ਚੀਨ ਤੇ ਪੱਛਮ: ਅਕਸ ਤੇ ਅਸਲ...
ਸਤੰਬਰ 2023 ਵਿੱਚ ਭਾਰਤੀ ਵਣਜ ਮੰਤਰਾਲੇ ਨੇ ਚੀਨ ਤੋਂ ਲੈਪਟੌਪਸ, ਟੈਬਲੈੱਟਸ ਤੇ ਪਰਸਨਲ ਕੰਪਿਊਟਰਾਂ (ਪੀ.ਸੀਜ਼) ਦੀ ਦਰਾਮਦ ਉੱਤੇ ਰੋਕ ਲਗਾ ਦਿੱਤੀ। ਇਜਾਜ਼ਤ ਉਸ ਮੁਲਕ ਤੋਂ ਸਿਰਫ਼ ਕੰਪਿਊਟਰ ਹਾਰਡਵੇਅਰ ਮੰਗਵਾਉਣ ਦੀ ਦਿੱਤੀ ਗਈ। ਕੰਪਿਊਟਰ ਸਨਅਤ ਨੇ ਇਸ ਰੋਕ ਦਾ ਵਿਰੋਧ ਕੀਤਾ। ਮੰਗ ਕੀਤੀ ਗਈ ਕਿ ਇਹ ਬੰਦਸ਼ ਘੱਟੋ ਘੱਟ ਇੱਕ ਮਹੀਨੇ ਲਈ ਮੁਲਤਵੀ ਕੀਤੀ ਜਾਵੇ ਤਾਂ ਜੋ ਪੀ.ਸੀਜ਼ ਦਾ ਨਿਰਮਾਣ ਕਰਨ ਵਾਲੀਆਂ ਭਾਰਤੀ ਕੰਪਨੀਆਂ ਇਸ ਨਿਰਮਾਣ ਤੇ ਵਿਨਿਰਮਾਣ ਵਿੱਚ ਵਰਤੇ ਜਾਂਦੇ ਸਾਜ਼ੋ-ਸਾਮਾਨ ਤੇ ਕਲ-ਪੁਰਜ਼ਿਆਂ ਦੀ ਸਪਲਾਈ ਦੇ ਬਦਲਵੇਂ ਪ੍ਰਬੰਧ ਕਰ ਸਕਣ। ਇਹ ਮੰਗ ਵਾਜਬ ਸੀ, ਸਰਕਾਰ ਆਪਣੇ ਹੁਕਮਾਂ ਨੂੰ 15 ਦਿਨਾਂ ਲਈ ਮੁਲਤਵੀ ਕਰਨ ਵਾਸਤੇ ਰਾਜ਼ੀ ਹੋ ਗਈ। ਪੰਦਰ੍ਹਾਂ ਦਿਨਾਂ ਬਾਅਦ ਫਿਰ ਸ਼ੋਰ-ਸ਼ਰਾਬਾ ਸ਼ੁਰੂ ਹੋ ਗਿਆ ਕਿ ਬਦਲਵੇਂ ਪ੍ਰਬੰਧ ਅਜੇ ਰਵਾਂ ਨਹੀਂ ਹੋਏ, ਇਸ ਕਰਕੇ ਭਾਰਤੀ ਨਿਰਮਾਤਾਵਾਂ ਨੂੰ ਆਲਮੀ ਮੰਡੀ ਵਿੱਚ ਮਾਰ ਪੈਣ ਲੱਗੀ ਹੈ। ਸਰਕਾਰ ਨੇ ਸਾਰੇ ਸ਼ਿਕਵੇ ਦੂਰ ਕਰਨ ਦੀ ਖ਼ਾਤਿਰ ਰੋਕ ਵਾਲਾ ਹੁਕਮ ਮਾਰਚ 2024 ਤੱਕ ਮੁਲਤਵੀ ਕਰ ਦਿੱਤਾ। ਹੁਣ ਇਹ ਅੰਕੜੇ ਸਾਹਮਣੇ ਆਏ ਹਨ ਕਿ ਰੋਕ ਹਟਦਿਆਂ ਹੀ ਪਰਸਨਲ ਕੰਪਿਊਟਰਾਂ ਤੇ ਲੈਪਟੌਪਾਂ ਦੀ ਦਰਾਮਦ ਰਿਕਾਰਡਤੋੜ ਤੇਜ਼ੀ ਨਾਲ ਵਧੀ। ਇਕੱਲੇ ਦਸੰਬਰ 2023 ਵਿੱਚ ਇਹ ਵਾਧਾ 11 ਫ਼ੀਸਦੀ ਤੋਂ ਜ਼ਿਆਦਾ ਸੀ। ਜ਼ਾਹਿਰ ਹੈ ਕਿ ‘ਮੇਕ ਇਨ ਇੰਡੀਆ’ ਤੇ ‘ਆਤਮ-ਨਿਰਭਰ ਭਾਰਤ’ ਵਰਗੇ ਸੰੰਕਲਪਾਂ ਦੀਆਂ ਪਰਚਮਬਰਦਾਰ ਮੰਨੀਆਂ ਜਾਂਦੀਆਂ ਕੰਪਨੀਆਂ ਅਜੇ ਵੀ ਸਹੀ ਮਾਅਨਿਆਂ ਵਿੱਚ ਆਪ ਉਤਪਾਦਨ ਨਹੀਂ ਕਰ ਰਹੀਆਂ ਬਲਕਿ ਆਪਣੇ ਉਤਪਾਦਨ, ਚੀਨ ਤੋਂ ਹੀ ਆਊਟਸੋਰਸ ਕਰ ਰਹੀਆਂ ਹਨ। ਦਾਅਵੇ ਭਾਵੇਂ ਉਹ ਕੁਝ ਵੀ ਕਰਨ।
