For the best experience, open
https://m.punjabitribuneonline.com
on your mobile browser.
Advertisement

ਜੇਠ ਦੀ ਗਰਮੀ ਵਿੱਚ ਤਪਣ ਲੱਗਿਆ ‘ਚੋਣ ਪਿੜ’

07:46 AM May 25, 2024 IST
ਜੇਠ ਦੀ ਗਰਮੀ ਵਿੱਚ ਤਪਣ ਲੱਗਿਆ ‘ਚੋਣ ਪਿੜ’
ਸੰਗਰੂਰ ਦੇ ਪਿੰਡਾਂ ਵਿੱਚ ਮੋਟਰਸਾਈਕਲ ’ਤੇ ਚੋਣ ਪ੍ਰਚਾਰ ਕਰਦੇ ਹੋਏ ਗੁਰਮੀਤ ਸਿੰਘ ਮੀਤ ਹੇਅਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਮਈ
ਜੇਠ ਮਹੀਨੇ ਦੀ ਵਧ ਰਹੀ ਗਰਮੀ ਦੇ ਨਾਲ ਹੀ ਸਿਆਸੀ ਚੋਣ ਪਿੜ ਵੀ ਤਪਣ ਲੱਗਿਆ ਹੈ। ਜਿਉਂ-ਜਿਉਂ ਗਰਮੀ ਵਧ ਰਹੀ ਹੈ, ਤਿਉਂ-ਤਿਉਂ ਪਹਿਲੀ ਜੂਨ ਨੇੜੇ ਆਉਣ ਕਾਰਨ ਸਿਆਸੀ ਪਾਰਾ ਵੀ ਚੜ੍ਹ ਰਿਹਾ ਹੈ। ਸੰਗਰੂਰ ਲੋਕ ਸਭਾ ਦੇ ਚੋਣ ਮੈਦਾਨ ’ਚ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਆਪੋ-ਆਪਣੀ ਚੋਣ ਮੁਹਿੰਮ ਲਈ ਤੂਫ਼ਾਨੀ ਦੌਰੇ ਤੇਜ਼ ਕਰ ਦਿੱਤੇ ਹਨ ਅਤੇ ਚੋਣ ਮੁਹਿੰਮ ਨੂੰ ਸਿਖਰ ’ਤੇ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਸੰਗਰੂਰ ਹਲਕੇ ਦੇ ਚੋਣ ਮੈਦਾਨ ’ਚ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ, ਭਾਜਪਾ ਵਲੋਂ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ, ਬਸਪਾ ਵੱਲੋਂ ਡਾ. ਮੱਖਣ ਸਿੰਘ ਸਮੇਤ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹਾਲਾਂਕਿ, ਪਹਿਲਾਂ ਇਸ ਹਲਕੇ ਵਿੱਚ ਬਹੁ-ਕੋਣਾ ਮੁਕਾਬਲਾ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਪਰ ਹੁਣ ਇਹ ਤਿਕੋਣਾ ਬਣਦਾ ਜਾ ਰਿਹਾ ਹੈ। ਚੋਣ ਪ੍ਰਚਾਰ ਆਖ਼ਰੀ ਹਫ਼ਤੇ ਵਿਚ ਦਾਖ਼ਲ ਹੋਣ ਕਾਰਨ ਉਮੀਦਵਾਰਾਂ ਵੱਲੋਂ ਚੋਣ ਮੀਟਿੰਗਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਹਰੇਕ ਉਮੀਦਵਾਰ ਇੱਕ ਦਿਨ ਵਿੱਚ ਲਗਪਗ 20 ਤੋਂ 24 ਚੋਣ ਮੀਟਿੰਗਾਂ ਕਰ ਰਿਹਾ ਹੈ। ਤੇਜ਼ ਤੇ ਤਿੱਖੀ ਧੁੱਪ ਅਤੇ ਲੂ ਨੇ ਉਮੀਦਵਾਰਾਂ ਨੂੰ ਹਾਲੋ-ਬੇਹਾਲ ਕਰ ਰੱਖਿਆ ਹੈ। ਸਫ਼ਰ ਦੌਰਾਨ ਏਅਰ ਕੰਡੀਸ਼ਨ ਕਾਰਾਂ ਵਿੱਚ ਸਵਾਰ ਕਈ ਉਮੀਦਵਾਰਾਂ ਨੂੰ ਅਗਲੇ ਪਿੰਡ ਸੰਬੋਧਨ ਕਰਨ ਲਈ ਗਰਮੀ ਵਿੱਚ ਵਾਰ-ਵਾਰ ਵਾਹਨਾਂ ਵਿੱਚੋਂ ਬਾਹਰ ਨਿਕਲਣਾ ਪੈਂਦਾ ਹੈ। ਉਨ੍ਹਾਂ ਨੂੰ ਅਸਮਾਨ ਤੋਂ ਅੱਗ ਵਰ੍ਹਾਉਂਦੇ ਸੂਰਜ ਦੇ ਬਾਵਜੂਦ ਰੋਡ ਸ਼ੋਅ ਕਰਨੇ ਪੈ ਰਹੇ ਹਨ। ਇਸ ਦੌਰਾਨ ਉਹ ਕਦੇ ਖੁੱਲ੍ਹੀ ਜੀਪ, ਕਦੇ ਟਰੈਕਟਰ ਅਤੇ ਕਦੇ ਮੋਟਰਸਾਈਕਲ ’ਤੇ ਸਵਾਰ ਨਜ਼ਰ ਆਉਂਦੇ ਹਨ। ‘ਆਪ ’ ਉਮੀਦਵਾਰ ਮੀਤ ਹੇਅਰ ਨੇ ਕੰਬਾਈਨ ’ਤੇ ਬੈਠ ਕੇ ਵੀ ਚੋਣ ਪ੍ਰਚਾਰ ਕੀਤਾ ਹੈ।
ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਇਲਾਵਾ ਸਵੇਰੇ ਸ਼ਾਮ ਵੋਟਰਾਂ ਦੇ ਜੋੜ-ਤੋੜ ਲਈ ਵੀ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ। ਪਰਦੇ ਪਿੱਛੇ ਕਈ ਆਗੂ ਦੇਰ ਰਾਤ ਗੁਪਤ ਮੀਟਿੰਗਾਂ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਅੰਦਰਖਾਤੇ ਸਿਆਸੀ ਠਿੱਬੀ ਲਗਾਈ ਜਾ ਸਕੇ।
ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਤੇ ਹੋਰ ਸਕੇ ਸਬੰਧੀ ਵੀ ਗਰਮੀ ਨਾਲ ਤਪਦੇ ਚੋਣ ਪਿੜ ’ਚ ਉਤਰਨ ਲਈ ਮਜਬੂਰ ਹਨ।

