For the best experience, open
https://m.punjabitribuneonline.com
on your mobile browser.
Advertisement

ਟਾਰਚਾਂ ’ਚ ਜਣੇਪਾ: ਚੋਰਾਂ ਦੇ ਸਿਰ ਪਾਈ ਸਾਰੀ ਜ਼ਿੰਮੇਵਾਰੀ

08:42 AM Jul 25, 2024 IST
ਟਾਰਚਾਂ ’ਚ ਜਣੇਪਾ  ਚੋਰਾਂ ਦੇ ਸਿਰ ਪਾਈ ਸਾਰੀ ਜ਼ਿੰਮੇਵਾਰੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 24 ਜੁਲਾਈ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ’ਚ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਜਣੇਪਾ ਹੋਣ ਦੇ ਮਾਮਲੇ ਵਿੱਚ ‘ਚੋਰਾਂ’ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਗਿਆ ਹੈ। ਇਨ੍ਹਾਂ ਨੇ ਜੈਨਰੇਟਰ ਸੈੱਟ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਸਨ ਜਿਸ ਦੇ ਸਿੱਟੇ ਵਜੋਂ ਗਾਇਨੀ ਵਾਰਡ ’ਚ ਹਨੇਰਾ ਛਾ ਗਿਆ। ਪੰਜਾਬ ਸਰਕਾਰ ਦੀ ਪੜਤਾਲ ਰਿਪੋਰਟ ’ਚ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ। ਮਾਮਲਾ 20 ਜੁਲਾਈ ਦਾ ਹੈ ਜਦੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਅੰਡਰ ਗਰਾਊਂਡ ਹਾਟਲਾਈਨ ਸਪਲਾਈ ’ਚ ਰਾਤ ਨੂੰ 8.05 ਵਜੇ ਫਾਲਟ ਪੈ ਗਿਆ ਸੀ। ਉਂਝ ਇਸ ਨੂੰ ਰਾਤ 10.56 ਵਜੇ ਠੀਕ ਕਰ ਦਿੱਤਾ ਗਿਆ ਸੀ।
ਪੜਤਾਲ ਰਿਪੋਰਟ ਤੋਂ ਜਾਪਦਾ ਹੈ ਕਿ ਪਾਵਰਕੌਮ ਦਾ ਇਸ ਮਾਮਲੇ ’ਚ ਕੋਈ ਫਾਲਟ ਨਹੀਂ ਹੈ ਬਲਕਿ ਉਨ੍ਹਾਂ ਅਣਪਛਾਤੇ ‘ਚੋਰਾਂ’ ਦਾ ਹੈ ਜਿਨ੍ਹਾਂ ਨੇ ਜੈਨਰੇਟਰ ਸੈੱਟ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਸਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਪੜਤਾਲ ਦੌਰਾਨ ਦੱਸਿਆ ਕਿ ਜਦੋਂ ਬਿਜਲੀ ਸਪਲਾਈ ਬੰਦ ਹੋਈ ਤਾਂ ਜੈਨਰੇਟਰ ਸੈੱਟ ਤੇਲ ਨਾ ਹੋਣ ਕਾਰਨ ਚੱਲ ਨਹੀਂ ਸਕੇ। ਦੱਸਣਯੋਗ ਹੈ ਕਿ ਇਸ ਹਸਪਤਾਲ ਵਿੱਚ 20 ਜੈਨਰੇਟਰ ਸੈੱਟ ਹਨ ਪਰ ਇਨ੍ਹਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
ਜਦੋਂ ਇਹ ਮਾਮਲਾ ਉੱਭਰਿਆ ਸੀ ਤਾਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮਾਮਲੇ ਦੀ ਫ਼ੌਰੀ ਪੜਤਾਲ ਕਰਨ ਵਾਸਤੇ ਕਿਹਾ ਸੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 21 ਜੁਲਾਈ ਨੂੰ ਹੀ ਮੀਟਿੰਗ ਬੁਲਾ ਲਈ ਸੀ। ਪਾਵਰਕੌਮ ਦੇ ਅਧਿਕਾਰੀ ਵੀ ਮੀਟਿੰਗ ਵਿਚ ਮੌਜੂਦ ਸਨ ਜਿਨ੍ਹਾਂ ਦੱਸਿਆ ਕਿ ਜੂਨ ਮਹੀਨੇ ਵਿਚ ਰਾਜਿੰਦਰਾ ਹਸਪਤਾਲ ’ਚ ਇੱਕ ਵਾਰ ਅੱਠ ਮਿੰਟ ਲਈ ਅਤੇ ਜੁਲਾਈ ਮਹੀਨੇ ਵਿਚ ਤਿੰਨ ਵਾਰ ਸਿਰਫ਼ 22 ਮਿੰਟਾਂ ਲਈ ਬਿਜਲੀ ਬੰਦ ਰਹੀ ਹੈ।
