ਬੱਚੇ ਦੀ ਕੁੱਟਮਾਰ: ਸਿੱਖਿਆ ਮੰਤਰੀ ਵੱਲੋਂ ਕੇਸ ਦਰਜ ਕਰਨ ਦੇ ਹੁਕਮ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 5 ਜਨਵਰੀ
ਇਸ ਜ਼ਿਲ੍ਹੇ ਦੇ ਇਕ ਨਿੱਜੀ ਸਕੂਲ ਦੀ ਇਕ ਅਧਿਆਪਕਾ ਵੱਲੋਂ ਛੋਟੀ ਉਮਰ ਦੇ ਵਿਦਿਆਰਥੀ ਦੀ ਕਥਿਤ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਦੇ ਮਾਲਕ, ਪ੍ਰਿੰਸੀਪਲ ਅਤੇ ਅਧਿਆਪਕਾ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਅੱਜ ਸਵੇਰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਕ ਮਹਿਲਾ ਅਧਿਆਪਕ, ਸਿੱਖ ਬੱਚੇ ਦੀ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ। ਇਹ ਅਧਿਆਪਕਾ ਵੀਡੀਓ ਵਿੱਚ ਬੱਚੇ ਦੇ ਕੇਸਾਂ ਦੀ ਕਥਿਤ ਬੇਅਦਬੀ ਕਰਦੀ ਨਜ਼ਰ ਆ ਰਹੀ ਹੈ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਕਈਆਂ ਨੇ ਇਸ ਨੂੰ ਬੱਚਿਆਂ ’ਤੇ ਜ਼ੁਲਮ ਦੇ ਨਾਲ-ਨਾਲ ਸਿੱਖੀ ਦੇ ਪ੍ਰਤੀਕ ਦਾ ਅਪਮਾਨ ਵੀ ਦੱਸਿਆ ਅਤੇ ਮਾਰਕੁੱਟ ਕਰਨ ਵਾਲੀ ਅਧਿਆਪਕਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕੂਲ ਦੇ ਮਾਲਕ, ਪ੍ਰਿੰਸੀਪਲ ਤੇ ਅਧਿਆਪਕਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ। ਸਿੱਖਿਆ ਮੰਤਰੀ ਨੇ ਇਕ ਟਵੀਟ ਰਾਹੀਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਘਟਨਾ ਕਿਸੇ ਸਰਕਾਰੀ ਸਕੂਲ ਦੀ ਨਹੀਂ ਬਲਕਿ ਪ੍ਰਈਵੇਟ ਸਕੂਲ ਦੀ ਹੈ।
ਡੀਸੀ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ
ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਹਰਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਬਲਾਕ ਨੋਡਲ ਅਫ਼ਸਰ ਨੂੰ ਜਾਂਚ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਪਿੰਡ ਬੱਡੋਂ ਦੇ ਇਕ ਪ੍ਰਾਈਵੇਟ ਸਕੂਲ ਦੀ ਹੈ।