ਸੀਆਈਏ ਸਟਾਫ ਦਾ ਮੁੱਖ ਮੁਨਸ਼ੀ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ
ਸੀਆਈਏ ਸਟਾਫ਼ ਮੁਕਤਸਰ ਦਾ ਮੁੱਖ ਮੁਨਸ਼ੀ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਬਠਿੰਡਾ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਚੌਕਸੀ ਵਿਭਾਗ ਬਠਿੰਡਾ ਵੱਲੋਂ ਜਾਰੀ ਸੂਚਨਾ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਪ੍ਰਵੀਨ ਕੌਰ ਦੇ ਬੇਟੇ ਕਿਸਮਤ ਸਿੰਘ ਨੇ ਇਕ ਹਜ਼ਾਰ ਰੁਪਏ ਵਿੱਚ ਇੱਕ ਮੋਬਾਈਲ, ਸ਼ਿਵੂ ਨਾਮ ਦੇ ਲੜਕੇ ਤੋਂ ਤਿੰਨ ਮਹੀਨੇ ਪਹਿਲਾਂ ਖਰੀਦਿਆ ਸੀ ਜਿਸ ਵਿੱਚ ਉਹ ਆਪਣਾ ਸਿੰਮ ਪਾ ਕੇ ਚਲਾਉਣ ਲੱਗ ਪਈ। ਉਸ ਨੇ ਦੱਸਿਆ ਕਿ 26 ਸਤੰਬਰ ਨੂੰ ਸੀਆਈਏ ਸਟਾਫ ਦਾ ਇਕ ਕਰਚਮਾਰੀ ਉਸ ਦੇ ਘਰ ਆਇਆ ਅਤੇ ਕਹਿਣ ਲੱਗਿਆ ਕਿ ਉਸ ਦਾ ਮੋਬਾਈਲ ਚੋਰੀ ਦਾ ਹੈ। ਫਿਰ ਉਹ ਸਟਾਫ ਦੇ ਦਫਤਰ ਪੁੱਜੀ ਤਾਂ ਉਥੇ ਮੁਨਸ਼ੀ ਸਤਨਾਮ ਸਿੰਘ ਨੇ ਉਸ ਨੂੰ ਚੋਰੀ ਦੇ ਮੋਬਾਈਲ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਨ ਦੀ ਧਮਕੀ ਦੇ ਕੇ ਪਰਚੇ ਤੋਂ ਬਚਣ ਲਈ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। 30 ਸਤੰਬਰ ਨੂੰ ਸਤਨਾਮ ਸਿੰਘ ਉਸਦੇ ਘਰ ਆਇਆ ਅਤੇ ਰਿਸ਼ਵਤ ਮੰਗੀ ਤਾਂ ਉਸ ਨੇ 8 ਹਜ਼ਾਰ ਰੁਪਏ ਦੇ ਦਿੱਤੇ। ਫਿਰ 1 ਅਕਤੂਬਰ ਨੂੰ ਮੁਨਸ਼ੀ ਸਤਨਾਮ ਸਿੰਘ ਨੇ ਉਸ ਨੂੰ ਆਪਣੇ ਮੁੰਡੇ ਨੂੰ ਪੇਸ਼ ਕਰਨ ਲਈ ਕਿਹਾ ਨਹੀਂ ਤਾਂ ਰਿਸ਼ਵਤ ਦੇਣ ਦੀ ਧਮਕੀ ਦਿੱਤੀ ਜਿਸ ਦੀ ਰਿਕਾਰਡਿੰਗ ਪ੍ਰਵੀਨ ਕੌਰ ਨੇ ਆਪਣੇ ਫੋਨ ਵਿੱਚ ਕਰ ਲਈ। ਇਸ ਤੇ ਪ੍ਰਵੀਨ ਨੇ ਇਸਦੀ ਸ਼ਿਕਾਇਤ ਚੌਕਸੀ ਵਿਭਾਗ ਬਠਿੰਡਾ ਕੋਲ ਕਰ ਦਿੱਤੀ। ਚੌਕਸੀ ਵਿਭਾਗ ਨੇ ਮੁਕੱਦਮਾ ਦਰਜ ਕਰਕੇ ਜਾਲ ਵਿਛਾਇਆ ਤੇ ਸਤਨਾਮ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।