ਪਰਾਲੀ ਸਾੜਨ ਤੋਂ ਰੋਕਣ ਦੇ ਸਰਕਾਰੀ ਯਤਨ ਨਾਕਾਮ
ਹਰਦੀਪ ਸਿੰਘ
ਧਰਮਕੋਟ, 7 ਨਵੰਬਰ
ਇਸ ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਆਸਮਾਨ ਵਿਚ ਧੂੰਆਂ ਛਾਇਆ ਹੋਇਆ ਹੈ। ਧੂਏਂ ਨਾਲ ਜਿੱਥੇ ਅੱਖਾਂ ਵਿੱਚ ਜਲਣ ਹੋਣ ਲੱਗੀ ਹੈ, ਉੱਥੇ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਲਈ ਬੇਜ਼ਿੱਦ ਹਨ ਅਤੇ ਪ੍ਰਸ਼ਾਸਨ ਦੇ ਪਰਾਲੀ ਨਾ ਸਾੜਨ ਲਈ ਕੀਤੇ ਗਏ ਸਾਰੇ ਹੀ ਯਤਨ ਅਸਫ਼ਲ ਸਿੱਧ ਹੋ ਰਹੇ ਹਨ। ਅਜਿਹੇ ਵਿੱਚ ਬੱਚਿਆਂ, ਬਜ਼ੁਰਗਾਂ, ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਅਤੇ ਕਿਸਾਨ ਆਗੂ ਬਲਵੰਤ ਸਿੰਘ ਬ੍ਰਾਹਮਕੇ ਨੇ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ। ਕਿਸਾਨ ਆਗੂਆਂ ਕਿਹਾ ਕਿ ਉਹ ਪੁਲੀਸ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਉਪ ਮੰਡਲ ਅਧਿਕਾਰੀ ਹਿੰਮਾਂਸ਼ੂ ਗੁਪਤਾ ਨੇ ਮੰਨਿਆ ਕਿ ਸਰਕਾਰੀ ਯਤਨਾਂ ਦੇ ਬਾਵਜੂਦ ਪਰਾਲੀ ਦੀ ਅੱਗ ਉਪਰ ਮੁਕੰਮਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਪਰ ਕਮੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ।