ਚਿੱਟ ਫੰਡ ਕੰਪਨੀ ਦੇ ਮੁਲਾਜ਼ਮ ਕੋਲੋਂ 57 ਹਜ਼ਾਰ ਰੁਪਏ ਲੁੱਟੇ
ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਜੁਲਾਈ
ਇੱਥੇ ਧਰਮਕੋਟ ਵਿੱਚ ਨਕਾਬਪੋਸ਼ ਵਿਅਕਤੀਆਂ ਨੇ ਚਿੱਟ ਫੰਡ ਕੰਪਨੀ ਦੇ ਮੁਲਾਜ਼ਮ ਕੋਲੋਂ 57 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ। ਇਸ ਇਲਾਕੇ ’ਚ ਅੱਠ ਦਨਿਾਂ ਅੰਦਰ ਇਹ ਚੌਥੀ ਵਾਰਦਾਤ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦਾਅਵਾ ਕੀਤਾ ਕਿ ਲੁਟੇਰੇ ਜਲਦੀ ਕਾਬੂ ਕਰ ਲਏ ਜਾਣਗੇ। ਵੇਰਵਿਆਂ ਅਨੁਸਾਰ ਭਾਰਤ ਫਾਇਨੈਂਸ਼ੀਅਲ ਕੰਪਨੀ ਦਾ ਕਰਿੰਦਾ ਮਨਪ੍ਰੀਤ ਸਿੰਘ ਪਿੰਡ ਰਾਇਆ ਮੋਟਰਸਾਈਕਲ ਉੱਤੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡਾਂ ਵਿੱਚੋਂ ਕਰਜ਼ੇ ਦੀ ਉਗਰਾਹੀ ਕਰ ਰਿਹਾ ਸੀ। ਉਹ ਉਗਰਾਹੀ ਦੀ ਰਕਮ ਕਰੀਬ 57 ਹਜ਼ਾਰ ਰੁਪਏ ਇਕੱਠੀ ਕਰਕੇ ਪਿੰਡ ਨਿਹਾਲਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਕੋਲ ਇੱਕ ਮੋਟਰਸਾਈਕਲ ਉੱਤੇ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ਕੋਲੋਂ ਨਗਦੀ ਵਾਲਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ।
24 ਤੋਲੇ ਸੋਨਾ ਅਤੇ 10 ਹਜ਼ਾਰ ਨਗਦੀ ਚੋਰੀ
ਦੋਦਾ (ਜਸਵੀਰ ਸਿੰਘ ਭੁੱਲਰ): ਇੱਥੇ ਚੋਰਾਂ ਨੇ ਇੱਕ ਘਰ ’ਚ ਸੋਨੇ ਤੇ ਨਗਦੀ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਬਲਜੀਤ ਸਿੰਘ ਪੁੱਤਰ ਬਖਤੌਰ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ 24 ਤੋਲੇ ਸੋਨਾ ਕਰੀਬ 10 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਇਸ ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਉੱਠਣ ਵੇਲੇ ਪਤਾ ਲੱਗਿਆ। ਚੋਰੀ ਦੀ ਸੂਚਨਾ ਤੁਰੰਤ ਦੋਦਾ ਪੁਲੀਸ ਚੌਕੀ ਨੂੰ ਦਿੱਤੀ ਗਈ। ਥਾਣਾ ਕੋਟਭਾਈ ਪੁਲੀਸ ਦੇ ਐੱਸਐਚਓ ਅੰਗਰੇਜ਼ ਸਿੰਘ, ਚੌਕੀ ਦੋਦਾ ਇੰਚਾਰਜ ਹਰਜੀਤ ਸਿੰਘ ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ। ਚੌਕੀ ਇੰਚਾਰਜ ਏਐੱਸਆਈ ਹਰਜੀਤ ਸਿੰਘ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।