Advertisement

ਸੰਗਰੂਰ ’ਚ ਪੈਂਦੇ ਨੇ ਤਿੰਨ ਜ਼ਿਲ੍ਹੇ ਤੇ ਨੌਂ ਵਿਧਾਨ ਸਭਾ ਹਲਕੇ

ਸੰਗਰੂਰ ਲੋਕ ਸਭਾ ਹਲਕਾ ਤਿੰਨ ਜ਼ਿਲ੍ਹਿਆਂ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ’ਤੇ ਆਧਾਰਤ ਹੈ ਜਿਸ ਵਿੱਚ ਨੌਂ ਵਿਧਾਨ ਸਭਾ ਹਲਕੇ ਧੂਰੀ, ਸੰਗਰੂਰ, ਸੁਨਾਮ, ਲਹਿਰਾ, ਦਿੜ੍ਹਬਾ, ਮਾਲੇਰਕੋਟਲਾ, ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਆਉਂਦੇ ਹਨ। ਸੰਗਰੂਰ ਸੰਸਦੀ ਹਲਕੇ ’ਚ ਕੁੱਲ 15 ਲੱਖ 55 ਹਜ਼ਾਰ 327 ਵੋਟਰ ਹਨ। ਭਾਵੇਂ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਫੀਸਦੀ ਤੋਂ ਵੱਧ ਵੋਟਿੰਗ ਕਰਾਉਣ ਦਾ ਟੀਚਾ ਮਿਥਿਆ ਹੈ। ਇਸ ਤਰ੍ਹਾਂ ਵੋਟਰਾਂ ਲਈ ਕਹਿਰ ਦੀ ਗਰਮੀ ਵਿੱਚ ਪਹਿਲੀ ਜੂਨ ਨੂੰ ਮਤਦਾਨ ਕਰਨਾ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਅਜਿਹੇ ਹਾਲਾਤ ’ਚ ਕੌਣ ਕਿਸ ’ਤੇ ਭਾਰੂ ਰਹਿੰਦਾ ਹੈ, ਇਹ ਤਾਂ ਸਮਾਂ ਦੱਸੇਗਾ ਪਰ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਪੂਰੀਆਂ ਤਿਆਰੀਆਂ ’ਚ ਜੁਟਿਆ ਹੋਇਆ ਹੈ।

Advertisement
Author Image

joginder kumar

View all posts

Advertisement
Advertisement
×