਰਗ ਵਿੱਚ ਅੰਬਰ ਗਿੱਲ, ਜਪੁਜੀ ਕੌਰ ਤੇ ਅਨਿਆਂ ਕ੍ਰਮਵਾਰ ਪਹਿਲੇ, ਦੂਜੇ ’ਤੇ ਤੀਜੇ ਸਥਾਨ ’ਤੇ ਰਹੀਆਂ। ਅੱਠ ਸਾਲ ਦੇ ਲੜਕਿਆਂ ਦੇ ਵਰਗ ਵਿੱਚ ਫ਼ਤਿਹ ਨੇ ਪਹਿਲਾ, ਹਰਜੀਤ ਨੇ ਦੂਜਾ ਤੇ ਜੈਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠ ਸਾਲ ਦੇ ਲੜਕੀਆਂ ਦੇ ਵਰਗ ਵਿੱਚ ਜਸਪ੍ਰੀਤ ਬਰਾੜ, ਜਪਜੋਤ ਤੇ ਅਨਾਹਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਦਸ ਸਾਲ ਦੇ ਲੜਕਿਆਂ ਦੇ ਵਰਗ ਵਿੱਚ ਸਾਹਿਬ ਤੂਰ ਨੇ ਪਹਿਲਾ, ਰਿਧ ਵੀਰ ਨੇ ਦੂਜਾ ਤੇ ਬੰਤਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸ ਸਾਲ ਦੇ ਲੜਕੀਆਂ ਦੇ ਵਰਗ ਵਿੱਚ ਜਾਪ੍ਰੀਤ ਬਰਾੜ, ਗੁਰਮੰਤਰ ਬਰਾੜ ਤੇ ਗੁਣਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਬਾਰਾਂ ਸਾਲ ਦੇ ਲੜਕਿਆਂ ਦੇ ਵਰਗ ਵਿੱਚ ਜਗਜੋਤ ਨੇ ਪਹਿਲਾ, ਸਹਿਜਪ੍ਰੀਤ ਨੇ ਦੂਜਾ ਤੇ ਹਰਕੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰਾਂ ਸਾਲ ਦੇ ਲੜਕੀਆਂ ਦੇ ਵਰਗ ਵਿੱਚ ਗੁਰਲੀਨ, ਗੁਰਸਿਮਰਤ ਤੇ ਨਵਰੋਜ਼ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਚੌਦਾਂ ਸਾਲ ਦੇ ਲੜਕਿਆਂ ਦੇ ਵਰਗ ਵਿੱਚ ਯੁਵਰਾਜ ਨੇ ਪਹਿਲਾ, ਯੁਵਰਾਜ ਕੰਗ ਨੇ ਦੂਜਾ ਤੇ ਜਗਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਦਾਂ ਸਾਲ ਦੇ ਲੜਕੀਆਂ ਦੇ ਵਰਗ ਵਿੱਚ ਗੁਰਲੀਨ ਵਿਰਕ, ਗੁਰਸੀਰਤ ਤੇ ਗੁਰਸਿਮਰਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਦੌੜਾਂ ਵਿੱਚ ਹਰ ਉਮਰ ਵਰਗ ਦੇ ਪੁਰਸ਼ਾਂ ਅਤੇ ਮਹਿਲਾਵਾਂ ਨੇ ਹਿੱਸਾ ਲਿਆ। ਇਸ ਵਿੱਚ 100, 200 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ। ਇਸ ਵਿੱਚ ਬੱਚਿਆਂ ਵੱਲੋਂ ਭੰਗੜਾ ਤੇ ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਰੱਸਾਕਸ਼ੀ ਵਿੱਚ ਮੈਪਲ ਦੀ ਟੀਮ ਅੱਗੇ ਕੋਈ ਟੀਮ ਟਿਕ ਨਾ ਸਕੀ।
ਅਕਾਲ ਵਾਰੀਅਰਜ਼ ਕਲੱਬ ਨੇ ਬਰਾਊਨ ਕੱਪ ਜਿੱਤਿਆ
ਵਿਨੀਪੈੱਗ:
ਖਾਲਸਾ ਸਕੂਲ ਕੈਲਗਰੀ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ ਪਹਿਲੇ ਬਰਾਊਨ ਕੱਪ ਫੀਲਡ ਹਾਕੀ ਟੂਰਨਾਮੈਂਟ ਵਿੱਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਵਿੱਚ ਕੈਲਗਰੀ ਦੀਆਂ ਕਲੱਬਾਂ ਨੇ ਭਾਗ ਲਿਆ। ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਟੂਰਨਾਮੈਂਟ ਵਿੱਚ ਸਾਰੇ ਮੈਚ ਜਿੱਤੇ।
