ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਮੁਹਿੰਮ ਸ਼ੁਰੂ
ਨਵੀਂ ਦਿੱਲੀ, 15 ਜਨਵਰੀ
ਦਿੱਲੀ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਲਾਡਲੀ ਯੋਜਨਾ ਦੇ ਉਨ੍ਹਾਂ ਲਾਭਪਾਤਰੀਆਂ ਦੀ ਪਛਾਣ ਲਈ ਜ਼ਿਲ੍ਹਾ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਹੈ, ਜਿਨ੍ਹਾਂ ਨੇ ਸਰਕਾਰ ਦੀ ਇਸ ਯੋਜਨਾ ਦਾ ਲਾਹਾ ਨਹੀਂ ਲਿਆ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਜਨਮ ਲੈਣ ਵਾਲੀਆਂ ਬੱਚੀਆਂ ਨੂੰ ਸਸ਼ਕਤ ਬਣਾਉਣ ਦੇ ਮੰਤਵ ਨਾਲ ਪਹਿਲੀ ਜਨਵਰੀ 2008 ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਇਹ ਉਨ੍ਹਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਇਸ ਯੋਜਨਾ ਤਹਿਤ ਬੱਚੀਆਂ ਨੂੰ ਹਸਪਤਾਲ ਵਿੱਚ ਜਨਮ ਲਈ 11 ਹਜ਼ਾਰ ਰੁਪਏ, ਘਰ ਵਿੱਚ ਜਨਮ ਲਈ 10 ਹਜ਼ਾਰ ਤੇ ਹੋਰ ਅਹਿਮ ਪੜਾਵਾਂ ਕਲਾਸ ਪਹਿਲੀ, ਦੂਜੀ, ਛੇਵੀਂ, ਨੌਵੀਂ ਤੇ ਦਸਵੀਂ ਵਿੱਚ ਦਾਖ਼ਲੇ ਲਈ ਪੰਜ-ਪੰਜ ਹਜ਼ਾਰ ਦੇਣ ਦੀ ਤਜਵੀਜ਼ ਹੈ। ਮਹਿਲਾ ਤੇ ਬਾਲ ਵਿਕਾਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਗਪਗ 1.86 ਲੱਖ ਲੋਕਾਂ ਨੇ ਲਾਡਲੀ ਯੋਜਨਾ ਤਹਿਤ ਮਿਲਣ ਵਾਲੇ ਲਾਭ ਦਾ ਦਾਅਵਾ ਨਹੀਂ ਕੀਤਾ, ਜਦੋਂ ਕਿ 166 ਲੱਖ ਨੇ ਜਾਂ ਤਾਂ ਆਪਣੇ ਬਿਨੈ-ਪੱਤਰ ਅਪਡੇਟ ਨਹੀਂ ਕੀਤੇ ਜਾਂ ਉਨ੍ਹਾਂ ਨੇ ਸਕੂਲ ਛੱਡ ਦਿੱਤੇ। ਅਧਿਕਾਰੀ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਦਿੱਲੀ ਦੇ 11 ਜ਼ਿਲ੍ਹਿਆਂ ਵਿੱਚ ਲਾਡਲੀ ਯੋਜਨਾ ਦੀ ਦੇਖਰੇਖ ਕਰਨ ਵਾਲੇ ਅਧਿਕਾਰੀਆਂ ਨੂੰ ਸਾਲਾਨਾ ਰਿਪੋਰਟ ਤਿਆਰ ਕਰਨ ਲਈ ਆਖਿਆ ਗਿਆ ਹੈ। ਇਸ ਵਿੱਚ ਸਾਰੇ ਲਾਭਪਾਤਰੀਆਂ ਦੀ ਸੂਚੀ ਹੋਵੇਗੀ ਤੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਨੇ ਆਪਣੇ ਬਿਨੈ-ਪੱਤਰਾਂ ਨੂੰ ਅਪਡੇਟ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਦੋ ਸਾਲਾਂ ’ਚ ਲਾਭਪਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। -ਪੀਟੀਆਈ