ਇਕੱਲਾ ਭਾਰਤ ਹੀ ਨਹੀਂ, ਅਮਰੀਕਾ ਤੇ ਉਸ ਦੇ ਯੂਰੋਪੀਅਨ ਭਾਈਵਾਲ ਵੀ ਇਸੇ ਸੂਰਤੇਹਾਲ ਨਾਲ ਜੂਝ ਰਹੇ ਹਨ। ਇਹ ਮੰਨਿਆ ਜਾਂਦਾ ਹੈ ਕਿ ਭਾਰਤ ਉਨ੍ਹਾਂ ਨਾਲੋਂ ਮੁਕਾਬਲਤਨ ਬਿਹਤਰ ਸਥਿਤੀ ਵਿੱਚ ਇਸ ਕਰਕੇ ਹੈ ਕਿ ਇਸ ਨੇ ਬਹੁਤ ਸਾਰੀਆਂ ਵਸਤਾਂ ਦਾ ਉਤਪਾਦਨ ਆਪਣੇ ਹੱਥਾਂ ਵਿੱਚ ਰੱਖਿਆ ਅਤੇ ਚੀਨ ਨੂੰ ਹਰ ਨਿਰਮਾਣ ਖੇਤਰ ਵਿੱਚ ਖੁੱਲ੍ਹਦਿਲੀ ਨਾਲ ਦਾਖ਼ਲਾ ਨਹੀਂ ਦਿੱਤਾ। ਦੂਜੇ ਪਾਸੇ, ਜੇ ਚੀਨ ਅੱਜ ਪ੍ਰਮੁੱਖ ਆਰਥਿਕ ਮਹਾਂਸ਼ਕਤੀ ਹੈ ਤਾਂ ਇਸ ਪਿੱਛੇ ਮੁੱਖ ਹੱਥ ਅਮਰੀਕਾ ਜਾਂ ਯੂਰੋਪੀਅਨ ਤਾਕਤਾਂ ਦਾ ਹੀ ਹੈ। ਉਨ੍ਹਾਂ ਮੁਲਕਾਂ ਵਿੱਚ ਉਤਪਾਦਨ ਤੇ ਨਿਰਮਾਣ ਖੇਤਰ ਜਾਂ ਤਾਂ ਜੰਗੀ ਸਾਜ਼ੋ-ਸਾਮਾਨ ਤੇ ਗੋਲੀ-ਸਿੱਕਾ ਤਿਆਰ ਕਰਨ ਵਾਲੇ ਕਾਰਖ਼ਾਨਿਆਂ ਤੱਕ ਸੀਮਿਤ ਹੋ ਗਿਆ ਅਤੇ ਜਾਂ ਫਿਰ ਵੱਡੇ ਵੱਡੇ ਹਵਾਈ ਜਹਾਜ਼ਾਂ ਤੇ ਇਨ੍ਹਾਂ ਦੇ ਇੰਜਣਾਂ ਦੀ ਤਿਆਰੀ ਤੱਕ। ਬਾਕੀ ਹਰ ਕਿਸਮ ਦਾ ਸਾਜ਼ੋ-ਸਾਮਾਨ, ਖ਼ਾਸ ਕਰਕੇ ਘਰੇਲੂ ਖ਼ਪਤ ਦੇ ਉਤਪਾਦ, ਬੱਚਿਆਂ ਤੇ ਵੱਡਿਆਂ ਦੇ ਵਸਤਰ ਅਤੇ ਘਰੇਲੂ ਵਰਤੋਂ ਵਿੱਚ ਆਉਂਦੇ ਹਰ ਤਰ੍ਹਾਂ ਦੇ ਬਿਜਲਈ ਉਪਕਰਣ ਵੀ ਚੀਨ ਤੋਂ ਆਉਣ ਲੱਗੇ। ਹੁਣ ਹਾਲ ਇਹ ਹੈ ਕਿ ਪੱਛਮੀ ਜਗਤ, ਆਨੇ-ਬਹਾਨੇ ਚੀਨ ਉੱਪਰ ਆਰਥਿਕ ਬੰਦਸ਼ਾਂ ਤਾਂ ਲਾਉਂਦਾ ਹੈ ਪਰ ਇਹ ਬੰਦਸ਼ਾਂ ਲਗਾਤਾਰ ਬੇਅਸਰ ਸਾਬਤ ਹੋ ਰਹੀਆਂ ਹਨ। ਕਾਰੋਬਾਰੀ ਜਮਾਤ ਦੀ ਮਨੋਬਣਤਰ ਅਜਿਹੀ ਹੈ ਕਿ ਉਹ ਪਹਿਲਾਂ ਮਾਇਕ ਮੁਨਾਫ਼ੇ ਬਾਰੇ ਸੋਚਦੀ ਹੈ, ਫਿਰ ਆਪਣੇ ਵਤਨ ਦੇ ਭਲੇ ਲਈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਸ ਜਮਾਤ ਵਾਸਤੇ ਦੌਲਤ ਹੀ, ਦਰਅਸਲ, ਵਤਨਪ੍ਰਸਤੀ ਹੈ। ਇਸੇ ਕਰਕੇ ਅਮਰੀਕਾ ਵਿੱਚ ਮਾਲ ਤਾਂ ਚੀਨ ਤੋਂ ਹੀ ਆ ਰਿਹਾ ਹੈ। ਜੇਕਰ ਸਿੱਧਾ ਨਹੀਂ ਤਾਂ ਨਾ ਸਹੀ; ਇਹ ਹੁਣ ਵੀਅਤਨਾਮੀ, ਜਾਪਾਨੀ, ਕੋਰੀਅਨ ਤੇ ਥਾਈ ਕੰਪਨੀਆਂ ਦੇ ਲੇਬਲਾਂ ਨਾਲ ਆ ਰਿਹਾ ਹੈ। ਲਿਹਾਜ਼ਾ, ਚੀਨ ਨੂੰ ‘ਥੱਲੇ ਥੱਲੇ’ ਲਾਉਣ ਦੇ ਯਤਨ, ਅਸਲ ਵਿੱਚ, ਉਸ ਦੀ ‘ਬੱਲੇ ਬੱਲੇ’ ਦੀ ਵਜ੍ਹਾ ਬਣ ਰਹੇ ਹਨ।
ਇਸੇ ਕਥਾਨਕ ਨੂੰ ਵੱਧ ਵਿਸਥਾਰਤ ਰੂਪ ਵਿੱਚ ਪੇਸ਼ ਕਰਦੀ ਹੈ ਡਾ. ਕੈਰੀ ਬ੍ਰਾਊਨ ਦੀ ਨਵੀਂ ਕਿਤਾਬ ‘ਚਾਈਨਾ ਇਨਕਾਰਪੋਰੇਟਿਡ’ (ਬਲੂਮਜ਼ਬਰੀ; 210 ਪੰਨੇ; 999 ਰੁਪਏ)। ਇਹ ਚੀਨ ਨੂੰ ਸਾਡੇ ਜਹਾਨ ਦੀ ਅੱਵਲਤਰੀਨ ਆਰਥਿਕ ਸ਼ਕਤੀ ਦਾ ਦਰਜਾ ਨਾ ਦੇਣ ਦੀਆਂ ਪੱਛਮੀ ਜਗਤ ਦੀਆਂ ਸਾਜ਼ਿਸ਼ਾਂ ਤੇ ਢਕੌਂਸਲਿਆਂ ਨੂੰ ਬੇਪਰਦ ਕਰਦੀ ਹੈ ਅਤੇੇ ਬਾਦਲੀਲ ਢੰਗ ਨਾਲ ਦੱਸਦੀ ਹੈ ਕਿ ਇਨਸਾਨੀ ਪ੍ਰਗਤੀ, ਅਤਿ-ਆਧੁਨਿਕ ਸੁਖ-ਸਹੂੁਲਤਾਂ ਤੇ ਸੁਖਾਵੀਂ ਜ਼ਿੰਦਗੀ ਦੇ ਸਾਰੇ ਮਿਆਰਾਂ ਪੱਖੋਂ ਚੀਨ ਹੁਣ ਪੱਛਮ ਦੇ ਸਭ ਤੋਂ ਖੁਸ਼ਹਾਲ ਮੁਲਕਾਂ ਤੋਂ ਕਿਸੇ ਵੀ ਤਰ੍ਹਾਂ ਊਣਾ ਨਹੀਂ। ਡਾ. ਬ੍ਰਾਊਨ 30 ਵਰ੍ਹਿਆਂ ਤੋਂ ਚੀਨ ਬਾਰੇ ਲਿਖਦੇ ਆ ਰਹੇ ਹਨ। ਉਨ੍ਹਾਂ ਦੀਆਂ ਚੀਨ ਬਾਰੇ ਕਿਤਾਬਾਂ ਦੀ ਗਿਣਤੀ 22 ਤੋਂ ਵੱਧ ਹੈ। ਉਹ ਤਕਰੀਬਨ ਦਸ ਵਰ੍ਹੇ ਪੇਈਚਿੰਗ ਵਿੱਚ ਰਹੇ; ਪਹਿਲਾਂ ਬ੍ਰਿਟਿਸ਼ ਦੂਤਾਵਾਸ ਵਿੱਚ ਪ੍ਰਥਮ ਸਕੱਤਰ ਵਜੋਂ ਅਤੇ ਫਿਰ ਯੂਨੀਵਰਸਿਟੀ ਅਧਿਆਪਕ ਵਜੋਂ। ਹੁਣ ਵੀ ਉਹ ਚੀਨ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ, ਮੁੱਖ ਤੌਰ ’ਤੇ ਅਕਾਦਮੀਸ਼ਨ ਦੇ ਰੂਪ ਵਿੱਚ। ਪਿਛਲੇ ਚਾਰ ਵਰ੍ਹਿਆਂ ਤੋਂ ਉਹ ਕਿੰਗਜ਼ ਕਾਲੇਜ, ਲੰਡਨ ਵਿੱਚ ਚੀਨੀ ਅਧਿਐਨ ਵਿਸ਼ੇ ਦੇ ਪ੍ਰੋਫੈਸਰ ਹਨ। ਉਨ੍ਹਾਂ ਦੀਆਂ ਕਿਤਾਬਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਚੀਨ ਦਾ ਪੱਛਮੀ ਪੱਖਪਾਤਾਂ ਮੁਤਾਬਿਕ ਢਲਿਆ ਅਕਸ ਨਹੀਂ ਹੁੰਦੀਆਂ, ਅਸਲੀਅਤ ਬਿਆਨ ਕਰਦੀਆਂ ਹਨ। ਇਹ ਲੱਫ਼ਾਜ਼ੀ ਉੱਤੇ ਨਿਰਭਰ ਹੋਣ ਦੀ ਥਾਂ ਦਲੀਲ ਤੇ ਇਲਮੀਅਤ (ਗਿਆਨਵਾਦ) ਨੂੰ ਆਪਣੇ ਬਿਰਤਾਂਤ ਦਾ ਆਧਾਰ ਬਣਾਉਂਦੀਆਂ ਹਨ। ਡਾ. ਬ੍ਰਾਊਨ ਪਿਛਲੇ ਦੋ ਦਸ਼ਕਾਂ ਤੋਂ ਇਹੋ ਦੁਹਾਈ ਦਿੰਦੇ ਆ ਰਹੇ ਹਨ ਕਿ ਪੱਛਮੀ ਜਗਤ, ਚੀਨੀ ਤਵਾਰੀਖ਼ ਤੇ ਤਹਿਜ਼ੀਬ ਦੀ ਕਦਰ ਕਰਨੀ ਸਿੱਖੇ ਅਤੇ ਫਿਰ ਇਸ ਕਦਰ ਨੂੰ ਆਪਣੀਆਂ ਰਾਵਾਂ ਤੇ ਧਾਰਨਾਵਾਂ ਦੀ ਬੁਨਿਆਦ ਬਣਾਏ। ‘ਚਾਈਨਾ ਇਨਕਾਰਪੋਰੇਟਿਡ’ ਮੁੱਖ ਤੌਰ ’ਤੇ ਤਿੰਨ ਨੁਕਤਿਆਂ ਦਾ ਵਿਸ਼ਲੇਸ਼ਣ ਪੇਸ਼ ਕਰਦੀ ਹੈ: 1. ਚੀਨ ਮਜ਼ਬੂਤ ਤੇ ਤਾਕਤਵਰ ਮੁਲਕ ਹੈ, ਇਹ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ। 2. ਇਹ ਵਪਾਰਕ ਮਹਾਂਸ਼ਕਤੀ ਤਾਂ ਹੈ ਹੀ, ਹੁਣ ਜਲ ਸੈਨਿਕ ਸ਼ਕਤੀ ਵੀ ਹੈ। 3. ਚੀਨੀ ਵਿਚਾਰਧਾਰਾ, ਸੋਚ, ਰਵਾਇਤਾਂ ਤੇ ਕਦਰਾਂ-ਕੀਮਤਾਂ ਅਮਰੀਕਾ ਜਾਂ ਪੱਛਮੀ ਜਗਤ ਤੋਂ ਬਿਲਕੁਲ ਭਿੰਨ ਹਨ। ਇਸੇ ਕਾਰਨ ਚੀਨ ਨੂੰ ਪੱਛਮੀ ਵਿਚਾਰਧਾਰਕ ਸਾਂਚੇ ਵਿੱਚ ਢਾਲਣ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੁੰਦੀਆਂ ਆਈਆਂ ਹਨ ਅਤੇ ਹੁੰਦੀਆਂ ਰਹਿਣਗੀਆਂ। ਕਿਤਾਬ ਵਿੱਚ ਇਨ੍ਹਾਂ ਤਿੰਨਾਂ ਨੁਕਤਿਆਂ ਉੱਤੇ ਚਿੰਤਨ-ਮੰਥਨ ਪ੍ਰਮਾਣਾਂ ਸਹਿਤ ਕੀਤਾ ਗਿਆ ਹੈ, ਜਾਨਦਾਰ ਢੰਗ ਨਾਲ; ਪਾਠਕ ਨੂੰ ਸੰਮੋਹਿਤ ਕਰਨ ਵਾਲੀ ਭਾਸ਼ਾਵਲੀ ਤੇ ਸ਼ੈਲੀ ਰਾਹੀਂ।
ਕਿਤਾਬ ਅੰਦਰਲੇ ਕੁਝ ਹੋਰ ਅਹਿਮ ਨੁਕਤੇ ਹਨ:
- ਚੀਨ ਜ਼ਾਹਰਾ ਤੌਰ ’ਤੇ ਅੱਵਲ ਨੰਬਰ ਆਰਥਿਕ ਸ਼ਕਤੀ ਜੇਕਰ ਅਜੇ ਤੱਕ ਨਹੀਂ ਵੀ ਬਣਿਆ ਤਾਂ ਅਗਲੇ ਇੱਕ-ਅੱਧ ਵਰ੍ਹੇ ਅੰਦਰ ਬਣ ਜਾਏਗਾ। ਉਸ ਦੀ ਆਰਥਿਕ ਪ੍ਰਗਤੀ ਕੋਵਿਡ-19 ਤੋਂ ਬਾਅਦ ਘਟੀ ਜ਼ਰੂਰ ਹੈ, ਪਰ ਇਸ ਦੀ ਪ੍ਰਗਤੀ ਦੀ ਰਫ਼ਤਾਰ ਅਜੇ ਵੀ ਅਮਰੀਕਾ ਸਮੇਤ ਸਾਰੇ ਪੱਛਮੀ ਮੁਲਕਾਂ ਨਾਲੋਂ ਵੱਧ ਹੈ। ਵਿਕਾਸ ਦਰ ਪੱਖੋਂ ਉਹ ਭਾਵੇਂ ਇਸ ਸਮੇਂ ਭਾਰਤ ਤੋਂ ਪਿੱਛੇ ਹੈ, ਫਿਰ ਵੀ ਭਾਰਤ ਨੂੰ ਉਸ ਦੇ ਹਾਣ ਦਾ ਬਣਦਿਆਂ ਅਜੇ ਢਾਈ ਦਸ਼ਕ ਹੋਰ ਲੱਗ ਜਾਣਗੇ, ਉਹ ਵੀ ਤਦ ਜੇਕਰ ਇਨ੍ਹਾਂ ਦਸ਼ਕਾਂ ਦੌਰਾਨ ਭਾਰਤ ਦੀ ਕੁੱਲ ਵਿਕਾਸ ਦਰ (ਜੀ.ਡੀ.ਪੀ.) 6.5% ਤੋਂ ਉੱਪਰ ਰਹੇ। ਅਜਿਹੀ ਲਗਾਤਾਰਤਾ ਬਰਕਰਾਰ ਰੱਖਣੀ ਮੌਜੂਦਾ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਸੰਭਵ ਨਹੀਂ ਜਾਪਦੀ। ਅਸਲੀਅਤ ਇਹ ਵੀ ਹੈ ਕਿ ਚੀਨੀ ਅਰਥਚਾਰਾ ਇਸ ਵੇਲੇ ਭਾਰਤੀ ਅਰਥਚਾਰੇ ਤੋਂ ਤਕਰੀਬਨ ਪੰਜ ਗੁਣਾ ਵੱਡਾ ਹੈ। ਭਾਰਤੀ ਅਰਥਚਾਰਾ 35 ਖਰਬ ਦਾ ਹੈ ਜਦੋਂਕਿ ਚੀਨੀ ਅਰਥਚਾਰਾ 150 ਖਰਬ ਦਾ। ਭਾਰਤ ਭੂਗੋਲਿਕ ਤੌਰ ’ਤੇ ਵੀ ਚੀਨ ਨਾਲੋਂ 2.9 ਗੁਣਾ ਛੋਟਾ ਹੈ; ਇਹ ਚੀਨ ਦੇ ਕੁੱਲ ਜ਼ਮੀਨੀ ਰਕਬੇ ਦਾ 34.25% ਹਿੱਸਾ ਬਣਦਾ ਹੈ। ਇਹ ਅੰਕੜੇ ਭਾਰਤੀ ਸੁਪਨਸਾਜ਼ਾਂ ਨੂੰ ਵੀ ਧਰਤ ’ਤੇ ਲਿਆਉਣ ਵਾਲੇ ਹਨ ਅਤੇ ਉਨ੍ਹਾਂ ਦੇ ਅਮਰੀਕੀ ਹਮਾਇਤੀਆਂ ਨੂੰ ਵੀ।
- ਪੂੰਜੀਵਾਦ ਤੇ ਸਮਾਜਵਾਦ ਦਾ ਜਿਹੜਾ ਮੇਲ ਤੇ ਆਦਰਸ਼ ਚੀਨ ਨੇ ਵਿਕਸਿਤ ਕੀਤਾ ਹੈ, ਉਹ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਵਿੱਚ ਸੰਭਵ ਨਹੀਂ ਹੋਇਆ। ਪੱਛਮੀ ਜਗਤ, ਚੀਨੀ ਮਾਡਲ ਨੂੰ ਅਸਰਦਾਰ ਤੇ ਤਰਕਸੰਗਤ ਮੰਨਣ ਤੋਂ 30 ਵਰ੍ਹੇ ਪਹਿਲਾਂ ਵੀ ਇਨਕਾਰੀ ਸੀ, ਹੁਣ ਵੀ ਹੈ। ਉਸ ਨੂੰ ਹੁਣ ਅਸਲੀਅਤ ਪਛਾਣਨ ਵਾਲਾ ਚਸ਼ਮਾ ਪਹਿਨਣ ਦੀ ਲੋੜ ਹੈ।
- ਇਸ ਵੇਲੇ ਸਾਡੇ ਜਹਾਨ ਵਿੱਚ ਸਨਅਤੀ ਉਤਪਾਦਨ ਦਾ ਧੁਰਾ ਹੈ ਚੀਨ; ਸੂਈ ਤੋਂ ਲੈ ਕੇ ਸਪੇਸ ਸਟੇਸ਼ਨ ਤੱਕ ਹਰ ਕਿਸਮ ਦੇ ਉਤਪਾਦ ਤਿਆਰ ਕਰਨ ਵਾਲਾ। ਦੁਨੀਆ ਦੇ ਕੁੱਲ ਸਨਅਤੀ ਉਤਪਾਦਨ ਦਾ 57 ਫ਼ੀਸਦ ਹਿੱਸਾ ਚੀਨ ਵਿੱਚ ਹੋ ਰਿਹਾ ਹੈ। 154 ਮੁਲਕ ਉਸ ਦੇ ਉਤਪਾਦਾਂ ਨੂੰ ਇਨਸਾਨੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਸ਼ੋਅਬ੍ਹੇ ਵਿੱਚ ਲਗਾਤਾਰ ਵਰਤ ਰਹੇ ਹਨ। ਇਹ ਵਰਤਾਰਾ ਵਾਪਰਿਆ ਵੀ ਪੱਛਮੀ ਕਾਰਪੋਰੇਟ ਜਗਤ ਦੀ ਰਜ਼ਾਮੰਦੀ ਨਾਲ। ਹੁਣ ਇਸ ਨੂੰ ਪੁੱਠਾ ਗੇੜਾ ਦੇਣਾ ਆਸਾਨ ਕਾਰਜ ਨਹੀਂ।
- ਚੀਨ ਉਪਰ ਗ਼ਰੀਬ ਮੁਲਕਾਂ ਨੂੰ ਪਹਿਲਾਂ ਆਰਥਿਕ ਤੇ ਫਿਰ ਸਿਆਸੀ ਗ਼ੁਲਾਮ ਬਣਾਏ ਜਾਣ ਦੇ ਦੋਸ਼ ਪੱਛਮੀ ਜਗਤ ਲਗਾਉਂਦਾ ਆਇਆ ਹੈ। ਇਹ ਉਹ ਜਗਤ ਹੈ ਜੋ ਖ਼ੁਦ ਬਸਤੀਵਾਦ ਦੀ ਖ਼ੁਰਾਕ ’ਤੇ ਫਲਿਆ-ਫੁਲਿਆ ਅਤੇ ਆਰਥਿਕ ਤੌਰ ’ਤੇ ਹੁਣ ਵਾਲੇ ਮੁਕਾਮ ’ਤੇ ਪਹੁੰਚਿਆ। ਕੀ ਇਸ ਨੂੰ ਚੀਨ ਉੱਤੇ ਬਸਤੀਵਾਦੀ ਪ੍ਰਵਿਰਤੀਆਂ ਦਾ ਦੋਸ਼ ਲਾਉਣ ਦਾ ਕੋਈ ਇਖ਼ਲਾਕੀ ਹੱਕ ਹੈ?
