ਦੇਸ਼ ਦੀ ਪ੍ਰਭੂਸੱਤਾ ’ਤੇ ਹਮਲੇ ਲਈ ਚੀਨ ਨੇ ਫੰਡ ਦਿੱਤੇ
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਪੁਲੀਸ ਨੇ ਨਿਊਜ਼ਕਲਿੱਕ ਖ਼ਿਲਾਫ਼ ਅਤਵਿਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਦਰਜ ਐੱਫਆਈਆਰ ’ਚ ਦੋਸ਼ ਲਾਇਆ ਹੈ ਕਿ ‘ਭਾਰਤ ਦੀ ਪ੍ਰਭੂਸੱਤਾ ’ਤੇ ਹਮਲੇ’ ਅਤੇ ਦੇਸ਼ ਖ਼ਿਲਾਫ਼ ਅਸੰਤੋਸ਼ ਪੈਦਾ ਕਰਨ ਦੇ ਇਰਾਦੇ ਨਾਲ ਚੀਨ ਤੋਂ ਵੱਡੀ ਮਾਤਰਾ ’ਚ ਫੰਡ ਆਏ। ਐੱਫਆਈਆਰ ’ਚ ਇਹ ਵੀ ਦੋਸ਼ ਲਾਏ ਗਏ ਹਨ ਕਿ ਨਿਊਜ਼ਕਲਿੱਕ ਦੇ ਬਾਨੀ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲ ਨੂੰ ਸਾਬੋਤਾਜ ਕਰਨ ਲਈ ਪੀਪਲਜ਼ ਐਲਾਇੰਸ ਫਾਰ ਡੈਮੋਕਰੈਸੀ ਐਂਡ ਸੈਕੁਲਰਿਜ਼ਮ ਦੇ ਕਨਵਨੀਰ ਬਾਤਨਿੀ ਰਾਓ, ਇਤਿਹਾਸਕਾਰ ਦਿਲੀਪ ਸਿਮੋਨ, ਸਮਾਜਿਕ ਕਾਰਕੁਨ ਦੀਪਕ ਢੋਲਕੀਆ, ਦਿੱਲੀ ਆਧਾਰਿਤ ਐੱਨਜੀਓ ਅਮਨ ਟਰੱਸਟ ਦੇ ਡਾਇਰੈਕਟਰ ਜਮਾਲ ਕਿਦਵਈ ਅਤੇ ਪੱਤਰਕਾਰ ਕਿਰਨ ਸ਼ਾਹੀਨ ਸਮੇਤ ਹੋਰਾਂ ਨਾਲ ਮਿਲ ਕੇ ਸਾਜ਼ਿਸ਼ ਘੜੀ ਸੀ। ਇਸ ’ਚ ਦਾਅਵਾ ਕੀਤਾ ਗਿਆ ਕਿ ਕਮਿਊਨਿਸਟ ਪਾਰਟੀ ਆਫ਼ ਚਾਈਨਾ ਦੇ ਪ੍ਰਚਾਰ ਵਿਭਾਗ ਦੇ ਸਰਗਰਮ ਮੈਂਬਰ ਨੇਵਿਲੇ ਰੌਏ ਸਿੰਘਮ ਵੱਲੋਂ ਧੋਖਾਧੜੀ ਨਾਲ ਵਿਦੇਸ਼ੀ ਫੰਡ ਭਾਰਤ ’ਚ ਲਿਆਂਦੇ ਗਏ। ਦਿੱਲੀ ਪੁਲੀਸ ਨੇ ਅਦਾਲਤ ਦੇ ਨਿਰਦੇਸ਼ਾਂ ’ਤੇ ਐੱਫਆਈਆਰ ਦੀ ਕਾਪੀ ਨਿਊਜ਼ਕਲਿੱਕ ਨੂੰ ਮੁਹੱਈਆ ਕਰਵਾਈ ਹੈ। ਖ਼ਬਰ ਏਜੰਸੀ ਕੋਲ ਐੱਫਆਈਆਰ ਦੀ ਕਾਪੀ ’ਚ ਕਿਹਾ ਗਿਆ ਹੈ,‘‘ਇਸ ਸਾਜ਼ਿਸ਼ ਤਹਿਤ ਭਾਰਤ ’ਚ ਗ਼ੈਰਕਾਨੂੰਨੀ ਢੰਗ ਨਾਲ ਫੰਡ ਭੇਜਣ ਲਈ ਸ਼ਿਆਓਮੀ, ਵੀਵੋ ਆਦਿ ਚੀਨੀ ਟੈਲੀਕਾਮ ਕੰਪਨੀਆਂ ਨੇ ਹਜ਼ਾਰਾਂ ਸ਼ੈੱਲ (ਫਰਜ਼ੀ) ਕੰਪਨੀਆਂ ਬਣਾ ਕੇ ਪੀਐੱਮਐੱਲਏੇ ਅਤੇ ਫੇਮਾ ਦੀ ਉਲੰਘਣਾ ਕੀਤੀ।’’ ਐੱਫਆਈਆਰ ਮੁਤਾਬਕ ਭਾਰਤ ਦੀ ਪ੍ਰਭੂਸੱਤਾ ’ਚ ਅੜਿੱਕੇ ਡਾਹੁਣ ਅਤੇ ਦੇਸ਼ ਖ਼ਿਲਾਫ਼ ਰੋਹ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਘੜੀ ਗਈ ਸਾਜ਼ਿਸ਼ ਤਹਿਤ ਚੀਨ ਤੋਂ ਵੱਡੀ ਮਾਤਰਾ ’ਚ ਰਕਮ ਭੇਜੀ ਗਈ ਅਤੇ ਜਾਣਬੁੱਝ ਕੇ ‘ਪੇਡ ਨਿਊਜ਼’ ਦਾ ਪਸਾਰ ਕੀਤਾ ਗਿਆ ਸੀ ਜਿਸ ’ਚ ਘਰੇਲੂ ਨੀਤੀਆਂ, ਭਾਰਤ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਖੇਧੀ ਕੀਤੀ ਗਈ ਸੀ ਅਤੇ ਚੀਨ ਸਰਕਾਰ ਦੇ ਪ੍ਰਾਜੈਕਟਾਂ, ਰੱਖਿਆ ਨੀਤੀਆਂ ਤੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ ਸੀ। ਇਸ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਵਿਦੇਸ਼ੀ ਫੰਡ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਅਤੇ ਤੀਸਤਾ ਸੀਤਲਵਾੜ ਦੇ ਸਾਥੀਆਂ, ਉਸ ਦੇ ਪਤੀ ਤੇ ਕਾਰਕੁਨ ਜਾਵੇਦ ਆਨੰਦ ਅਤੇ ਪੱਤਰਕਾਰਾਂ ਉਰਮਿਲੇਸ਼, ਅਰਤ੍ਰਿਕਾ ਹਲਧਰ, ਪ੍ਰੰਜਯ ਗੁਹਾ ਠਾਕੁਰਤਾ ਅਤੇ ਅਭਿਸਾਰ ਸ਼ਰਮਾ ਨੂੰ ਕਥਿਤ ਤੌਰ ’ਤੇ ਵੰਡੇ ਗਏ ਸਨ। ਦਿੱਲੀ ਪੁਲੀਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ’ਤੇ ਨੱਥ ਪਾਉਣ ਦੀ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬਦਨਾਮ ਕਰਨ ਲਈ ਝੂਠਾ ਬਿਰਤਾਂਤ ਸਿਰਜਿਆ ਗਿਆ। -ਪੀਟੀਆਈ
ਪ੍ਰਬੀਰ ਅਤੇ ਅਮਿਤ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੁਲੀਸ ਨੂੰ ਨੋਟਿਸ
ਨਵੀਂ ਦਿੱਲੀ: ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਅਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਦਿੱਲੀ ਹਾਈ ਕੋਰਟ ਨੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਤੁਸ਼ਾਰ ਰਾਓ ਗੇਡੇਲਾ ਨੇ ਪੁਰਕਾਇਸਥ ਅਤੇ ਚੱਕਰਵਰਤੀ ਦੀ ਅੰਤਰਿਮ ਰਿਹਾਈ ਦੀ ਮੰਗ ਵਾਲੀਆਂ ਅਰਜ਼ੀਆਂ ’ਤੇ ਵੀ ਦਿੱਲੀ ਪੁਲੀਸ ਤੋਂ ਜਵਾਬ ਮੰਗਿਆ ਹੈ। ਹਾਈ ਕੋਰਟ ਵੱਲੋਂ ਮਾਮਲੇ ’ਤੇ ਸੁਣਵਾਈ 9 ਅਕਤੂਬਰ ਨੂੰ ਕੀਤੀ ਜਾਵੇਗੀ। ਪੁਰਕਾਇਸਥ ਅਤੇ ਅਮਿਤ ਨੇ ਹੇਠਲੀ ਅਦਾਲਤ ਵੱਲੋਂ ਦੋਹਾਂ ਦੇ ਪੁਲੀਸ ਰਿਮਾਂਡ ਨੂੰ ਚੁਣੌਤੀ ਦਿੰਦਿਆਂ ਐੱਫਆਈਆਰ ਰੱਦ ਕਰਨ ਦੀ ਵੀ ਮੰਗ ਕੀਤੀ ਹੈ। ਹਾਈ ਕੋਰਟ ਨੇ ਜਾਂਚ ਅਧਿਕਾਰੀ ਨੂੰ ਕੇਸ ਡਾਇਰੀ ਪੇਸ਼ ਕਰਨ ਲਈ ਕਿਹਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਚੱਕਰਵਰਤੀ, ਜੋ ਦਵਿਿਆਂਗ ਹੈ, ਦੀ ਸਿਹਤ ਦਾ ਧਿਆਨ ਰੱਖਿਆ ਜਾਵੇ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਵਾਬ ਇਕ ਦਨਿ ’ਚ ਦਾਖ਼ਲ ਕਰ ਦਿੱਤੇ ਜਾਣਗੇ। ਉਨ੍ਹਾਂ ਅਦਾਲਤ ਨੂੰ ਬੇਨਤੀ ਕੀਤੀ ਕਿ ਨਿਰਦੇਸ਼ ਲੈਣ ਲਈ ਕੁਝ ਸਮਾਂ ਦਿੱਤਾ ਜਾਵੇ ਅਤੇ ਮਾਮਲੇ ਦੀ ਸੁਣਵਾਈ ਸੋਮਵਾਰ ਲਈ ਸੂਚੀਬੱਧ ਕਰ ਦਿੱਤੀ। ਪੁਰਕਾਇਸਥ ਅਤੇ ਚੱਕਰਵਰਤੀ ਦੇ ਵਕੀਲ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਕਿ ਜੇਕਰ ਮਾਮਲੇ ਦੀ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਤਾਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਵੇ। ਜਸਟਿਸ ਗੇਡੇਲਾ ਨੇ ਕਿਹਾ ਕਿ ਇਸ ਮੁਕਾਮ ’ਤੇ ਅੰਤਰਿਮ ਰਾਹਤ ਨਹੀਂ ਦਿੱਤੀ ਜਾ ਸਕਦੀ ਹੈ। ਪੁਰਕਾਇਸਥ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਆਪਣੇ ਮੁਵੱਕਿਲ ਦੀ ਗ੍ਰਿਫ਼ਤਾਰੀ ਕਰਨ ਦੇ ਢੰਗ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ,‘‘ਸਾਡੀਆਂ ਅਦਾਲਤਾਂ ਨੂੰ ਕੀ ਹੋ ਰਿਹਾ ਹੈ? ਗ੍ਰਿਫ਼ਤਾਰੀ ਦਾ ਕੋਈ ਆਧਾਰ ਮੈਨੂੰ ਨਹੀਂ ਦਿੱਤਾ ਗਿਆ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਗ੍ਰਿਫ਼ਤਾਰੀ ਦਾ ਆਧਾਰ ਨਾ ਸਿਰਫ਼ ਮੈਨੂੰ ਦੱਸਿਆ ਜਾਵੇਗਾ ਸਗੋਂ ਮੁਵੱਕਿਲ ਨੂੰ ਵੀ ਲਿਖਤੀ ਤੌਰ ’ਤੇ ਸੌਂਪਿਆ ਜਾਵੇਗਾ।’’ ਹਾਈ ਕੋਰਟ ਨੇ ਜ਼ੁਬਾਨੀ ਤੌਰ ’ਤੇ ਕਿਹਾ ਕਿ ਰਿਮਾਂਡ ਆਰਡਰ ਦੀ ਜਿਥੋਂ ਤੱਕ ਗੱਲ ਹੈ ਤਾਂ ਇਹ ਸਵੇਰੇ 6 ਵਜੇ ਪਾਸ ਕੀਤਾ ਗਿਆ ਸੀ ਅਤੇ ਟਰਾਇਲ ਕੋਰਟ ਦੇ ਜੱਜ ਨੇ ਮੁਲਜ਼ਮ ਦੇ ਵਕੀਲ ਨੂੰ ਨਹੀਂ ਸੁਣਿਆ। -ਪੀਟੀਆਈ