ਸੈਮੀਫਾਈਨਲ ਵਿੱਚ ਅਕਾਲ ਵਾਰੀਅਰਜ਼ ਨੇ ਯੂਨਾਈਟਿਡ ਫੀਲਡ ਹਾਕੀ ਕਲੱਬ ਨੂੰ ਹਰਾਇਆ ਅਤੇ ਫਾਈਨਲ ਵਿੱਚ ਹਾਕਸ ਕਲੱਬ ਨੂੰ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕਰ ਲਿਆ। ਜੇਤੂ ਟੀਮ ਵੱਲੋਂ ਕਿਰਪਾਲ ਸਿੱਧੂ, ਜੱਗਾ ਲੋਪੋਂ, ਮਨਵੀਰ ਸਿੰਘ ਮੋਰ, ਹਰਪ੍ਰੀਤ ਨਾਗਰਾ, ਅਰਸ਼ਦੀਪ ਸਿੱਧੂ, ਗਗਨਦੀਪ ਮਾਨ, ਲਖਨ, ਕਰਮਾ, ਰੂਪ ਕੁਲਾਰ, ਅਮਰਿੰਦਰ ਢਿੱਲੋਂ, ਗੁਰਸੇਵਕ ਬਾਜਵਾ, ਜਤਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਮੋਰ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੱਧੂ (ਯਾਦੂ) ਨੇ ਇਸ ਜਿੱਤ ਲਈ ਸਾਰੇ ਖਿਡਾਰੀਆਂ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ।
ਫੋਕੋਰਾਮਾ ਫੈਸਟੀਵਲ ਸ਼ੁਰੂ ਹੋਇਆ
ਵਿਨੀਪੈੱਗ:
ਇੰਟਰਨੈਸ਼ਨਲ ਕੌਂਸਲ ਆਫ ਆਰਗੇਨਾਈਜ਼ੇਸ਼ਨ ਆਫ ਫੋਕੋਰਾਮਾ ਫੈਸਟੀਵਲ ਐਂਡ ਫੋਕ ਆਰਟਸ ਵੱਲੋਂ 53ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨਾਲ ਸਬੰਧਿਤ ਵੰਨਗੀਆਂ ਅਤੇ ਖਾਣੇ ਪੇਸ਼ ਕੀਤੇ ਜਾਣਗੇ। ਇਹ ਦੁਨੀਆ ਦਾ ਅਨੋਖਾ ਇਹੋ ਜਿਹੋ ਮੇਲਾ ਹੈ ਜਿਸ ਵਿੱਚ 40 ਦੇਸ਼ਾਂ ਦੇ ਸੱਭਿਆਚਾਰ, ਖਾਣੇ ਤੇ ਪਹਿਰਾਵੇ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮੇਲੇ ਦੀ ਸ਼ੁਰੂਆਤ 1970 ਵਿੱਚ ਹੋਈ ਸੀ ਜੋ ਇਸ ਸਾਲ 4 ਅਗਸਤ ਤੋਂ 17 ਅਗਸਤ ਤੱਕ ਚੱਲ ਰਿਹਾ ਹੈ।
ਫੋਕੋਰਾਮਾ ਬੋਰਡ ਆਫ ਡਾਇਰੈਕਟਰਜ਼ ਦੇ ਪ੍ਰਧਾਨ ਕਿਮ ਲੀ ਨੇ ਕਿਹਾ, ‘‘ਫੋਕੋਰਾਮਾ ਦੇ ਮੂਲ ਵਿੱਚ ਵਲੰਟੀਅਰਾਂ ਦਾ ਸਮਰਪਿਤ ਪਰਿਵਾਰ ਹੈ। ਇਸ ਵਿੱਚ 16,000 ਤੋਂ ਵੱਧ ਵਲੰਟੀਅਰ ਹਰ ਸਾਲ 300,000 ਘੰਟਿਆਂ ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ। ਇਸ ਵਾਰ ਪੂਰੇ ਉੱਤਰੀ ਅਮਰੀਕਾ ਤੋਂ ਪੰਜ ਲੱਖ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ।’’ ਪੰਜਾਬ ਮੰਚ ਦੀ ਸਟੇਜ ਪੰਜਾਬ ਕਲਚਰ ਸੈਂਟਰ, 1770 ਕਿੰਗ ਐਡਵਰਡ ਸਟਰੀਟ ਵਿਖੇ ਸਜਾਈ ਜਾਵੇਗੀ। ਜਿੱਥੇ ਪੰਜਾਬ ਮੰਚ ’ਤੇ ਵੱਖ-ਵੱਖ ਕਲਾਕਾਰਾਂ ਵੱਲੋਂ ਪੰਜਾਬ ਦੇ ਸੱਭਿਆਚਾਰ, ਪੰਜਾਬੀ ਪਹਿਰਾਵੇ, ਲੋਕ-ਨਾਚਾਂ ਅਤੇ ਖਾਣੇ ਦੀ ਕਲਾਤਮਕ ਪੇਸ਼ਕਾਰੀ ਕੀਤੀ ਜਾਵੇਗੀ, ਉੱਥੇ ਹੀ ਪੰਜਾਬੀ ਖਾਣਾ ਪਰੋਸਿਆ ਵੀ ਜਾਵੇਗਾ।