ਅਮਰੀਕੀ ਬੇੜੇ ਦਾ ਰਸਤਾ ਕੱਟਣ ਦੀ ਕਾਰਵਾਈ ਦਾ ਚੀਨ ਵੱਲੋਂ ਬਚਾਅ
ਸਿੰਗਾਪੁਰ, 4 ਜੂਨ
ਚੀਨ ਦੇ ਰੱਖਿਆ ਮੰਤਰੀ ਨੇ ਤਾਇਵਾਨ ਦੇ ਪਾਣੀਆਂ ਵਿਚ ਅਮਰੀਕੀ ਤੇ ਕੈਨੇਡੀਅਨ ਜੰਗੀ ਬੇੜਿਆਂ ਦਾ ਰਾਹ ਕੱਟਣ ਦੀ ਆਪਣੀ ਕਾਰਵਾਈ ਦਾ ਬਚਾਅ ਕੀਤਾ ਹੈ।
ਸਿੰਗਾਪੁਰ ਵਿਚ ਦੁਨੀਆ ਦੇ ਚੋਟੀ ਦੇ ਰੱਖਿਆ ਆਗੂਆਂ ਨੂੰ ਸੰਬੋਧਨ ਕਰਦਿਆਂ ਲੀ ਸ਼ਾਂਗਫੂ ਨੇ ਕਿਹਾ ਕਿ ਅਜਿਹੀ ਅਖੌਤੀ ‘ਆਵਾਜਾਈ ਦੀ ਆਜ਼ਾਦੀ’ ਦੇ ਨਾਂ ਉਤੇ ਕੀਤੀ ਜਾਣ ਵਾਲੀ ਗਸ਼ਤ ਚੀਨ ਨੂੰ ਭੜਕਾਉਣ ਦੇ ਬਰਾਬਰ ਹੈ। ਸ਼ਾਂਗਫੂ ਨੇ ਸ਼ਾਂਗਰੀ-ਲਾ ਫੋਰਮ ਵਿਚ ਕਿਹਾ ਕਿ ਚੀਨ ਨੂੰ ਆਮ ਆਵਾਜਾਈ ਨਾਲ ਕੋਈ ਸਮੱਸਿਆ ਨਹੀਂ ਹੈ ਪਰ ‘ਸਾਨੂੰ ਅਜਿਹੀਆਂ ਕਾਰਵਾਈਆਂ ਨੂੰ ਰੋਕਣਾ ਪਏਗਾ ਜਿਨ੍ਹਾਂ ਰਾਹੀਂ ਆਵਾਜਾਈ ਦੀ ਆਜ਼ਾਦੀ ਦੇ ਨਾਂ ਉਤੇ ਚੌਧਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’ ਦੱਸਣਯੋਗ ਹੈ ਕਿ ਇਸੇ ਮੰਚ ਉਤੇ ਸ਼ਨਿਚਰਵਾਰ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਸੀ ਕਿ ਵਾਸ਼ਿੰਗਟਨ ਚੀਨ ਦੀਆਂ ਅਜਿਹੀਆਂ ਹਰਕਤਾਂ ਅੱਗੇ ਰੁਕਣ ਵਾਲਾ ਨਹੀਂ ਹੈ ਤੇ ਉਹ ਤਾਇਵਾਨ ਦੇ ਪਾਣੀਆਂ ਵਿਚੋਂ ਲੰਘਦੇ ਅਤੇ ਉਤੇ ਉਪਰੋਂ ਉਡਾਣ ਭਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਦੱਖਣੀ ਚੀਨ ਸਾਗਰ ਵਿਚ ਵੀ ਆਜ਼ਾਦੀ ਨਾਲ ਘੁੰਮਣਗੇ ਕਿਉਂਕਿ ਇਹ ਕੌਮਾਂਤਰੀ ਪਾਣੀ ਹਨ। ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਇਸ ਕਾਰਵਾਈ ਨੂੰ ਖ਼ਤਰਨਾਕ ਕਰਾਰ ਦਿੱਤਾ ਹੈ। -ਏਪੀ