ਮੁੱਖ ਮੰਤਰੀ ਉਡਣ ਦਸਤੇ ਵੱਲੋਂ ਅਨਾਜ ਮੰਡੀ ’ਚ ਛਾਪਾ
ਮਹਾਵੀਰ ਮਿੱਤਲ
ਜੀਂਦ, 22 ਦਸੰਬਰ
ਇੱਥੇ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਉੱਡਣ ਦਸਤੇ ਵੱਲੋਂ ਅਚਾਨਕ ਛਾਪਾ ਮਾਰਨ ’ਤੇ ਆੜ੍ਹਤੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਟੀਮ ਨੇ ਲਗਪਗ ਛੇ-ਸੱਤ ਘੰਟੇ ਅੱਧੀ ਦਰਜਨ ਆੜ੍ਹਤੀਆਂ ਦੇ ਨਾਲ-ਨਾਲ ਮਾਰਕੀਟ ਕਮੇਟੀ ਦੇ ਰਿਕਾਰਡ ਦੀ ਛਾਣਬੀਣ ਕੀਤੀ। ਮੁੱਖ ਮੰਤਰੀ ਉੱਡਣ ਦਸਤੇ ਦੇ ਇੰਸਪੈਕਟਰ ਸਤਪਾਲ ਸਿੰਘ, ਏਐੱਸਆਈ ਚਰਨ ਸਿੰਘ ਤੇ ਨਰੇਸ਼ ਕੁਮਾਰ ਆਪਣੇ ਨਾਲ ਹਰਿਆਣਾ ਸਟੇਟ ਖੇਤੀ ਮਾਰਕਟਿੰਗ ਬੋਰਡ ਜੀਂਦ ਦੇ ਜ਼ਿਲ੍ਹਾ ਮਾਰਕਟਿੰਗ ਅਧਿਕਾਰੀ ਅਭਿਨਵ ਵਾਲੀਆ ਸਮੇਤ ਉਨ੍ਹਾਂ ਦੇ ਸਟਾਫ ਨੂੰ ਲੈ ਕੇ ਮਾਰਕੀਟ ਕਮੇਟੀ ਦਫ਼ਤਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਮਾਰਕੀਟ ਕਮੇਟੀ ਜੀਂਦ ਦੇ ਸਕੱਤਰ ਸੰਜੀਵ ਕੁਮਾਰ ਜਾਂਗੜਾ ਨੂੰ ਵੀ ਆਪਣੇ ਨਾਲ ਲਿਆ ਤੇ ਲਗਪਗ 7 ਦੁਕਾਨਦਾਰਾਂ ਦਾ ਰਿਕਾਰਡ ਖੰਗਾਲਿਆ। ਦੋ ਦੁਕਾਨਦਾਰਾਂ ਦੇ ਰਿਕਾਰਡ ਵਿੱਚ ਖ਼ਾਮੀਆਂ ਮਿਲੀਆਂ ਅਤੇ ਸਟਾਕ ਵਿੱਚ ਲੱਗੀਆਂ ਜ਼ੀਰੀ ਦੀਆਂ 1001 ਬੋਰੀਆਂ ਦਾ ਰਿਕਾਰਡ ’ਚ ਨਹੀਂ ਮਿਲੀਆਂ। ਇਸ ਕਾਰਨ ਦੋ ਦੁਕਾਨਦਾਰਾਂ ਤੋਂ 1001 ਜ਼ੀਰੀ ਦੀ ਬੋਰੀਆਂ ਦਾ ਜੁਰਮਾਨਾ 18 ਹਜ਼ਾਰ ਅਤੇ ਮਾਰਕੀਟ ਫੀਸ 50 ਹਜ਼ਾਰ ਰੁਪਏ ਸਣੇ ਐੱਚਆਰਡੀਐੱਫ ਰਾਸ਼ੀ ਭਰਵਾਈ ਗਈ। ਸਕੱਤਰ ਸੰਜੀਵ ਕੁਮਾਰ ਨੇ ਕਿਹਾ ਕਿ ਆੜ੍ਹਤੀਆਂ ਨੂੰ ਰਿਕਾਰਡ ਅੱਪਡੇਟ ਰੱਖਣ ਦੀ ਹਦਾਇਤ ਕੀਤੀ ਗਈ ਹੈ।