ਅਯੁੱਧਿਆ ਦੇ ਰਾਮ ਮੰਦਰ ’ਚ ਦੀਵਾਲੀ ਮੌਕੇ ਸਜਾਵਟ ਲਈ ਚੀਨੀ ਵਸਤਾਂ ਦੀ ਨਹੀਂ ਕੀਤੀ ਜਾਵੇਗੀ ਵਰਤੋਂ
ਅਯੁੱਧਿਆ, 29 ਅਕਤੂਬਰ
Ayodhya Ram Temple not to use Chinese Diwali decorative items: ਸ੍ਰੀ ਰਾਮ ਮੰਦਰ ਦਾ ਪ੍ਰਬੰਧ ਸੰਭਾਲਣ ਵਾਲੇ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਇਸ ਦੀਵਾਲੀ ’ਤੇ ਮੰਦਰ ਨੂੰ ਸਜਾਉਣ ਲਈ ਚੀਨੀ ਵਸਤਾਂ ਨਹੀਂ ਵਰਤੀਆਂ ਜਾਣਗੀਆਂ ਤੇ ਮੰਦਰ ਨੂੰ ਸਜਾਉਣ ਲਈ ਸਥਾਨਕ ਕਾਰੀਗਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਵੀ ਦੱਸਣਾ ਬਣਦਾ ਹੈ ਕਿ ਅਯੁੱਧਿਆ ਵਿਚ ਇਸ ਸਾਲ ਵੱਡੇ ਪੱਧਰ ’ਤੇ ਦੀਪਮਾਲਾ ਕੀਤੀ ਜਾਵੇਗੀ ਕਿਉਂਕਿ ਇਸ ਸਾਲ ਜਨਵਰੀ ਵਿੱਚ ਰਾਮ ਲੱਲਾ ਦੀ ਮੂਰਤੀ ਮੰਦਰ ਵਿੱਚ ਸਥਾਪਤ ਕੀਤੀ ਗਈ ਸੀ। ਇਸ ਕਾਰਨ ਮੰਦਰ ਦੇ ਖੇਤਰ ਨੂੰ ਵੱਡੀ ਗਿਣਤੀ ਦੀਵਿਆਂ ਨਾਲ ਸਜਾਇਆ ਜਾਵੇਗਾ। ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਦੀਵਾਲੀ ਦੌਰਾਨ ਚੀਨੀ ਸਜਾਵਟੀ ਵਸਤੂਆਂ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ।
ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਮਾਗਮ ਲਈ ਸੁਰੱਖਿਆ ਪ੍ਰਬੰਧਾਂ ਲਈ ਲਗਪਗ 10,000 ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਅਤੇ ਇਨ੍ਹਾਂ ਵਿਚੋਂ ਅੱਧੇ ਸਾਦੇ ਪਹਿਰਾਵੇ ਵਿਚ ਮੰਦਰ ਤੇ ਆਸ ਪਾਸ ਦੇ ਖੇਤਰ ਵਿਚ ਤਾਇਨਾਤ ਹੋਣਗੇ। ਅਯੁੱਧਿਆ ਦੇ ਕਮਿਸ਼ਨਰ ਗੌਰਵ ਦਿਆਲ ਨੇ ਕਿਹਾ, ‘ਅਸੀਂ ਇਸ ਸਮਾਗਮ ਲਈ ਸਿਰਫ ਸਵਦੇਸ਼ੀ ਅਤੇ ਸਥਾਨਕ ਵਸਤੂਆਂ ਦੀ ਵਰਤੋਂ ਕਰਾਂਗੇ। ਇਹ ਸਭ ਸਥਾਨਕ ਕਾਰੀਗਰਾਂ ਤੇ ਉਨ੍ਹਾਂ ਦੀਆਂ ਕਲਾ ਕ੍ਰਿਤਾਂ ਨੂੰ ਉਤਸ਼ਾਹਤ ਕਰਨ ਲਈ ਕੀਤਾ ਜਾ ਰਿਹਾ ਹੈ। ਪੀਟੀਆਈ