ਚੀਨ ਵੱਲੋਂ ਪੂਰਬੀ ਲੱਦਾਖ ’ਚ ਟਕਰਾਅ ਦੇ ਖ਼ਾਤਮੇ ਸਬੰਧੀ ਸਮਝੌਤੇ ਦੀ ਪੁਸ਼ਟੀ
ਪੇਈਚਿੰਗ, 22 ਅਕਤੂਬਰ
ਚੀਨ ਨੇ ਪੂਰਬੀ ਲੱਦਾਖ ਵਿੱਚ ਪੇਈਚਿੰਗ ਅਤੇ ਭਾਰਤ ਦੀਆਂ ਫੌਜਾਂ ਦਰਮਿਆਨ ਟਕਰਾਅ ਖ਼ਤਮ ਕਰਨ ਲਈ ਨਵੀਂ ਦਿੱਲੀ ਨਾਲ ਸਮਝੌਤਾ ਹੋਣ ਦੀ ਪੁਸ਼ਟੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਦੇ ਸਰਹੱਦ ਨਾਲ ਸਬੰਧਤ ਮੁੱਦਿਆਂ ’ਤੇ ਕੂਟਨੀਤਕ ਅਤੇ ਫੌਜੀ ਅਧਿਕਾਰੀ ਵੱਖ-ਵੱਖ ਮੰਚਾਂ ਉੱਤੇ ਇੱਕ-ਦੂਜੇ ਦੇ ਸੰਪਰਕ ਵਿੱਚ ਰਹੇ ਹਨ।’’ ਉਨ੍ਹਾਂ ਦੱਸਿਆ ਕਿ ਹੁਣ ਦੋਵੇਂ ਧਿਰਾਂ ਸਬੰਧਤ ਮਾਮਲਿਆਂ ਦੇ ਇੱਕ ਹੱਲ ’ਤੇ ਪਹੁੰਚ ਗਏ ਹਨ। ਜਿਆਨ ਨੇ ਕਿਹਾ ਕਿ ਚੀਨ ਇਨ੍ਹਾਂ ਤਜਵੀਜ਼ਾਂ ਨੂੰ ਲਾਗੂ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ ਪਰ ਉਨ੍ਹਾਂ ਨੇ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਰੂਸ ਦੇ ਕਜ਼ਾਨ ਵਿੱਚ ‘ਬ੍ਰਿਕਸ’ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਦੁਵੱਲੀ ਮੀਟਿੰਗ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਜੇ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ।’’
ਭਾਰਤ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤੀ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਉੱਤੇ ਪੈਟਰੋਲਿੰਗ (ਸੁਰੱਖਿਆ ਬਲਾਂ ਦੀ ਗਸ਼ਤ) ਨੂੰ ਲੈ ਕੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਨੂੰ ਪੂਰਬੀ ਲੱਦਾਖ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਫੌਜੀ ਟਕਰਾਅ ਦੇ ਹੱਲ ਦੀ ਦਿਸ਼ਾ ਵਿੱਚ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। -ਪੀਟੀਆਈ
ਵਿਸ਼ਵਾਸ ਬਹਾਲੀ ਦੇ ਕਰ ਰਹੇ ਹਾਂ ਯਤਨ: ਸੈਨਾ ਮੁਖੀ
ਨਵੀਂ ਦਿੱਲੀ:
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਗਸ਼ਤ ਨੂੰ ਲੈ ਕੇ ਚੀਨ ਨਾਲ ਸਮਝੌਤਾ ਹੋਣ ਦੇ ਭਾਰਤ ਦੇ ਐਲਾਨ ਮਗਰੋਂ ਥਲ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ, ‘‘ਇਸ ਸਮੇਂ ਅਸੀਂ ਵਿਸ਼ਵਾਸ ਬਹਾਲੀ ਦੇ ਯਤਨ ਕਰ ਰਹੇ ਹਾਂ ਅਤੇ ਇਸ ਨੂੰ ਹਾਸਲ ਕਰਨ ਲਈ ਦੋਵਾਂ ਧਿਰਾਂ ਨੂੰ ਇੱਕ-ਦੂਜੇ ਨੂੰ ਭਰੋਸੇ ਵਿੱਚ ਲੈਣਾ ਹੋਵੇਗਾ।’’ ਜਨਰਲ ਉਪੇਂਦਰ ਦਿਵੇਦੀ ਇੱਥੇ ਰੱਖਿਆ ਮੰਚ ਯੂਐੱਸਆਈ ਵੱਲੋਂ ਕਰਵਾਏ ਪ੍ਰੋਗਰਾਮ ਮਗਰੋਂ ਸੰਵਾਦ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਸਮਝੌਤੇ ’ਤੇ ਪੁੱਜਣਾ ਸੌਖਾ ਨਹੀਂ: ਜਲ ਸੈਨਾ ਉਪ ਮੁਖੀ
ਨਵੀਂ ਦਿੱਲੀ:
ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੇ ਅੱਜ ਕਿਹਾ ਕਿ ਜਲ ਸੈਨਾ ਇਹ ਜਾਣ ਕੇ ਖੁਸ਼ ਹੈ ਕਿ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਕਰਨ ਸਬੰਧੀ ਸਮਝੌਤੇ ਉੱਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਮਝੌਤੇ ’ਤੇ ਪਹੁੰਚਣਾ ਸੌਖਾ ਨਹੀਂ ਹੁੰਦਾ। ਸਵਾਮੀਨਾਥਨ ਨੇ ਇਹ ਗੱਲ ਜਲ ਸੈਨਾ ਦੇ ਮੁੱਖ ਸੈਮੀਨਾਰ ‘ਸਵਾਵਲੰਬਨ’ ਦੇ ਤੀਸਰੇ ਸੈਸ਼ਨ ਤੋਂ ਪਹਿਲਾਂ ਕੋਟਾ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।