ਚੀਨ ਨੇ ਭਾਰਤ ਦੇ ਚਾਰ ਹਜ਼ਾਰ ਵਰਗ ਕਿਲੋਮੀਟਰ ਖੇਤਰ ’ਤੇ ਕਬਜ਼ਾ ਕੀਤਾ: ਰਾਹੁਲ
ਵਾਸ਼ਿੰਗਟਨ, 11 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਨਾਲ ਨਜਿੱਠਣ ਦੇ ਢੰਗ ਤਰੀਕੇ ਲਈ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਗੁਆਂਢੀ ਮੁਲਕ ਦੀਆਂ ਫੌਜਾਂ ਵੱਲੋਂ ਭਾਰਤ ਦੇ 4000 ਵਰਗ ਕਿਲੋਮੀਟਰ ਖੇਤਰ ’ਤੇ ਕਬਜ਼ਾ ਕਰਨਾ ਵੱਡਾ ਸੰਕਟ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਾਂਗਰਸ ਅਮਰੀਕਾ ਨਾਲ ਰਿਸ਼ਤਿਆਂ, ਅਤਿਵਾਦ ਦੇ ਖਾਤਮੇ ਤੱਕ ਪਾਕਿਸਤਾਨ ਨਾਲ ਗੱਲਬਾਤ ਨਾ ਕਰਨ ਤੇ ਬੰਗਲਾਦੇਸ਼ ਵਿਚ ਕੱਟੜਵਾਦੀ ਅਨਸਰਾਂ ਨਾਲ ਜੁੜੇ ਫ਼ਿਕਰਾਂ ਸਣੇ ਵਿਦੇਸ਼ ਨੀਤੀ ਨਾਲ ਸਬੰਧਤ ਕਈ ਹੋਰ ਅਹਿਮ ਮੁੱਦਿਆਂ ਬਾਰੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਇਤਫ਼ਾਕ ਰੱਖਦੀ ਹੈ। ਗਾਂਧੀ ਇਥੇ ਮਾਣਮੱਤੇ ਨੈਸ਼ਨਲ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਵੇ। ਚੀਨ ਬਾਰੇ ਸਵਾਲ ਦੇ ਜਵਾਬ ਵਿਚ ਨੇ ਇਸ ਮਸਲੇ ਨੂੰ ਬਹੁਤ ਵਧੀਆ ਢੰਗ ਨਾਲ ਨਜਿੱਠਿਆ ਹੈ? ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੋਦੀ ਨੇ ਚੀਨ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਹੈ। ਮੈਨੂੰ ਲੱਗਦਾ ਹੈ ਕਿ ਚੀਨ ਦਾ ਸਾਡੀ ਸਰਜ਼ਮੀਨ ’ਤੇ ਬੈਠਣ ਦਾ ਕੋਈ ਕਾਰਨ ਨਹੀਂ ਹੈ।’ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਪਿਛਲੇ ਦਸ ਸਾਲਾਂ ਦੌਰਾਨ ਜਮਹੂਰੀਅਤ ਨੂੰ ਢਾਹ ਲੱਗੀ ਹੈ ਪਰ ਹੁਣ ਇਹ ਲੜ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਦੇਖਿਆ ਹੈ ਕਿ ਕਿਵੇਂ ਮਹਾਰਾਸ਼ਟਰ ਦੀ ਸਰਕਾਰ ਸਾਡੇ ਕੋਲੋਂ ਖੋਹ ਲਈ ਗਈ। ਮੈਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਮੈਂ ਇਹ ਦੇਖਿਆ ਹੈ ਕਿ ਕਿਵੇਂ ਸਾਡੇ ਵਿਧਾਇਕਾਂ ਨੂੰ ਲਿਆਂਦਾ ਗਿਆ ਤੇ ਅਚਾਨਕ ਉਹ ਭਾਜਪਾ ਵਿਧਾਇਕ ਬਣ ਗਏ। ਇਸ ਲਈ ਭਾਰਤੀ ਜਮਹੂਰੀਅਤ ’ਤੇ ਹਮਲੇ ਕੀਤੇ ਜਾ ਰਹੇ ਹਨ।’ -ਪੀਟੀਆਈ
ਰਾਹੁਲ ਦਾ ਬਿਆਨ ਵੰਡੀਆਂ ਪਾਉਣ ਵਾਲਾ: ਬਿੱਟੂ
ਕਪੂਰਥਲਾ:
ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਸਿੱਖਾਂ ਬਾਰੇ ਬਿਆਨ ਦੇਸ਼ ’ਚ ਵੰਡੀਆਂ ਪਾਉਣ ਅਤੇ ਭਾਵਨਾਵਾਂ ਭੜਕਾਉਣ ਵਾਲਾ ਹੈ। ਬਿੱਟੂ ਨੇ ਰਾਹੁਲ ਗਾਂਧੀ ਦੀ ਤੁਲਨਾ ਖਾਲਿਸਤਾਨੀ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਨਾਲ ਕੀਤੀ ਅਤੇ ਕਿਹਾ ਕਿ ਦੋਹਾਂ ਵਿਚਕਾਰ ਕੋਈ ਫ਼ਰਕ ਨਹੀਂ ਰਿਹਾ ਹੈ। ਉਨ੍ਹਾਂ ਕਾਂਗਰਸ ਆਗੂ ’ਤੇ ਦੋਸ਼ ਲਾਇਆ ਕਿ ਉਹ ਅਜਿਹੇ ਬਿਆਨ ਦੇ ਰਹੇ ਹਨ ਜੋ ਸਿੱਖ ਰਾਏਸ਼ੁਮਾਰੀ ਅਤੇ ਵਿਦੇਸ਼ ’ਚ ਪਨਾਹ ਲੈਣ ਵਾਲੇ ਅਨਸਰਾਂ ਦੇ ਬਿਰਤਾਂਤ ਦਾ ਪੱਖ ਪੂਰਦੀ ਹੈ।