ਵਿਗੜ ਰਹੇ ਹਾਲਾਤ ਪ੍ਰਤੀ ਮੁੱਖ ਮੰਤਰੀ ਬੇਧਿਆਨ: ਸਿੰਗਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਗਸਤ
ਜ਼ਿਲ੍ਹਾ ਬਠਿੰਡਾ ਦੇ ਪਾਰਟੀ ਇੰਚਾਰਜ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਥੇ ਕਾਂਗਰਸ ਭਵਨ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਮਜ਼ਬੂਤ ਲਾਮਬੰਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ ਪਰ ਇਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ।
ਪਾਰਟੀ ਦੇ ਅਹੁਦੇਦਾਰਾਂ ਨੂੰ ਸ਼ਨਾਖ਼ਤੀ ਪੱਤਰ ਦੇਣ ਲਈ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵੱਲੋਂ ਕੀਤੀ ਗਈ ਇਸ ਇਕੱਤਰਤਾ ’ਚ ਪੁੱਜੇ ਸ੍ਰੀ ਸਿੰਗਲਾ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਸਤਖ਼ਤਾਂ ਵਾਲੇ ਸ਼ਨਾਖ਼ਤੀ ਪੱਤਰ ਅਹੁਦੇਦਾਰਾਂ ਨੂੰ ਸੌਂਪੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਵਰਕਰ ਜੇ ਇਸ ਸਨਮਾਨ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਸ ਨੂੰ ਵੀ ਆਉਂਦੇ ਦਿਨਾਂ ਵਿੱਚ ਇਹ ਸਨਮਾਨ ਪੱਤਰ ਜਾਰੀ ਕੀਤੇ ਜਾਣਗੇ।
ਉਨ੍ਹਾਂ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਚੁਣੇ ਹੋਏ ਅਹੁਦੇਦਾਰਾਂ ਵੱਲੋਂ ਲੋਕ ਹਿੱਤ ਦੇ ਕੰਮਾਂ ਲਈ ਦਫ਼ਤਰਾਂ ਵਿੱਚ ਆਉਣ ’ਤੇ ਪੂਰਾ ਸਨਮਾਨ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਕੇਕੇ ਅਗਰਵਾਲ, ਅਸ਼ੋਕ ਕੁਮਾਰ, ਬਲਵੰਤ ਰਾਏ ਨਾਥ, ਅਰੁਨ ਵਧਾਵਣ, ਮਾਸਟਰ ਹਰਮਿੰਦਰ ਸਿੰਘ, ਟਿੰਕੂ ਗਰੋਵਰ, ਬਲਰਾਜ ਪੱਕਾ, ਰੁਪਿੰਦਰ ਬਿੰਦਰਾ, ਬਲਜੀਤ ਸਿੰਘ, ਸੁਰਿੰਦਰਜੀਤ ਸਾਹਨੀ, ਸੰਦੀਪ ਵਰਮਾ ਹਾਜ਼ਰ ਸਨ।