ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

01:35 PM May 27, 2023 IST

ਮਨੋਜ ਜੋਸ਼ੀ

Advertisement

ਬੀਤੇ ਹਫ਼ਤੇ ਇਕ ਪਾਸੇ ਜੀ-7 ਮੁਲਕਾਂ ਨੇ ਚੀਨ ਨੂੰ ਨੱਥ ਪਾਉਣ ਦੇ ਢੰਗ-ਤਰੀਕਿਆਂ ਬਾਰੇ ਵਿਚਾਰਾਂ ਹੋਈਆਂ, ਦੂਜੇ ਪਾਸੇ ਚੀਨ ਕੇਂਦਰੀ ਏਸ਼ੀਆ ਵਿਚ ਆਪਣੇ ਪਹਿਲਾਂ ਹੀ ਭਰਵੇਂ ਅਸਰ-ਰਸੂਖ਼ ਨੂੰ ਮੁਲਕ ਦੀ ਪ੍ਰਾਚੀਨ ਰਾਜਧਾਨੀ ਸਿਆਨ ਵਿਚ ਸੱਦੇ ਸਿਖਰ ਸੰਮੇਲਨ ਰਾਹੀਂ ਹੋਰ ਮਜ਼ਬੂਤ ਕਰਨ ਵਿਚ ਜੁਟਿਆ ਹੋਇਆ ਸੀ। ਕੇਂਦਰੀ ਏਸ਼ੀਆ ਦੇ ਆਗੂਆਂ ਨੇ ਇਸ ਕਾਨਫਰੰਸ ਦੌਰਾਨ ਸ਼ੀ ਜਿਨਪਿੰਗ ਨੂੰ ਜਿਸ ਤਰ੍ਹਾਂ ਸਮਰਥਨ ਦਾ ਮੁਜ਼ਾਹਰਾ ਕੀਤਾ, ਉਹ ਹੀਰੋਸ਼ੀਮਾ ਦੇ ਜੀ-7 ਸਿਖਰ ਸੰਮੇਲਨ ਦੌਰਾਨ ਉਭਾਰੀ ਗਈ ਚੀਨ ਦੀ ਧੱਕੇਸ਼ਾਹੀ ਵਾਲੀ ਸਫ਼ਾਰਤਕਾਰੀ ਦੇ ਇਸਤੇਮਾਲ ਦੀ ਨਾਂਹ-ਪੱਖੀ ਤਸਵੀਰ ਤੋਂ ਉਲਟ ਸੀ।

ਚੀਨ ਨੇ ਰੂਸ ਵੱਲੋਂ ਯੂਕਰੇਨ ਜੰਗ ਰਾਹੀਂ ਆਪਣੇ ਲਈ ਆਪ ਸਹੇੜੀ ਔਕੜ ਦਾ ਲਾਹਾ ਲੈਣ ਵਿਚ ਬਹੁਤਾ ਸਮਾਂ ਬਰਬਾਦ ਨਹੀਂ ਕੀਤਾ। ਰੂਸੀ ਸਦਰ ਵਲਾਦੀਮੀਰ ਪੂਤਿਨ ਉਦੋਂ ਐਨ ਇਸੇ ਗੱਲ ਬਾਰੇ ਫ਼ਿਕਰਮੰਦ ਸਨ ਜਦੋਂ ਉਹ ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਕਈ ਮਹੀਨੇ ਬਾਅਦ ਜੂਨ 2022 ਵਿਚ ਆਪਣੀ ਪਹਿਲੀ ਵਿਦੇਸ਼ ਫੇਰੀ ਤਹਿਤ ਤਾਜਿਕਸਤਾਨ ਤੇ ਤੁਰਕਮੇਨਿਸਤਾਨ ਪੁੱਜੇ ਅਤੇ ਨਾਲ ਹੀ ਉਨ੍ਹਾਂ ਇਰਾਨ, ਕਜ਼ਾਖ਼ਿਸਤਾਨ, ਆਜ਼ਰਬਾਈਜਾਨ ਤੇ ਤੁਰਕਮੇਨਿਸਤਾਨ ਦੇ ਰਾਸ਼ਟਰਪਤੀਆਂ ਨਾਲ ਛੇਵੇਂ ਕੈਸਪੀਅਨ ਸਿਖਰ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ। ਉਂਝ ਉਸ ਸਮੇਂ ਪੂਤਿਨ ਇਸ ਖ਼ਿੱਤੇ ਵਿਚ ਅਮਰੀਕਾ ਵੱਲੋਂ ਪੈਰ ਧਰਨ ਦੀਆਂ ਕੋਸ਼ਿਸ਼ਾਂ ਕਾਰਨ ਫ਼ਿਕਰਮੰਦ ਜਾਪਦੇ ਸਨ। ਇਸ ਸਾਲ ਦੇ ਸ਼ੁਰੂ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਜ਼ਾਖ਼ਿਸਤਾਨ ਦਾ ਦੌਰਾ ਕਰ ਕੇ ਕੇਂਦਰੀ ਏਸ਼ਿਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਕੀਤੀ। ਹੁਣ ਜਦੋਂ ਰੂਸ ਨੇ ਆਪਣੇ ਸਾਰੇ ਹੀਲੇ-ਵਸੀਲੇ ਯੂਕਰੇਨ ਜੰਗ ਵਿਚ ਝੋਕੇ ਹੋਏ ਹਨ ਤਾਂ ਚੀਨ ਆਪਣੀਆਂ ਚਾਲਾਂ ਚੱਲ ਰਿਹਾ ਹੈ।

Advertisement

ਕੇਂਦਰੀ ਏਸ਼ੀਆ ਦੀ ਸਰਹੱਦ ਚੀਨ ਦੇ ਗੜਬੜਜ਼ਦਾ ਸੂਬੇ ਸਿਨਜਿਆਂਗ ਨਾਲ ਲੱਗਦੀ ਹੈ ਪਰ ਇਸ ਦੇ ਨਾਲ ਹੀ ਇਹ ਊਰਜਾ ਸਪਲਾਈ ਦਾ ਅਹਿਮ ਜ਼ਮੀਨੀ ਸਾਧਨ ਵੀ ਹੈ ਅਤੇ ਯੂਰੋਪ ਨਾਲ ਸੜਕ ਰਸਤੇ ਵਪਾਰ ਲਈ ਮੁੱਖ ਦਰਵਾਜ਼ੇ ਵਜੋਂ ਉੱਭਰਿਆ ਹੈ। ਚੀਨ ਦਾ ਪੰਜ ਕੇਂਦਰੀ ਏਸ਼ਿਆਈ ਮੁਲਕਾਂ ਨਾਲ ਵਪਾਰ ਲਗਾਤਾਰ ਵਧ-ਫੁੱਲ ਰਿਹਾ ਹੈ ਜਿਹੜਾ 2022 ਵਿਚ 70 ਅਰਬ ਡਾਲਰ ਤੱਕ ਪੁੱਜ ਗਿਆ ਸੀ ਅਤੇ ਉਥੇ ਉਸ ਸਮੇਂ ਤੱਕ ਇਸ ਦਾ ਕੁੱਲ ਨਿਵੇਸ਼ 15 ਅਰਬ ਡਾਲਰ ਤੱਕ ਪੁੱਜ ਗਿਆ ਸੀ। ਕਜ਼ਾਖ਼ਿਸਤਾਨ ਨਾਲ ਇਸ ਦਾ ਵਪਾਰ 31 ਅਰਬ ਡਾਲਰ ਤੱਕ ਪੁੱਜ ਗਿਆ ਹੈ, ਜਦੋਂਕਿ ਦੂਜੇ ਨੰਬਰ ਉਤੇ 15.5 ਅਰਬ ਡਾਲਰ ਨਾਲ ਕਿਰਗਿਜ਼ਸਤਾਨ ਤੇ ਫਿਰ 11.2 ਅਰਬ ਡਾਲਰ ਨਾਲ ਤੁਰਕਮੇਨਿਸਤਾਨ, 9.8 ਅਰਬ ਡਾਲਰ ਨਾਲ ਉਜ਼ਬੇਕਿਸਤਾਨ ਅਤੇ 2 ਅਰਬ ਡਾਲਰ ਨਾਲ ਤਾਜਿਕਸਤਾਨ ਆਉਂਦੇ ਹਨ। ਇਸ ਦੌਰਾਨ ਇਸ ਤੱਥ ਦੀ ਵੀ ਖ਼ਾਸ ਅਹਿਮੀਅਤ ਹੈ ਕਿ ਜਿਥੇ ਪਹਿਲਾਂ ਇਹ ਸਹਿਯੋਗ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਤਹਿਤ ਦੁਵੱਲਾ ਜਾਂ ਬਹੁਧਿਰੀ ਸੀ, ਉਥੇ ਹੁਣ ਇਸ ਨੂੰ ਚੀਨ ਤੇ ਬਾਕੀ ਖ਼ਿੱਤੇ ਦੀ ਸ਼ਮੂਲੀਅਤ ਨਾਲ ਨਵੇਂ ਛੋਟੇ ਗਰੁੱਪ ਤਹਿਤ ਲਿਆਂਦਾ ਗਿਆ ਹੈ।

ਬੀਤੇ ਸ਼ੁੱਕਰਵਾਰ (19 ਮਈ) ਨੂੰ ਸਿਖਰ ਸੰਮੇਲਨ ਦੇ ਅਖ਼ੀਰ ਵਿਚ ਸ਼ੀ ਜਿੰਨਪਿੰਗ ਨੇ ਕੇਂਦਰੀ ਏਸ਼ੀਆ ਦੇ ਵਿਕਾਸ ਲਈ ਜ਼ੋਰਦਾਰ ਯੋਜਨਾ ਦਾ ਖ਼ਾਕਾ ਪੇਸ਼ ਕੀਤਾ ਜਿਸ ਵਿਚ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਵਪਾਰ ਨੂੰ ਹੁਲਾਰਾ ਦੇਣ ਤੱਕ ਬੜਾ ਕੁਝ ਸ਼ਾਮਲ ਹੈ। ਇਸ ਦਿਸ਼ਾ ਵਿਚ ਉਨ੍ਹਾਂ 3.8 ਅਰਬ ਡਾਲਰ ਦੀ ਮਾਲੀ ਇਮਦਾਦ ਅਤੇ ਗਰਾਂਟਾਂ ਐਲਾਨ ਕੀਤਾ। ਇਸ ਦੌਰਾਨ ਜਿਥੇ ਉਨ੍ਹਾਂ ਮੇਲ-ਜੋਲ ਤੇ ਸੰਪਰਕ ਦੀ ਮਜ਼ਬੂਤੀ ਲਈ ਜ਼ੋਰ ਦਿੱਤਾ ਉਥੇ ਉਨ੍ਹਾਂ ਇਹ ਬਿਲਕੁਲ ਨਹੀਂ ਕਿਹਾ ਕਿ ਟਰਾਂਸ-ਕੈਸਪੀਅਨ (ਕੈਸਪੀਅਨ ਸਾਗਰ ਦੇ ਆਰ-ਪਾਰ) ਕੌਮਾਂਤਰੀ ਟਰਾਂਸਪੋਰਟੇਸ਼ਨ ਗਲਿਆਰੇ ਦੇ ਵਿਕਾਸ ਲਈ ਚੀਨ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਜਿਹੜਾ ਰੂਸ ਤੋਂ ਲਾਂਭੇ ਲਾਂਭੇ ਜਾਵੇਗਾ। ਨਾਲ ਹੀ ਚੀਨ ਵੱਲੋਂ 523 ਕਿਲੋਮੀਟਰ ਕਿਰਗਿਜ਼ਸਤਾਨ-ਉਜ਼ਬੇਕਿਸਤਾਨ-ਚੀਨ ਰੇਲਵੇ ਲਾਈਨ ਦੀ ਉਸਾਰੀ ਲਈ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਜਿਹੜੀ ਅਗਾਂਹ ਤੁਰਕੀ ਤੱਕ ਅਤੇ ਰੂਸ ਤੋਂ ਲਾਂਭੇ ਲਾਂਭੇ ਜਾਵੇਗੀ।

