ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਵਾਲ ਦੇ ਬੂਥ ’ਤੇ ਵੋਟ ਪਾਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ਼ਹਿਰ ਨੇੜਲੇ ਪਿੰਡ ਮੰਗਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਥਿਤ ਪੋਲਿੰਗ ਬੂਥ ’ਤੇ ਪੁੱਜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਮੁੱਖ ਮੰਤਰੀ ਆਪਣੀ ਪਤਨੀ ਸਮੇਤ ਪੋਲਿੰਗ ਬੂਥ ਅੱਗੇ ਕੁਝ ਸਮਾਂ ਕਤਾਰ ਵਿੱਚ ਵੀ ਖੜ੍ਹੇ ਰਹੇ ਅਤੇ ਜਿਉਂ ਹੀ ਉਨ੍ਹਾਂ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਅਚਾਨਕ ਵੀਵੀਪੈਟ ਮਸ਼ੀਨ ’ਚ ਕੋਈ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਪੋਲਿੰਗ ਬੂਥ ਦੇ ਅੰਦਰ ਹੀ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਵੋਟ ਪਾਉਣ ਲਈ ਕਰੀਬ 5/7 ਮਿੰਟ ਇੰਤਜ਼ਾਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸਥਾਨਕ ਸ਼ਹਿਰ ਦੀ ਡਰੀਮਲੈਂਡ ਕਲੋਨੀ ਵਿੱਚ ਹੈ ਜੋ ਸ਼ਹਿਰ ਦੀ ਬੁੱਕਲ ’ਚ ਵਸੇ ਪਿੰਡ ਮੰਗਵਾਲ ਅਧੀਨ ਆਉਂਦੀ ਹੈ। ਵੋਟ ਪਾਉਣ ਮਗਰੋਂ ਪਿੰਡ ਮੰਗਵਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਇੱਥੋਂ ਦੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਉਤਸ਼ਾਹ ਨਾਲ ਕਰਦੇ ਹਨ। ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਚੇਤਨ ਅਤੇ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਸਰਕਾਰ ਨੂੰ ਚੁਣਨ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਚੰਗੇ ਬੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ।
‘ਆਪ’ ਉਮੀਦਵਾਰ ਮੀਤ ਹੇਅਰ ਵੱਲੋਂ ਬਰਨਾਲਾ ਵਿੱਚ ਆਪਣੀ ਵੋਟ ਪਾਈ ਗਈ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਸਥਾਨਕ ਸ਼ਹਿਰ ’ਚ ਵੋਟ ਪਾਈ। ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੇ ਵੀ ਸ਼ਹਿਰ ’ਚ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।