ਮੋਦੀ ਸਰਕਾਰ ਦੌਰਾਨ ਇੱਕ ਇੰਚ ਜ਼ਮੀਨ ’ਤੇ ਵੀ ਚੀਨ ਨਹੀਂ ਕਰ ਸਕਿਆ ਕਬਜ਼ਾ: ਸ਼ਾਹ
ਲਖੀਮਪੁਰ, 9 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਚੀਨ ‘‘ਇੱਕ ਇੰਚ’’ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰ ਸਕਿਆ ਅਤੇ ਦਾਅਵਾ ਕੀਤਾ ਕਿ ਲੋਕ ਇਹ ਕਦੇ ਨਹੀਂ ਭੁੱਲਣਗੇ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ 1962 ਵਿੱਚ ਚੀਨ ਦੇ ਹਮਲੇ ਦੌਰਾਨ ਅਸਾਮ ਤੇ ਅਰੁਣਾਚਲ ਪ੍ਰਦੇਸ਼ ਨੂੰ ‘‘ਅਲਵਿਦਾ’’ ਕਹਿ ਦਿੱਤਾ ਸੀ।
ਅਸਾਮ ਦੇ ਲਖੀਮਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੀ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਨੂੰ ਸੁਰੱਖਿਅਤ ਕੀਤਾ ਅਤੇ ਘੁਸਪੈਠ ’ਤੇ ਰੋਕ ਲਾਈ ਹੈ। ਸ਼ਾਹ ਨੇ ਕਿਹਾ, ‘‘ਚੀਨ ਵੱਲੋਂ 1962 ਵਿੱਚ ਕੀਤੇ ਗਏ ਹਮਲੇ ਦੌਰਾਨ ਨਹਿਰੂ ਨੇ ਅਸਾਮ ਤੇ ਅਰੁਣਾਚਲ ਨੂੰ ‘‘ਅਲਵਿਦਾ’’ ਕਿਹਾ ਸੀ। ਇਨ੍ਹਾਂ ਸੂਬਿਆਂ ਦੇ ਲੋਕ ਇਸ ਨੂੰ ਕਦੇ ਵੀ ਨਹੀਂ ਭੁੱਲ ਸਕਦੇ।’’ ਉਨ੍ਹਾਂ ਕਿਹਾ, ‘‘ਪਰ ਹੁਣ ਇਹ ਬਦਲਾਅ ਆਇਆ ਹੈ ਕਿ ਨਰਿੰਦਰ ਮੋਦੀ ਸਰਕਾਰ ਦੌਰਾਨ ਚੀਨ ਇੱਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰ ਸਕਿਆ। ਇਥੋਂ ਤੱਕ ਕਿ ਡੋਕਲਾਮ ’ਚ ਵੀ ਅਸੀਂ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ।’’ ਉਨ੍ਹਾਂ ਨੇ ਅਸਾਮ ਦੀਆਂ ਪਿਛਲੀਆਂ ਕਾਂਗਰਸੀ ਸਰਕਾਰਾਂ ’ਤੇ ਸੂਬੇ ਨਾਲ ਅਨਿਆਂ ਕਰਨ ਦਾ ਦੋਸ਼ ਵੀ ਲਾਇਆ। -ਪੀਟੀਆਈ
ਚੀਨ ਨੂੰ ‘ਕਲੀਨ ਚਿੱਟ’ ਦੇਣ ’ਤੇ ਕਾਂਗਰਸ ਵੱਲੋਂ ਸ਼ਾਹ ਦੀ ਨਿਖੇਧੀ
ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੀਨ ਵੱਲੋਂ ‘‘ਇੱਕ ਇੰਚ’’ ਜ਼ਮੀਨ ’ਤੇ ਕਬਜ਼ਾ ਨਾ ਸਕਣ ਦੀ ਟਿੱਪਣੀ ਲਈ ਨਿਖੇਧੀ ਕੀਤੀ ਹੈ ਅਤੇ ਆਖਿਆ ਕਿ ਮੋਦੀ ਸਰਕਾਰ ਗੁਆਂਢੀ ਮੁਲਕ ਨੂੰ ‘‘ਕਲੀਨ ਚਿੱਟ’’ ਦੇ ਰਹੀ ਹੈ ਪਰ ਕਾਂਗਰਸ ਸਰਕਾਰ ਆਉਣ ’ਤੇ ਇਨ੍ਹਾਂ ਕਬਜ਼ਿਆਂ ਨੂੰ ਰੋਕਿਆ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ ਕਿ ਭਾਜਪਾ ਹਰ ਵਾਰ ਚੀਨ ਨੂੰ ਕਲੀਨ ਚਿੱਟ ਦਿੰਦੀ ਹੈ ਅਤੇ ਸੱਤਾਧਾਰੀ ਪਾਰਟੀ ਭਾਰਤ ਲਈ ਚੀਨ ਦੇ ਗ਼ੈਰਕਾਨੂੰਨੀ ਕਬਜ਼ੇ ਨਾਲ ਨਜਿੱਠਣਾ ਔਖਾ ਬਣਾ ਦਿੰਦੀ ਹੈ। ਸ਼ਾਹ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਰਮੇਸ਼ ਨੇ ਕਿਹਾ, ‘‘19 ਜੂਨ 2020 ਨੂੰ ਚੀਨ ਸਬੰਧੀ ਸੱਦੀ ਸਰਬਪਾਰਟੀ ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇੱਕ ਵੀ ਚੀਨੀ ਸੈਨਿਕ ਭਾਰਤੀ ਇਲਾਕੇ ’ਚ ਦਾਖਲ ਨਹੀਂ ਹੋਇਆ। ਪ੍ਰਧਾਨ ਮੰਤਰੀ ਦੇ ਇਸ ਝੂਠ ਦੀ ਵਰਤੋਂ ਚੀਨੀਆਂ ਨੇ ਪੂਰੀ ਦੁਨੀਆਂ ’ਚ ਭਾਰਤੀ ਇਲਾਕੇ ’ਤੇ ਆਪਣੇ ਕਬਜ਼ੇ ਤੋਂ ਇਨਕਾਰ ਕਰਨ ਲਈ ਕੀਤੀ।’’ ਉਨ੍ਹਾਂ ਦੋਸ਼ ਲਾਇਆ, ‘‘ਇਕਲੌਤੇ ਵਿਅਕਤੀ ਜੋ ਝੂਠ ਬੋਲਣ ’ਚ ਪ੍ਰਧਾਨ ਮੰਤਰੀ ਨੂੰ ਟੱਕਰ ਦੇ ਸਕਦੇ ਹਨ, ਉਹ ਗ੍ਰਹਿ ਮੰਤਰੀ ਹਨ। ਹੁਣ ਉਨ੍ਹਾਂ ਨੇ ਵੀ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਹ ਦੇਸ਼ ਦੇ ਸ਼ਹੀਦ ਸੈਨਿਕਾਂ ਦਾ ਅਪਮਾਨ ਹੈ।’’ -ਪੀਟੀਆਈ