ਸ਼ੀ ਜਿੰਨਪਿੰਗ ਦੀ ਚੀਨ ਅਤੇ ਕੇਂਦਰੀ ਏਸ਼ੀਆ ਦੇ ਸਾਂਝੇ ਭਵਿੱਖ ਸਬੰਧੀ ਚਾਰ-ਨੁਕਾਤੀ ਸੋਚ ਵਿਚ ‘ਸਰਵਵਿਆਪੀ ਸੁਰੱਖਿਆ’ ਦੀ ਧਾਰਨਾ ਵੀ ਸ਼ਾਮਲ ਹੈ ਜਿਹੜੀ ਇਸ ਖਿੱਤੇ ਦੇ ਮੁਲਕਾਂ ਦੇ ਘਰੇਲੂ ਮਾਮਲਿਆਂ ਵਿਚ ਕਿਸੇ ਤਰ੍ਹਾਂ ਦੇ ਬਾਹਰੀ ਦਖ਼ਲ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਡਟ ਕੇ ਖੜ੍ਹਨ ਦੀ ਲੋੜ ਉਤੇ ਨੂੰ ਉਭਾਰਦੀ ਹੈ। ਚੀਨੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ, “ਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਕੇਂਦਰੀ ਏਸ਼ਿਆਈ ਮੁਲਕਾਂ ਨੂੰ ਆਪਣੇ ਖੇਤਰ ਵਿਚ ਕਾਨੂੰਨ-ਪ੍ਰਬੰਧ ਲਾਗੂ ਕਰਨ, ਸੁਰੱਖਿਆ ਵਿਚ ਸੁਧਾਰ ਤੇ ਨਾਲ ਹੀ ਰੱਖਿਆ ਸਮਰੱਥਾ ਉਸਾਰੀ ਲਈ ਮਦਦ ਦੇਣ ਵਾਸਤੇ ਤਿਆਰ ਹੈ ਤਾਂ ਕਿ ਖਿੱਤੇ ਵਿਚ ਇਲਾਕਾਈ ਅਮਨ ਦੀ ਰਾਖੀ ਕੀਤੀ ਜਾ ਸਕੇ।”

ਚੀਨ ਕੇਂਦਰੀ ਏਸ਼ੀਆ ਵਿਚ ਆਪਣੇ ਪੈਰ ਬਹੁਤ ਸੰਭਲ ਕੇ ਧਰ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਰੂਸ ਨੂੰ ਕੋਈ ਸ਼ੱਕ ਨਾ ਪੈਦਾ ਹੋਵੇ। ਇਸ ਨੇ ਰੂਸ ਦੀ ਅਗਵਾਈ ਵਾਲੀ ਯੂਰੇਸ਼ੀਅਨ ਆਰਥਿਕ ਯੂਨੀਅਨ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਿਹੜੀ ਬਹੁਤ ਸਾਰੇ ਕੇਂਦਰੀ ਏਸ਼ਿਆਈ ਅਤੇ ਕੈਸਪੀਅਨ ਗਣਰਾਜਾਂ ਨੂੰ ਇਕਹਿਰੇ ਬਾਜ਼ਾਰ ਤਹਿਤ ਰੂਸ ਨਾਲ ਇਕੁਮੱਠ ਕਰਦੀ ਹੈ। ਇਸ ਲਈ ਜਦੋਂ ਗੱਲ ਸੁਰੱਖਿਆ ਦੀ ਆਉਂਦੀ ਹੈ ਤਾਂ ਚੀਨ ਮੁੱਖ ਤੌਰ ‘ਤੇ ਅੰਦਰੂਨੀ ਸੁਰੱਖਿਆ ਅਤੇ ਨਿਗਰਾਨੀ ਬਾਰੇ ਹੀ ਬੋਲਦਾ ਹੈ। ਹਾਲ ਦੀ ਘੜੀ ਖਿੱਤੇ ਦੇ ਮੁਲਕ ਰੂਸ ਦੀ ਅਗਵਾਈ ਵਾਲੀ ਕੁਲੈਕਟਿਵ ਸਕਿਉਰਿਟੀ ਟਰੀਟੀ ਆਰਗੇਨਾਈਜ਼ੇਸ਼ਨ (ਸੀਐੱਸਟੀਓ) ਦੇ ਘੇਰੇ ਵਿਚ ਆਉਂਦੇ ਹਨ ਅਤੇ ਰੂਸ ਦੇ ਦੁਸ਼ਾਂਬੇ ਦੇ ਬਾਹਰਵਾਰ, ਤਾਜਿਕਸਤਾਨ ਅਤੇ ਕਿਰਗਿਜ਼ਸਤਾਨ ਵਿਚ ਵਿਸ਼ਾਲ ਅੱਡੇ ਹਨ। ਮਾਹਿਰਾਂ ਦਾ ਖ਼ਿਆਲ ਹੈ ਕਿ ਰੂਸ ਭਾਵੇਂ ਖ਼ਿੱਤੇ ਦੀ ਭਾਰੂ ਤਾਕਤ ਹੈ ਅਤੇ ਸੀਐੱਸਟੀਓ ਤਹਿਤ ਸੁਰੱਖਿਆ ਲਈ ਜ਼ਿੰਮੇਵਾਰ ਹੈ ਪਰ ਤਾਂ ਵੀ ਇਹ ਬੀਤੇ ਸਾਲ ਕਿਰਗਿਜ਼-ਤਾਜਿਕ ਸਰਹੱਦੀ ਝੜਪਾਂ ਨਾਲ ਅਸਰਦਾਰ ਢੰਗ ਨਾਲ ਸਿੱਝਣ ਵਿਚ ਨਾਕਾਮ ਰਿਹਾ। ਖ਼ਿੱਤੇ ਵਿਚ ਰੂਸ ਦੇ ਘਟ ਰਹੇ ਪ੍ਰਭਾਵ ਦਾ ਪਤਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਕਿਸੇ ਵੀ ਕੇਂਦਰੀ ਏਸ਼ਿਆਈ ਮੁਲਕ ਨੇ ਯੂਕਰੇਨ ਹਮਲੇ ਦੇ ਮਾਮਲੇ ਵਿਚ ਰੂਸ ਦੀ ਹਮਾਇਤ ਨਹੀਂ ਕੀਤੀ, ਹਾਲਾਂਕਿ ਉਨ੍ਹਾਂ ਇਸੇ ਸਾਲ ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਵਿਚ ਰੂਸੀ ਹਮਲੇ ਦੀ ਨਿਖੇਧੀ ਕਰਦੇ ਮਤੇ ਉਤੇ ਵੋਟ ਵਿਚ ਹਿੱਸਾ ਨਹੀਂ ਲਿਆ। ਕਜ਼ਾਖ਼ਿਸਤਾਨ ਨੇ 2022 ਵਿਚ ਫ਼ੌਜੀ ਸੇਵਾ ਤੋਂ ਭੱਜ ਰਹੇ ਹਜ਼ਾਰਾਂ ਰੂਸੀਆਂ ਨੂੰ ਸਹਾਰਾ ਦਿੱਤਾ ਅਤੇ ਇਸ ਦੇ ਰਾਸ਼ਟਰਪਤੀ ਨੇ ਟਕਰਾਅ ਨੂੰ ਹੱਲ ਕਰਾਉਣ ਲਈ ਖ਼ੁਦ ਨੂੰ ਵਿਚੋਲੇ ਵਜੋਂ ਵੀ ਪੇਸ਼ ਕੀਤਾ।

