ਮੁੱਖ ਮੰਤਰੀ ਨੂੰ ਅਹੁਦਾ ਛੱਡ ਦੇਣਾ ਚਾਹੀਦੈ: ਵਿਜੈ ਸਾਂਪਲਾ
ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਕਤੂਬਰ
ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਰਾਜ ਦੇ ਲੋਕਾਂ ਨਾਲ ਇਨਸਾਫ਼ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਰਾਜ ਦੇ ਲੋਕ ਔਖੀ ਜ਼ਿੰਦਗੀ ਤੋਂ ਸੌਖੇ ਹੋ ਸਕਣ। ਇਥੇ ਅੱਜ ਨਿੱਜੀ ਹੋਟਲ ’ਚ ਰੱਖੀ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੂੰ 92 ਸੀਟਾਂ ਜਿਤਾ ਕੇ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪੱਧਰ ’ਤੇ ਫ਼ੇਲ੍ਹ ਹੈ ਤੇ ਆਪਣੀ ਕਮਜ਼ੋਰੀ ਦਾ ਦੋਸ਼ ਕੇਂਦਰ ਸਰਕਾਰ ਦੇ ਸਿਰ ’ਤੇ ਮੜ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਸੂਬੇ ਦਾ ਵਿਕਾਸ ਨਹੀਂ ਕਰਨਾ ਚਾਹੁੰਦੀ ਜਿਸ ਕਰਕੇ ਵੱਡੇ ਸੜਕੀ ਪ੍ਰਾਜੈਕਟ ਰੁਲੇ ਪਏ ਹਨ। ਪੇਂਡੂ ਵਿਕਾਸ ਫ਼ੰਡ ਦੇ ਪੈਸੇ ਦਾ ਪਿਛਲਾ ਹਿਸਾਬ ਨਾ ਦੇ ਕੇ ਕੇਂਦਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਕੇਂਦਰ ਫ਼ੰਡ ਜਾਰੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਰਿ ਕਿਸਾਨਾਂ ਦੀ ਫ਼ਸਲ ਦਾ ਸਹੀ ਸਮੇਂ ਇਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਜਿਸ ਕਰਕੇ ਕਿਸਾਨ ਸੜਕਾ ’ਤੇ ਧਰਨੇ ਲਗਾ ਰਹੇ ਹਨ ਤੇ ਤਿਉਹਾਰਾਂ ਦੇ ਦਿਨਾਂ ’ਚ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਕੇਂਦਰ ਖਿਲਾਫ਼ ਧਰਨੇ ਲਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਤੇ ਹੁਣ ਉਹੀ ਕਿਸਾਨ ਇਨ੍ਹਾਂ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਗੈਰ ਭਾਜਪਾ ਸੂਬਿਆਂ ’ਚ ਕੋਈ ਖਰੀਦ ਦੀ ਸਮੱਸਿਆ ਨਹੀਂ, ਸਿਰਫ਼ ਪੰਜਾਬ ’ਚ ਹੀ ਕਿਉਂ ਸਮੱਸਿਆ ਹੈ ਇਸ ਸਭ ਇਨ੍ਹਾਂ ਦੀ ਦੇਣ ਹੈ।