ਹਸਪਤਾਲ ਦੇ ਅੰਦਰ ਬਿਜਲੀ ਦਾ ਪ੍ਰਬੰਧ ਲੋਕ ਨਿਰਮਾਣ ਵਿਭਾਗ ਹਵਾਲੇ ਹੈ ਜਿਨ੍ਹਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ 18 ਜੁਲਾਈ ਨੂੰ ਹਸਪਤਾਲ ਦਾ ਅੰਦਰੂਨੀ 11 ਕੇਵੀ ਕੇਬਲ ਬਕਸਾ ਸੜ ਗਿਆ ਸੀ ਜਿਸ ਕਰਕੇ ਬਿਜਲੀ ਬੰਦ ਰਹੀ ਅਤੇ ਅਗਲੇ ਦਿਨ 19 ਜੁਲਾਈ ਨੂੰ ਮੁਰੰਮਤ ਲਈ ਸਪਲਾਈ ਬੰਦ ਰੱਖੀ ਗਈ ਸੀ। ਜਦੋਂ 20 ਜੁਲਾਈ ਨੂੰ ਬਿਜਲੀ ਸਪਲਾਈ ਬੰਦ ਹੋਈ ਤਾਂ ਜੈਨਰੇਟਰ ਸੈੱਟ ਚਾਲੂ ਨਹੀਂ ਹੋ ਸਕਿਆ। ਸੂਤਰ ਦੱਸਦੇ ਹਨ ਕਿ ਸਿਹਤ ਵਿਭਾਗ ਵੱਲੋਂ ਤੇਲ ਵਾਸਤੇ ਢੁਕਵੇਂ ਫੰਡ ਨਹੀਂ ਦਿੱਤੇ ਗਏ। ਤੇਲ ਚੋਰੀ ਦੇ ਮਾਮਲੇ ’ਚ ਹੋਰ ਵੀ ਉਂਗਲਾਂ ਉੱਠ ਰਹੀਆਂ ਹਨ।
ਪੜਤਾਲ ਰਿਪੋਰਟ ’ਚ ਬਿਜਲੀ ਸਪਲਾਈ ਠੱਪ ਹੋਣ ਪਿੱਛੇ ਪਾਵਰਕੌਮ ਨਹੀਂ ਬਲਕਿ ਜੈਨਰੇਟਰ ਸੈੱਟ ਨਾ ਚੱਲਣ ਨੂੰ ਮੁੱਖ ਕਾਰਨ ਸਮਝਿਆ ਗਿਆ ਹੈ। ਹੁਣ ਸੁਆਲ ਉੱਠਦਾ ਹੈ ਕਿ ਸੁਰੱਖਿਆ ਦਾ ਜ਼ਿੰਮਾ ਕਿਸ ਕੋਲ ਹੈ ਤੇ ਜੈਨਰੇਟਰਾਂ ਨੂੰ ਸਮੇਂ ਸਮੇਂ ’ਤੇ ਚੈੱਕ ਕਰਨ ’ਚ ਕੁਤਾਹੀ ਕਿਸ ਤੋਂ ਹੋਈ। ਰਿਪੋਰਟ ਵਿਚ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਕਸੂਰਵਾਰ ਨਹੀਂ ਠਹਿਰਾਇਆ ਗਿਆ।

Advertisement

ਬਿਜਲੀ ਸਪਲਾਈ ਦੇ ਕੀਤੇ ਜਾ ਰਹੇ ਨੇ ਦੋਹਰੇ ਪ੍ਰਬੰਧ: ਸਿਹਤ ਮੰਤਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇੱਕ ਜੈਨਰੇਟਰ ਸੈੱਟ ’ਚ ਤੇਲ ਨਹੀਂ ਸੀ ਅਤੇ ਭਵਿੱਖ ’ਚ ਬੈਟਰੀਆਂ ਚੋਰੀ ਹੋਣ ਤੋਂ ਰੋਕਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੇ ਹੁਕਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਲਈ ਬਿਜਲੀ ਸਪਲਾਈ ਲਈ ਦੋਹਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਦੇ ਅਜਿਹੀ ਨੌਬਤ ਨਾ ਆਵੇ। ਮੰਤਰੀ ਨੇ ਕਿਹਾ ਕਿ ਤੇਲ ਖ਼ਰਚੇ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ।

Advertisement

Advertisement
Author Image

joginder kumar

View all posts

Advertisement