ਚੀਨ ਨੇ ਤਾਜਿਕਸਤਾਨ ਦੀ ਵਿਸ਼ੇਸ਼ ਫ਼ੌਜ ਦੀ ਇਕਾਈ ਲਈ ਪਾਮੀਰ ਪਰਬਤ ਇਲਾਕੇ ਵਿਚ ਤਾਜਿਕ-ਅਫ਼ਗਾਨ ਸਰਹੱਦ ਉਤੇ ਸਰਹੱਦੀ ਚੌਕੀ ਦੀ ਉਸਾਰੀ ਲਈ ਮਾਲੀ ਇਮਦਾਦ ਵੀ ਮੁਹੱਈਆ ਕਰਾਈ ਹੈ। ਉਂਝ ਤਾਜਿਕਾਂ ਨੇ ਇਹ ਸਾਫ਼ ਕੀਤਾ ਹੈ ਕਿ ਇਸ ਸਰਹੱਦੀ ਚੌਕੀ ਉਤੇ ਚੀਨ ਦੇ ਫ਼ੌਜੀਆਂ ਨੂੰ ਬਿਲਕੁਲ ਨਹੀਂ ਰੱਖਿਆ ਜਾਵੇਗਾ। ਸਿਨਜਿਆਂਗ ਨੂੰ ਲੈ ਕੇ ਚਿੰਤਾਵਾਂ ਤੋਂ ਪਤਾ ਲੱਗਦਾ ਹੈ ਕਿ ਪੇਈਚਿੰਗ ਕੇਂਦਰੀ ਏਸ਼ਿਆਈ ਮੁਲਕਾਂ ਨਾਲ ਰਸਮੀ ਸੁਰੱਖਿਆ ਸਹਿਯੋਗ ਕਾਇਮ ਕਰਨ ਦਾ ਖ਼ਾਹਿਸ਼ਮੰਦ ਹੋਵੇਗਾ ਅਤੇ ਉਹ ਆਪਣੀ ਫ਼ੌਜ ਦੀ ਸ਼ਮੂਲੀਅਤ ਵਾਲੀਆਂ ਮਸ਼ਕਾਂ ਦੀ ਬਹਾਲੀ ਦਾ ਵੀ ਚਾਹਵਾਨ ਹੋਵੇਗਾ।

ਅਜਿਹਾ ਨਹੀਂ ਕਿ ਚੀਨ ਦੀਆਂ ਇਹ ਕਾਰਵਾਈਆਂ ਨਵੀਆਂ ਜਾਂ ਹੈਰਾਨੀਜਨਕ ਹਨ। ਕੇਂਦਰੀ ਏਸ਼ਿਆਈ ਮੁਲਕ ਚੀਨ ਦੇ ਗੜਬੜ ਵਾਲੇ ਸਿਨਜ਼ਿਆਂਗ ਸੂਬੇ ਨਾਲ ਲੱਗਦੇ ਹਨ। ਕਜ਼ਾਖ਼ਿਸਤਾਨ, ਕਿਰਗਿਜ਼ਸਤਾਨ ਅਤੇ ਤਾਜਿਕਸਤਾਨ ਦੀ ਚੀਨ ਨਾਲ ਸਾਂਝੀ ਜ਼ਮੀਨੀ ਸਰਹੱਦ ਹੈ। ਬੈਲਟ ਐਂਡ ਰੋਡ ਇਨੀਸ਼ਿਏਟਿਵ (ਪੱਟੀ ਤੇ ਸੜਕ ਪਹਿਲਕਦਮੀ-ਬੀਆਰਆਈ) ਵਿਚ ਇਸ ਖ਼ਿੱਤੇ ਨੂੰ ਖ਼ਾਸ ਤਵੱਜੋ ਹਾਸਲ ਹੈ ਅਤੇ ਇਹ ਖ਼ਿੱਤਾ ਤਿੰਨ ਪਾਈਪ ਲਾਈਨਾਂ (ਚੌਥੀ ਦੀ ਉਸਾਰੀ ਜਾਰੀ ਹੈ) ਦੇ ਨੈਟਵਰਕ ਰਾਹੀਂ ਚੀਨ ਨੂੰ ਤੇਲ ਤੇ ਗੈਸ ਦੀ ਸਪਲਾਈ ਕਰਦਾ ਹੈ। ਇੰਨਾ ਹੀ ਨਹੀਂ, ਸ਼ੀ ਜਿੰਨਪਿੰਗ ਨੇ 2013 ਵਿਚ ਬੀਆਰਆਈ ਦਾ ਐਲਾਨ ਵੀ ਕਜ਼ਾਖ਼ਿਸਤਾਨ ਵਿਚ ਕੀਤਾ ਸੀ। 2011 ਤੋਂ ਚੀਨ-ਯੂਰਪੀ ਰੇਲਵੇ ਐਕਸਪ੍ਰੈੱਸ ਰਾਹੀਂ ਯੂਰੇਸ਼ੀਆ ਦੇ ਆਰ-ਪਾਰ ਰੇਲਾਂ ਦੇ ਨੈਟਵਰਕ ਜ਼ਰੀਏ ਯੂਰੋਪ ਵਿਚ ਵੱਖੋ-ਵੱਖ ਟਿਕਾਣਿਆ ਉਤੇ ਮਾਲ ਗੱਡੀਆਂ ਵੱਲੋਂ ਸਾਮਾਨ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਇਕੱਲੇ 2021 ਦੌਰਾਨ ਹੀ 15 ਹਜ਼ਾਰ ਤੋਂ ਜ਼ਿਆਦਾ ਰੇਲ ਗੱਡੀਆਂ ਨੇ 14.60 ਲੱਖ ਤੋਂ ਵਧੇਰੇ ਸ਼ਿਪਿੰਗ ਕੰਟੇਨਰਾਂ ਨੂੰ ਯੂਰੋਪ ਵਿਚ ਪਹੁੰਚਾਇਆ।

