ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਰਗੀ ਦਾ ਪੰਜਾ

08:55 AM Nov 10, 2024 IST

ਗੁਲਜ਼ਾਰ ਸੰਧੂ
Advertisement

‘‘ਤੈਨੂੰ ਪਤਾ ਏ, ਦੇਸ਼ ਦੀ ਰਾਣੀ ਬਾਰੇ?’’ ਤੋਚੀ ਦੀ ਆਵਾਜ਼ ਘਬਰਾਈ ਹੋਈ ਸੀ।
‘‘ਕੀ ਹੋਇਆ?’’ ਮੈਂ ਸੁਭਾਵਿਕ ਹੀ ਪੁੱਛਿਆ।
‘‘ਦੋ ਦਰਜਨ ਗੋਲੀਆਂ ਵੱਜੀਆਂ ਹਨ। ਕਹਿੰਦੇ ਹਨ ਕਿਸੇ ਆਪਣੇ ਬੰਦੇ ਨੇ ਮਾਰੀਆਂ ਹਨ। ਬਚਣ ਦੀ ਕੋਈ ਉਮੀਦ ਨਹੀਂ।’’
‘‘ਸਵਾਲ ਹੀ ਪੈਦਾ ਨਹੀਂ ਹੁੰਦਾ’’ ਮੈਂ ਬੋਲਿਆ। ‘‘ਕਿਹੜੇ ਦੇਸ਼ ਦੀ ਰਾਣੀ?’’
‘‘ਅੱਪਨਦੇਸ਼ ਦੀ। ਹੋਰ ਕਿਹੜੇ ਦੀ? ਕੌਤਕ ਵਰਤ ਗਿਆ ਹੈ। ਬਹੁਤ ਵੱਡਾ। ਤੇ ਤੁਸੀਂ ਬੈਠੇ ਹੋ ਆਰਾਮ ਨਾਲ।’’
ਫਾਈਬਰ ਗਲਾਸ ਤਿਆਰ ਕਰਨ ਵਾਲੀ ਕੰਪਨੀ ਵਿੱਚ ਕੰਮ ਕਰਨ ਵਾਲੀ ਤੋਚੀ ਘਬਰਾਈ ਹੋਈ ਸੀ। ਅੱਪਨਦੇਸ਼ ਦੀ ਹਰ ਮਹੱਤਵਪੂਰਨ ਘਟਨਾ ਇਸ ਕੰਪਨੀ ਦੇ ਡਾਇਰੈਕਟਰਾਂ ਲਈ ਦਿਲਚਸਪੀ ਰੱਖਦੀ ਸੀ। ਖ਼ਾਸ ਕਰਕੇ ਅਜਿਹੀ ਘਟਨਾ ਜਿਹੜੀ ਚੱਲ ਰਹੀ ਸਰਕਾਰ ਦੇ ਬਣਨ ਜਾਂ ਡਿੱਗਣ ਨਾਲ ਸਬੰਧ ਰੱਖਦੀ ਹੋਵੇ।
ਇਸ ਕੰਪਨੀ ਦਾ ਕਾਰ ਵਿਹਾਰ ਹੀ ਕੁਝ ਅਜਿਹਾ ਸੀ ਕਿ ਮੇਰਾ ਨਾਤਾ ਇਸ਼ਤਿਹਾਰ ਕੱਢਣ ਵਾਲਿਆਂ ਨਾਲ ਹੋਣ ਕਰਕੇ, ਅੱਪਨਦੇਸ਼ ਦੀ ਕਿਸੇ ਵੀ ਜ਼ਿੰਮੇਵਾਰ ਜਾਂ ਗ਼ੈਰ-ਜ਼ਿੰਮੇਵਾਰ ਘਟਨਾ ਸੁਣ ਕੇ ਤੋਚੀ ਮੈਨੂੰ ਹੀ ਟੈਲੀਫੋਨ ਕਰਦੀ ਸੀ। ਇਹ ਟੈਲੀਫੋਨ ਉਨ੍ਹਾਂ ਵਿੱਚੋਂ ਇੱਕ ਸੀ। ਸੁਭਾਅ ਅਨੁਸਾਰ ਮੈਂ ਇਸ ਨੂੰ ਸੱਚ ਵੀ ਮੰਨਿਆ ਅਤੇ ਝੂਠ ਵੀ। ਸੱਚ ਇਸ ਲਈ ਕਿ ਇਹ ਗੱਲ ਅਸੰਭਵ ਨਹੀਂ ਸੀ ਜਾਪਦੀ ਅਤੇ ਝੂਠ ਇਸ ਲਈ ਕਿ ਉਨ੍ਹਾਂ ਦਿਨਾਂ ਵਿੱਚ ਏਨੀਆਂ ਅਫ਼ਵਾਹਾਂ ਫੈਲ ਰਹੀਆਂ ਸਨ ਕਿ ਕਿਸੇ ਉੱਤੇ ਵੀ ਇਤਬਾਰ ਕਰਨਾ ਮੁਸ਼ਕਿਲ ਸੀ। ਕਾਰਨ ਕੀ ਸਨ? ਇਨ੍ਹਾਂ ਬਾਰੇ ਗੱਲ ਫੇਰ ਕਰਾਂਗੇ।
‘‘ਤੂੰ ਤਾਂ ਕਮਲੀ ਏਂ। ਜਦੋਂ ਦੀ ਗੁਰੂ-ਮੰਦਰ ਵਾਲੀ ਘਟਨਾ ਹੋਈ ਹੈ ਹਰ ਕਮਲਾ ਆਦਮੀ ਇਹੀਓ ਸੋਚਦਾ ਹੈ ਕਿ ਰਾਣੀ ਗਈ ਕਿ ਗਈ। ਤੂੰ ਘਬਰਾ ਨਾ, ਕੁਝ ਨਹੀਂ ਹੋਇਆ। ਗੱਲਾਂ ਬਣਾਉਣ ਵਾਲੇ ਵੱਡੀਆਂ ਵੱਡੀਆਂ ਗੱਲਾਂ ਬਣਾਉਂਦੇ ਹਨ। ਇਹ ਨਹੀਂ ਜਾਣਦੇ ਕਿ ਅੱਪਨਦੇਸ਼ ਦੀ ਰਾਣੀ ਦੀ ਪਿੱਠ ਪਿੱਛੇ ਉਸ ਦਾ ਆਪਣਾ ਦੇਸ਼ ਹੀ ਨਹੀਂ, ਅਨੇਕਾਂ ਹੋਰ ਦੇਸ਼ ਵੀ ਹਨ ਅਤੇ ਆਪਣੀ ਜਿਸ ਲਘੂਕੁਲ ਦੇ ਮੈਂਬਰ ਨੂੰ ਤੂੰ ਹਤਿਆਰਾ ਸਮਝੀ ਬੈਠੀ ਹੈਂ ਉਹ ਨਾ ਤਿੰਨਾਂ ਵਿਚੋਂ ਹੈ ਨਾ ਤੇਰ੍ਹਾਂ ਵਿੱਚੋਂ। ਇਸ ਕੁੱਲ ਦੇ ਬੰਦਿਆਂ ਨੂੰ ਉਬਲਦੇ ਫਿਰਨ ਦੀ ਆਦਤ ਹੈ। ਇਹ ਵੀ ਨਹੀਂ ਜਾਣਦੇ ਕਿ ਸਾਡੀ ਪਿੱਠ ਕਿੰਨੀ ਕਮਜ਼ੋਰ ਅਤੇ ਬਾਹਵਾਂ ਕਿੰਨੀਆਂ ਛੋਟੀਆਂ ਹਨ। ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਹਾਂ ਕਿ ਸ਼ੇਰ ਸਿਹੁੰ ਵਰਗਾ ਜਰਨੈਲ ਜਿਸ ਨੂੰ ਏਨੀ ਮਾਨਤਾ ਦਿੱਤੀ ਜਾ ਰਹੀ ਹੈ, ਕਿਹੜੀ ਪਿੱਠ ਅਤੇ ਬਾਹਵਾਂ ਦੇ ਸਿਰ ਉੱਤੇ ਮਹਾਂ-ਦੇਸ਼ ਦੀ ਮਹਾਂ-ਕੁਲ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਆਪਣੀ ਕੰਪਨੀ ਵਿੱਚ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਇਹ ਸਭ ਝੂਠ-ਮੂਠ ਅਫ਼ਵਾਹਾਂ ਹਨ। ਕਿਸੇ ਦੀ ਕੀ ਮਜਾਲ ਹੈ ਕਿ ਏਨੇ ਵੱਡੇ ਦੇਸ਼ ਦੀ ਇਸ ਪ੍ਰਕਾਰ ਸੰਭਾਲੀ ਹੋਈ ਰਾਣੀ ਨੂੰ ਗੋਲੀ ਮਾਰ ਦੇਵੇ। 24 ਗੋਲੀਆਂ? ਤੌਬਾ ਕਿੰਨਾ ਝੂਠ ਅਤੇ ਤੂੰ ਇਸ ਏਨੇ ਵੱਡੇ ਝੂਠ ਨੂੰ ਪ੍ਰਵਾਨ ਕਰੀਂ ਬੈਠੀ ਏਂ। ਤੇਰੀ ਕੰਪਨੀ ਫਾਈਬਰ ਗਲਾਸ ਨਹੀਂ, ਅਫ਼ਵਾਹਾਂ ਬਣਾਉਂਦੀ ਹੈ।’’ ਮੈਂ ਅੱਛਾ ਖਾਸਾ ਲੈਕਚਰ ਝਾੜਿਆ।
ਜਿਸ ਲਘੂਕੁਲ ਦੇ ਤੋਚੀ ਤੇ ਮੈਂ ਮੈਂਬਰ ਸਾਂ, ਸ਼ੇਰਾ ਸਿਹੁੰ ਜਰਨੈਲ ਵੀ ਉਸੇ ਵਿੱਚੋਂ ਸੀ। ਸਾਡੀ ਕੁਲ ਲੜਨ-ਘੁਲਣ ਲਈ ਪ੍ਰਸਿੱਧ ਸੀ। ਪਰ ਹੈ ਸੀ ਲਘੂਕੁਲ। ਮਹਾਂ-ਕੁਲ ਨਾਲ ਇਸ ਦਾ ਕੀ ਟਾਕਰਾ ਸੀ। ਪਰ ਸ਼ੇਰਾ ਸਿਹੁੰ ਸਿੰਙ ਫਸਾਉਣੋਂ ਨਹੀਂ ਸੀ ਹਟਦਾ। ਏਨੇ ਸਿੰਙ ਫਸਾਏ ਕਿ ਰਾਣੀ ਨੂੰ ਲਘੂਕੁਲ ਦੇ ਗੁਰੂ-ਮੰਦਰ ਦੀ ਅਵੱਗਿਆ ਕਰਨ ਲਈ ਮਜਬੂਰ ਕਰ ਦਿੱਤਾ ਸੀ। ਤੇ ਹੁਣ ਅਵੱਗਿਆ ਤੋਂ ਪਿੱਛੋਂ ਲਘੂਕੁਲ ਦਾ ਹਰ ਮੈਂਬਰ ਉਬਲਿਆ ਫਿਰਦਾ ਸੀ। ਅਫ਼ਵਾਹ ਸੱਚ ਵੀ ਹੋ ਸਕਦੀ ਸੀ ਤੇ ਝੂਠ ਵੀ। ਮੇਰਾ ਮਨ ਡਾਵਾਂ-ਡੋਲ ਸੀ। ਇਸ ਦੇ ਕੁਝ ਨਿੱਜੀ ਕਾਰਨ ਸਨ।
