ਗੁਜਰਾਤ ਤੇ ਤਿਲੰਗਾਨਾ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੇ ਸਹੁੰ ਚੁੱਕੀ
ਅਹਿਮਦਾਬਾਦ/ਹੈਦਰਾਬਾਦ, 23 ਜੁਲਾਈ
ਜਸਟਿਸ ਸੁਨੀਤਾ ਅਗਰਵਾਲ ਨੇ ਅੱਜ ਗੁਜਰਾਤ ਹਾਈ ਕੋਰਟ ਦੀ 29ਵੀਂ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ। ਉਹ ਗੁਜਰਾਤ ਹਾਈ ਕੋਰਟ ਦੀ ਚੀਫ ਜਸਟਿਸ ਬਣਨ ਵਾਲੀ ਦੂਜੀ ਮਹਿਲਾ ਜੱਜ ਹਨ। ਗਾਂਧੀਨਗਰ ਸਥਿਤ ਰਾਜ ਭਵਨ ਵਿਚ ਅੱਜ ਰਾਜਪਾਲ ਅਚਾਰੀਆ ਦੇਵਵ੍ਰੱਤ ਨੇ ਜਸਟਿਸ ਅਗਰਵਾਲ ਨੂੰ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭੁਪੇਂਦਰ ਪਟੇਲ, ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ ਤੇ ਹੋਰ ਹਾਜ਼ਰ ਸਨ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ 5 ਜੁਲਾਈ ਨੂੰ ਜਸਟਿਸ ਅਗਰਵਾਲ ਦੇ ਨਾਂ ਦੀ ਸਿਫਾਰਿਸ਼ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਕੀਤੀ ਸੀ। ਸਿਖ਼ਰਲੀ ਅਦਾਲਤ ਨੇ ਕਿਹਾ ਸੀ ਕਿ ਵਰਤਮਾਨ ’ਚ ਉਹ ਦੇਸ਼ ਦੇ ਕਿਸੇ ਹਾਈ ਕੋਰਟ ਦੀ ਇਕੋ-ਇਕ ਮਹਿਲਾ ਚੀਫ ਜਸਟਿਸ ਹੋਣਗੇ। ਹੋਰ ਕਿਸੇ ਹਾਈ ਕੋਰਟ ਵਿਚ ਔਰਤ ਚੀਫ ਜਸਟਿਸ ਨਹੀਂ ਹੈ। ਇਸ ਤੋਂ ਪਹਿਲਾਂ ਜਸਟਿਸ ਸੋਨੀਆ ਗੋਕਾਨੀ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ।
ਜਸਟਿਸ ਅਗਰਵਾਲ ਨਵੰਬਰ, 2011 ਵਿਚ ਅਲਾਹਾਬਾਦ ਹਾਈ ਕੋਰਟ ਦੇ ਵਧੀਕ ਜੱਜ ਬਣੇ ਸਨ। ਮਗਰੋਂ ਅਗਸਤ, 2013 ਵਿਚ ਉਹ ਅਲਾਹਾਬਾਦ ਹਾਈ ਕੋਰਟ ਦੇ ਹੀ ਸਥਾਈ ਜੱਜ ਬਣੇ। ਇਸੇ ਦੌਰਾਨ ਜਸਟਿਸ ਆਲੋਕ ਅਰਾਧਯ ਨੇ ਅੱਜ ਤਿਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਹੈ। ਅਰਾਧਯ, ਜੋ ਕਿ ਪਹਿਲਾਂ ਕਰਨਾਟਕ ਹਾਈ ਕੋਰਟ ਦੇ ਜੱਜ ਸਨ, ਨੂੰ ਅੱਜ ਰਾਜ ਭਵਨ ਵਿਚ ਚੀਫ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਮੌਕੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਤੇ ਹੋਰ ਹਾਜ਼ਰ ਸਨ। ਜਸਟਿਸ ਆਲੋਕ ਤਿਲੰਗਾਨਾ ਵਿਚ ਜਸਟਿਸ ਉੱਜਲ ਭੁਆਨ ਦੀ ਥਾਂ ਲੈਣਗੇ ਜੋ ਕਿ ਸੁਪਰੀਮ ਕੋਰਟ ਦੇ ਜੱਜ ਬਣੇ ਹਨ। ਜਸਟਿਸ ਆਲੋਕ ਨੂੰ ਦਸੰਬਰ, 2009 ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਫਰਵਰੀ, 2011 ਵਿਚ ਉਹ ਇਸੇ ਹਾਈ ਕੋਰਟ ’ਚ ਸਥਾਈ ਜੱਜ ਬਣੇ ਸਨ। ਇਸ ਤੋਂ ਬਾਅਦ ਨਵੰਬਰ, 2018 ਵਿਚ ਉਹ ਕਰਨਾਟਕ ਹਾਈ ਕੋਰਟ ਦੇ ਜੱਜ ਬਣੇ ਸਨ। ਜੁਲਾਈ, 2022 ਵਿਚ ਉਹ ਕਰਨਾਟਕ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵੀ ਰਹੇ। -ਪੀਟੀਆਈ