ਮੁਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ’ਚ ਕੀਤਾ ਰੋਡ ਸ਼ੋਅ
ਕੁਲਦੀਪ ਭੁੱਲਰ
ਮੌੜ ਮੰਡੀ 22 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਤੋਂ ਕੁੱਝ ਸਮਾਂ ਪਹਿਲਾਂ ਹੀ ਸੀਵਰੇਜ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ ਜਿੱਥੇ ਲੋਕਾਂ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਘਿਰਾਓ ਕਰਕੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ, ਉੱਥੇ ਹੀ ਸ਼ਹਿਰ ਵਾਸੀਆਂ ਨੇ ਬਜ਼ਾਰ ਬੰਦ ਕਰਕੇ ਵਿਧਾਇਕ ਅਤੇ ਆਪ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨੀਸ਼ੂ ਬਾਲਾ, ਸੁਨੀਤਾ ਰਾਣੀ, ਚਮੇਲੀ, ਬਿੱਟੂ, ਤਰਸੇਮ ਕੁਮਾਰ, ਸੰਜੇ ਕੁਮਾਰ, ਸੁਨੀਲ ਜਿੰਦਲ, ਭੋਲਾ ਘੁੰਮਣ, ਰਕੇਸ਼ ਕੁਮਾਰ, ਪਵਨ ਕੁਮਾਰ, ਅਮਨ ਸਿੰਘ ਆਦਿ ਨੇ ਹਲਕਾ ਵਿਧਾਇਕ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਦੋਂ ਤੁਹਾਡੀ ਸਰਕਾਰ ਨਹੀਂ ਸੀ, ਤਾਂ ਉਸ ਵਖ਼ਤ ਕਹਿੰਦੇ ਸੀ ਕੇ ਸੀਵਰੇਜ ਕਾਰਨ ਸ਼ਹਿਰ ’ਚ ਬਿਮਾਰੀਆਂ ਫੈਲਣ ਵਾਲਾ ਮਹੌਲ ਬਣਿਆ ਹੋਇਆ ਹੈ, ਜਦੋਂ ਹੁਣ ਤੁਸੀ ਵਿਧਾਇਕ ਬਣ ਗਏ ਤਾਂ ਹੁਣ ਢਾਈ ਸਾਲਾਂ ਤੋਂ ਲੋਕਾਂ ਨੂੰ ਝੂਠੇ ਲਾਰਿਆਂ ’ਚ ਰੱਖਿਆ ਹੈ, ਜਦੋਂ ਇਸ ਦੀ ਸਫਾਈ ਦੇਣ ਲਈ ਵਿਧਾਇਕ ਸੁਖਵੀਰ ਖਾਨਾ ਬੋਲਣ ਲੱਗੇ ਤਾਂ ਇੱਕ ਮਹਿਲਾ ਉੱਚੀ ਉੱਚੀ ਬੋਲ ਕੇ ਕਹਿਣ ਲੱਗੀ ਕਿ ਵਿਧਾਇਕ ਦੀ ‘ਗੱਪ ਸੁਣੋ ਬਈ ਗੱਪ ਸੁਣੋ’ ਜਿਸ ਤੋਂ ਬਾਅਦ ਇਕੱਤਰ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਧਰ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਹੈ। ਇਸ ਮਗਰੋਂ ਮੁੱਖ ਮੰਤਰੀ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ‘ਬਾਏ ਬਾਏ’ ਕਰਕੇ ਚਲੇ ਗਏ।