ਚੀਫ਼ ਖ਼ਾਲਸਾ ਦੀਵਾਨ ਚੋਣ: ਕਿਸੇ ਵੀ ਉਮੀਦਵਾਰ ਨੇ ਵਾਪਸ ਨਹੀਂ ਲਏ ਨਾਮਜ਼ਦਗੀ ਪੱਤਰ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਫਰਵਰੀ
ਚੀਫ਼ ਖ਼ਾਲਸਾ ਦੀਵਾਨ ਦੇ ਵੱਖ-ਵੱਖ ਅਹੁਦਿਆਂ ਲਈ 18 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਅੱਜ ਦੋਵਾਂ ਧਿਰਾਂ ਵਿਚੋਂ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਹਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ। ਦੀਵਾਨ ਦੇ ਬੁਲਾਰੇ ਮੁਤਾਬਕ ਅੱਜ ਨਿਰਧਾਰਤ ਸਮੇਂ ਤਕ ਦੋਵਾਂ ਧਿਰਾ ਵਿੱਚੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਵਾਪਿਸ ਨਹੀਂ ਲਈ। ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਅੱਜ ਦੁਪਹਿਰ 1 ਤੋਂ 3 ਵਜੇ ਤੱਕ ਰੱਖਿਆ ਗਿਆ ਸੀ। ਭਲਕੇ 8 ਫਰਵਰੀ ਨੂੰ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਦੀਵਾਨ ਦੇ ਪ੍ਰਧਾਨ, ਸਥਾਨਕ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੇ ਅਹੁਦਿਆਂ ਵਾਸਤੇ ਹੋ ਰਹੀ ਚੋਣ ਵਿਚ ਨਿੱਝਰ ਧਿਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਡਾ. ਇੰਦਰਬੀਰ ਸਿੰਘ ਨਿੱਝਰ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਕੁਲਜੀਤ ਸਿੰਘ ਅਤੇ ਆਨਰੇਰੀ ਸਕੱਤਰਾਂ ਦੇ ਦੋ ਅਹੁਦਿਆਂ ਲਈ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸੇ ਤਰ੍ਹਾਂ ਦੂਜੀ ਧਿਰ ਦੀਵਾਨ ਬਚਾਉ ਫਰੰਟ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਸੁਰਿੰਦਰ ਸਿੰਘ ਪਾਲ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਬਾਂਗਾ, ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਲਈ ਡਾ. ਜਸਵਿੰਦਰ ਸਿੰਘ ਢਿੱਲੋਂ ਤੇ ਰਮਨੀਕ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ।