For the best experience, open
https://m.punjabitribuneonline.com
on your mobile browser.
Advertisement

ਪਿੰਡ ਦਾਤਾ ਸਿੰਘ ਵਾਲਾ ਦੀ ਘਟਨਾ ਚੇਤੇ ਕਰ ਕੇ ਕੰਬ ਉਠਦੇ ਨੇ ਬੱਚੇ ਤੇ ਬਜ਼ੁਰਗ

07:36 AM Mar 28, 2024 IST
ਪਿੰਡ ਦਾਤਾ ਸਿੰਘ ਵਾਲਾ ਦੀ ਘਟਨਾ ਚੇਤੇ ਕਰ ਕੇ ਕੰਬ ਉਠਦੇ ਨੇ ਬੱਚੇ ਤੇ ਬਜ਼ੁਰਗ
ਪਿੰਡ ਦਾਤਾ ਸਿੰਘ ਵਾਲੇ ਦੀਆਂ ਔਰਤਾਂ ਪੁਲੀਸ ਕਾਰਵਾਈ ਬਾਰੇ ਦੱਸਦੀਆਂ ਹੋਈਆਂ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਮਾਰਚ
ਕਿਸਾਨ ਅੰਦੋਲਨ ਦੇ ਚੱਲਦਿਆਂ 21 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਦੇ ਐਲਾਨ ਤਹਿਤ ਹਰਿਆਣਾ ਪੁਲੀਸ ਤੇ ਨੀਮ ਸੁਰੱਖਿਆ ਬਲਾਂ ਵੱਲੋਂ ਪੰਜਾਬ, ਹਰਿਆਣਾ ਬਾਰਡਰ ’ਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਢਾਬੀ ਗੁੱਜਰਾਂ ਵਿੱਚ ਗੱਡੇ ਤਿੱਖੇ ਕਿੱਲਾਂ, ਮਿੱਟੀ, ਕੰਕਰੀਟ, ਪੱਥਰਾਂ ਅਤੇ ਕੰਡਿਆਲੀ ਤਾਰ ਨਾਲ ਬਣਾਏ ਮਜ਼ਬੂਤ ਬੈਰੀਕੇਡ ਵੱਲ ਵਧਣ ਦੀ ਕੋਸ਼ਿਸ਼ ਕਰਦੇ ਨੌਜਵਾਨਾਂ ਉੱਤੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਪਲਾਸਟਿਕ ਦੀਆਂ ਗੋਲੀਆਂ ਦੀ ਆੜ ਵਿੱਚ ਗੋਲੀਬਾਰੀ ਕੀਤੀ ਗਈ ਸੀ। ਇਸੇ ਦਿਨ ਹਰਿਆਣਾ ਦੇ ਸਿੱਖਾਂ ਦੀ ਬਹੁ ਗਿਣਤੀ ਵਸੋਂ ਵਾਲੇ ਪਿੰਡ ਦਾਤਾ ਸਿੰਘ ਵਾਲਾ ਦੇ ਬੇਖ਼ਬਰ ਲੋਕਾਂ ਉਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਘਰਾਂ ਦੇ ਬੂਹੇ ਤੋੜੇ ਗਏ ਅਤੇ ਅੰਦੋਲਨਕਾਰੀਆਂ ਦੀ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਨੂੰ ਯਾਦ ਕਰਕੇ ਅੱਜ ਵੀ ਬੱਚੇ ਤੇ ਬਜ਼ੁਰਗ ਕੰਬ ਉਠਦੇ ਹਨ। ਹਰਿਆਣਾ ਪੁਲੀਸ ਦੇ ਅੱਤਿਆਚਾਰ ਦੀ ਇਹ ਘਟਨਾ ਉਨ੍ਹਾਂ ਦੇ ਦਿਲ ਦਿਮਾਗ ਵਿੱਚੋਂ ਨਹੀਂ ਨਿਕਲ ਰਹੀ। ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਤੋਂ ਬੱਚਿਆਂ ਸਣੇ ਤਿੰਨ ਕਿਲੋਮੀਟਰ ਤੁਰ ਕੇ ਸਮਾਗਮ ਵਿੱਚ ਆਈਆਂ ਔਰਤਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਭਰੇ ਮਨ ਨਾਲ ਦੱਸਿਆ ਕਿ ਡੇਢ ਮਹੀਨੇ ਤੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਬੰਦ ਪਿਆ ਹੈ। ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਬਾਰਡਰ ਨਾ ਖੁੱਲ੍ਹਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਹੈ ਕਿ ਢਾਬੀ ਗੁੱਜਰਾਂ, ਪੰਜਾਬ ਹਰਿਆਣਾ ਬਾਰਡਰ ’ਤੇ 21 ਫਰਵਰੀ ਨੂੰ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨੌਜਵਾਨ ਕਿਸਾਨ ਸ਼ੁਭਕਰਨ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਦਰਜਨਾਂ ਕਿਸਾਨ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਹੈ ਕਿ ਹਰਿਆਣਾ ਦੇ ਕਿਸਾਨ ਜ਼ਹਿਰੀਲੇ ਧੂੰਏਂ ਤੋਂ ਬਚਣ ਲਈ ਜਦੋਂ ਪਿੰਡ ਵੱਲ ਭੱਜੇ ਤਾਂ ਪੁਲੀਸ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਿੱਛੇ ਜਾ ਕੇ ਅੱਥਰੂ ਗੈਸ ਦੇ ਗੋਲੇ ਪਿੰਡ ਉੱਤੇ ਵਰਸਾਏ। ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋਏ ਕਿਸਾਨਾਂ ’ਤੇ ਪੁਲੀਸ ਨੇ ਅਣਮਨੁੱਖੀ ਅੱਤਿਆਚਾਰ ਕੀਤਾ। ਉਨ੍ਹਾਂ ਦੇ ਘਰਾਂ ਦੇ ਗੇਟ ਭੰਨ ਸੁੱਟੇ। ਘਰਾਂ ਵਿੱਚ ਰਹਿੰਦੇ ਬਜ਼ੁਰਗਾਂ, ਬੱਚਿਆਂ ਅਤੇ ਪਸ਼ੂਆਂ ਲਈ ਅੱਥਰੂ ਗੈਸ ਦਾ ਜ਼ਹਿਰੀਲਾ ਧੂੰਆਂ ਮੁਸੀਬਤ ਬਣ ਗਿਆ। ਸਾਹ ਦੀ ਬਿਮਾਰੀ ਤੋਂ ਪੀੜਤ ਬਜ਼ੁਰਗਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਕਿਰਸਾਨੀ ਨੂੰ ਬਚਾਉਣ ਲਈ ਕਿਸਾਨ ਅੱਜ ਵੀ ਬੇਘਰ ਹੋਏ ਬੈਠੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਅੰਦੋਲਨਕਾਰੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਮਹਿਸੂਸ ਨਾ ਹੋਵੇ।

Advertisement

Advertisement
Author Image

joginder kumar

View all posts

Advertisement
Advertisement
×