ਉਂਝ, ਯੂਕਰੇਨ ਜੰਗ ਕਾਰਨ ਯੂਰੋਪੀਅਨ ਯੂਨੀਅਨ/ਅਮਰੀਕਾ ਵੱਲੋਂ ਰੂਸ ਖ਼ਿਲਾਫ਼ ਆਇਦ ਪਾਬੰਦੀਆਂ ਵਿਚ ਰੂਸੀ ਰੇਲਵੇ ਨੂੰ ਵੀ ਸ਼ਾਮਲ ਕੀਤੇ ਜਾਣ ਕਾਰਨ ਇਸ ਉੱਤਰੀ ਰੂਟ ਲਈ ਮਸਲੇ ਖੜ੍ਹੇ ਹੋ ਗਏ ਹਨ। ਇਸ ਕਾਰਨ ਬੀਐੱਮਡਬਲਿਊ ਅਤੇ ਔਡੀ ਕਾਰ ਨਿਰਮਾਤਾਵਾਂ ਨੇ ਰੇਲ ਰਾਹੀਂ ਚੀਨ ਨੂੰ ਆਪਣੀਆਂ ਕਾਰਾਂ ਦੀ ਸਪਲਾਈ ਮੁਅੱਤਲ ਕਰ ਦਿੱਤੀ ਹੈ ਅਤੇ ਇਸੇ ਤਰ੍ਹਾਂ ਮਰਸਕ ਤੇ ਡੀਐੱਚਐੱਲ ਵਰਗੇ ਕੌਮਾਂਤਰੀ ਸਪਲਾਇਰਾਂ ਨੇ ਵੀ ਆਪਣਾ ਰੇਲ ਕਾਰੋਬਾਰ ਰੋਕ ਦਿੱਤਾ ਹੈ।

ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ‘ਚੋਂ ਫ਼ੌਜਾਂ ਵਾਪਸ ਕੱਢੇ ਜਾਣ ਅਤੇ ਪੂਤਿਨ ਦੇ ਯੂਕਰੇਨ ‘ਚ ਜੰਗ ਵਰਗੀਆਂ ਤਬਾਹਕੁਨ ਬਾਜ਼ੀਆਂ ਲਾਉਣ ਦੌਰਾਨ ਚੀਨ ਮਾਹੌਲ ਆਪਣੇ ਹੱਕ ਵਿਚ ਹੋਣ ਦੇ ਰਿਹਾ ਹੈ। ਇਹ ਗੱਲ ਬਿਨਾ ਕਿਸੇ ਸ਼ੱਕ ਤੋਂ ਆਖੀ ਜਾ ਸਕਦੀ ਹੈ ਕਿ ਕੇਂਦਰੀ ਏਸ਼ੀਆ ਵਿਚ ਚੀਨ ਦਾ ਅਸਰ ਰਸੂਖ਼ ਲਗਾਤਾਰ ਭਰਵੇਂ ਢੰਗ ਨਾਲ ਵਧਦਾ ਜਾਵੇਗਾ।

*ਵਿਸ਼ੇਸ਼ ਫੈਲੋ, ਅਬਜ਼ਰਵਰ ਰਿਸਰਚ ਫਾਊਂਡੇਸ਼ਨ।

Advertisement
Advertisement