- ਪੱਛਮ ਨੇ ਚੀਨੀ ਤਹਿਜ਼ੀਬ ਜਾਂ ਮਾਣ-ਮਰਿਆਦਾ ਨੂੰ ਸਮਝਣ ਦੀ ਕਦੇ ਵੀ ਸੰਜੀਦਾ ਕੋਸ਼ਿਸ਼ ਨਹੀਂ ਕੀਤੀ। ਚੀਨੀ ਸਭਿਅਤਾ ਤੇ ਚੀਨੀ ਸਦਾਚਾਰ, ਉਮਰ ਪੱਖੋਂ, ਯੂਰੋਪੀਅਨ ਸਭਿਅਤਾ ਜਾਂ ਸਦਾਚਾਰਕ ਪੈਮਾਨਿਆਂ ਤੋਂ ਢਾਈ ਦਹਿਸਦੀਆਂ ਵੱਡਾ ਹੈ। ਪਹਿਲ ਤਾਂ ਇਸ ਨੂੰ ਮਿਲਣੀ ਚਾਹੀਦੀ ਸੀ ਪਰ ਮਿਲੀ ਨਾਕਦਰੀ। ਹੁਣ ਵੀ ਚੀਨ ਤੋਂ ਤਵੱਕੋ ਇਹ ਕੀਤੀ ਜਾਂਦੀ ਹੈ ਕਿ ਉਹ ਪੱਛਮੀ ਪੈਮਾਨਿਆਂ ਮੁਤਾਬਿਕ ਢਲੇ। ਚੀਨ ਅਜਿਹੀ ਧੌਂਸ ਅੱਗੇ ਝੁਕਣ ਲਈ ਤਿਆਰ ਨਹੀਂ।
- ਇਹ ਸਹੀ ਹੈ ਕਿ ਚੀਨ ਦੇ ਤਕਨੀਕੀ ਵਿਕਾਸ ਨੂੰ ਹੁਲਾਰਾ, 1980ਵਿਆਂ ਵਿੱਚ ਉਸ ਮੁਲਕ ’ਚ ਆਈਆਂ ਅਮਰੀਕੀ ਕੰਪਨੀਆਂ ਨੇ ਪ੍ਰਦਾਨ ਕੀਤਾ। ਇਹ ਵੀ ਸੱਚ ਹੈ ਕਿ 1990ਵਿਆਂ ਵਾਲੇ ਦਸ਼ਕ ਦੌਰਾਨ ਚੀਨੀਆਂ ਨੇ ਅਮਰੀਕੀ, ਜਪਾਨੀ ਤੇ ਯੂਰੋਪੀਅਨ ਟੈਕਨਾਲੋਜੀ ਚੁਰਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ 21ਵੀਂ ਸਦੀ ਦੇ ਮੁੱਢ ਤੋਂ ਉਹ ਮੁਲਕ ਨਵੀਂ-ਨਕੋਰ ਤੇ ਵੱਧ ਕਾਰਗਰ ਟੈਕਨਾਲੋਜੀ ਖੋਜਣ ਤੇ ਵਿਕਸਿਤ ਕਰਨ ਦੇ ਰਾਹ ’ਤੇ ਬਾਕਾਇਦਗੀ ਨਾਲ ਚੱਲ ਰਿਹਾ ਹੈ। ਇਸ ਰਾਹ ਉੱਤੇ ਉਸ ਦੀ ਪੇਸ਼ਕਦਮੀ ਵੀ ਕਾਬਿਲੇ-ਤਾਰੀਫ਼ ਰਹੀ ਹੈ। ਇਸ ਨੂੰ ਪੱਛਮ, ਮਾਨਤਾ ਕਿਉਂ ਨਹੀਂ ਦੇ ਰਿਹਾ? ਸੱਚ ਤਾਂ ਇਹ ਵੀ ਹੈ ਕਿ 1980ਵਿਆਂ ਤੋਂ ਪਹਿਲਾਂ ਵੀ ਚੀਨੀ ਉਤਪਾਦ, ਸੂਰਤ ਤੇ ਸੀਰਤ ਪੱਖੋਂ ਮਿਆਰੀ ਤੇ ਹੰਢਣਸਾਰ ਹੁੰਦੇ ਸਨ ਅਤੇ ਨਾਲ ਹੀ ਸਸਤੇ ਵੀ ਹੁੰਦੇ ਸਨ। ਚੀਨੀ ਖਿਡੌਣੇ ਚੋਰ-ਬਾਜ਼ਾਰਾਂ ਰਾਹੀਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਪੁੱਜਦੇ ਸਨ ਅਤੇ ਵਿਕਦੇ ਵੀ ਖ਼ੂਬ ਸਨ। ਜ਼ਾਹਿਰ ਹੈ ਇਹ ਮੁਲਕ ਉਦੋਂ ਵੀ ਟੈਕਨਾਲੋਜੀ ਦੀ ਬਿਹਤਰੀ ਤੇ ਅਹਿਮੀਅਤ ਪ੍ਰਤੀ ਸਚੇਤ ਸੀ।
- ਇਹ ਸਹੀ ਹੈ ਕਿ ਚੀਨੀ ਕਮਿਊਨਿਟ ਪਾਰਟੀ ਦਾ ਕੋਈ ਧਰਮ ਨਹੀਂ, ਪਰ ਚੀਨੀ ਨਾਗਰਿਕਾਂ ਉੱਪਰ ਕੋਈ ਧਾਰਮਿਕ ਬੰਦਸ਼ ਨਹੀਂ। ਕਨਫਿਊਸ਼ੀਅਸਵਾਦ ਆਮ ਵਸੋਂ ਵਿੱਚ ਵੱਧ ਮਕਬੂਲ ਹੈ। ਇਸ ਤੋਂ ਬਾਅਦ ਬੁੱਧ-ਮੱਤ ਆਉਂਦਾ ਹੈ। ਮੁਲਕ ਦੀ 18.2 ਫ਼ੀਸਦ ਵਸੋਂ ਬੋਧੀ ਹੈ ਅਤੇ 5.1 ਫ਼ੀਸਦ ਇਸਾਈ। 1.8% ਵਸੋਂ ਮੁਸਲਿਮ ਹੈ। ਇੱਕ ਫ਼ੀਸਦੀ ਦੇ ਕਰੀਬ ਵਸੋਂ ਹਿੰਦੂ, ਯਜ਼ੀਦੀ, ਬਹਾਈ ਤੇ ਹੋਰ ਮਜ਼ਹਬਾਂ ਨੂੰ ਮੰਨਣ ਵਾਲੀ ਹੈ।
ਕੁੱਲ ਮਿਲਾ ਕੇ ਇਹ ਕਿਤਾਬ ਚੀਨ ਬਾਰੇ ਕਈ ਸਾਰੇ ਭਰਮ-ਭੁਲੇਖੇ ਦੂਰ ਕਰਦੀ ਹੈ। ਉਂਜ, ਅਜਿਹਾ ਕਰਦਿਆਂ ਇਹ ਚੀਨੀ ਕੁਕਰਮਾਂ, ਖ਼ਾਸ ਤੌਰ ’ਤੇ ਊਈਗਰਾਂ ਉਪਰ ਜਬਰ ਉੱਤੇ ਕੋਈ ਪਰਦਾ ਨਹੀਂ ਪਾਉਂਦੀ। ਇਹ ਸੰਤੁਲਨ ਵੀ ਇਸ ਨੂੰ ਜਾਨਦਾਰ ਬਣਾਉਂਦਾ ਹੈ। ਡਾ. ਬ੍ਰਾਊਨ ਦਾ ਮੱਤ ਹੈ ਕਿ ਪੱਛਮੀ ਜਗਤ, ਚੀਨ ਨੂੰ ਆਪਣੀ ਮੰਡੀ ਬਣਾਉਣਾ ਚਾਹੁੰਦਾ ਸੀ, ਪਰ ਹੋਇਆ ਉਲਟ: ਚੀਨ ਨੇ ਪੱਛਮੀ ਜਗਤ ਸਮੇਤ ਬਾਕੀ ਸਾਰੇ ਜਹਾਨ ਨੂੰ ਆਪਣੀ ਮੰਡੀ ਬਣਾ ਲਿਆ। ਇਹ ਉਲਟ-ਫੇਰ ਪੱਛਮ ਨੂੰ ਹੁਣ ਵੀ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਇਹ ਨਾਬਰਦਾਸ਼ਤਗੀ, ਦੁਨੀਆ ਵਿੱਚ ਬੇਲੋੜਾ ਤਨਾਜ਼ਾ ਪੈਦਾ ਕਰ ਰਹੀ ਹੈ।