ਪਿਛਲੀ ਰਾਤ ਮੈਨੂੰ ਆਪਣੀ ਮਾਂ ਦੇ ਪਾਸਾ ਮਾਰੇ ਜਾਣ ਦੀ ਖ਼ਬਰ ਮਿਲੀ ਸੀ। ਮਾਂ ਨੂੰ ਅਧਰੰਗ ਹੋ ਗਿਆ ਸੀ। ਉਹ ਨਾ ਬੋਲ ਸਕਦੀ ਸੀ, ਨਾ ਸੋਚ ਸਕਦੀ ਸੀ ਅਤੇ ਨਾ ਹੀ ਤੁਰ ਸਕਦੀ ਸੀ। ਬੱਸ ਰੋਈ ਹੀ ਜਾਂਦੀ ਸੀ। ਮੈਨੂੰ ਯਕੀਨ ਨਹੀਂ ਆਇਆ। ਮੇਰੀ ਮਾਂ ਜਿੱਦਣ ਹੈ, ਹਿੰਮਤ ਵਾਲੀ ਹੈ, ਤਕੜੀ ਹੈ ਅਤੇ ਸੈਰ ਸਪਾਟੇ ਦੀ ਸ਼ੌਕੀਨ। ਅਜਿਹੀ ਮਾਂ ਦੇ ਬਿਸਤਰ-ਬਧ ਹੋ ਜਾਣ ਨਾਲ ਪੁੱਤਰ ਨੂੰ ਕਿੰਨਾ ਕੁ ਅਫ਼ਸੋਸ ਹੋਵੇਗਾ ਇਹ ਤਾਂ ਸਾਰੇ ਜਾਣਦੇ ਹੀ ਹਨ। ਇਸ ਤੋਂ ਵੱਡਾ ਡਰ ਇਹ ਕਿ ਜੇ ਦੁਨੀਆ ਦਾ ਕੋਈ ਇਲਾਜ ਉਸ ਨੂੰ ਬਿਸਤਰੇ ਤੋਂ ਨਾ ਉਠਾ ਸਕਿਆ ਤਾਂ ਕੀ ਬਣੇਗਾ? ਇਹਦੇ ਨਾਲੋਂ ਤਾਂ ਮੇਰੀ ਮਾਂ ਨੂੰ ਹੀ ਗੋਲੀ ਵੱਜ ਜਾਂਦੀ। ਮਰੀ ਮਾਂ ਦਾ ਦੁੱਖ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ, ਅਧਰੰਗ ਦੀ ਸ਼ਿਕਾਰ ਹੋਈ ਮਾਂ ਨੂੰ ਬੇਵੱਸ ਦੇਖਣਾ ਅਤੇ ਸਾਂਭਣਾ ਬਹੁਤ ਕਠਿਨ ਹੈ। ਮੈਂ ਆਪਣੇ ਇਸ ਗ਼ਮ ਨੂੰ ਡੋਬਣ ਲਈ ਪਿਛਲੀ ਰਾਤ ਤੋਂ ਹੀ ਪ੍ਰੇਸ਼ਾਨ ਸਾਂ ਅਤੇ ਆਪਣੇ ਹੀ ਢੰਗ ਨਾਲ ਇਸ ਨੂੰ ਭੁੱਲਣ ਦਾ ਯਤਨ ਕਰ ਰਿਹਾ ਸਾਂ ਜਿਸ ਦਾ ਨਤੀਜਾ ਇਹ ਵੀ ਸੀ ਕਿ ਮੈਂ ਕੰਮ ਉੱਤੇ ਜਾਣ ਦੀ ਬਜਾਏ ਘਰ ਹੀ ਬੈਠਾ ਸਾਂ। ਇਕੱਲਾ, ਬਿਲਕੁਲ ਇਕੱਲਾ। ਕਿਸੇ ਮੰਦੀ ਖ਼ਬਰ ਤੋਂ ਡਰਦਾ। ਪਰ ਜਿਹੜੀ ਖ਼ਬਰ ਤੋਚੀ ਦੇ ਰਹੀ ਸੀ, ਚੰਗੀ ਨਹੀਂ ਸੀ।
‘‘ਤੂੰ ਤਾਂ ਬਹੁਤ ਹੀ ਕਮਲੀ ਏਂ। ਕਮਲਿਆਂ ਦੇ ਕਿਹੜੇ ਸਿੰਙ ਹੁੰਦੇ ਹਨ। ਗ਼ਲਤ ਗੱਲਾਂ ਨਾ ਫੈਲਾਇਆ ਕਰ।’’ ਮੇਰਾ ਜੀਅ ਕੀਤਾ ਕਿ ਮੈਂ ਟੈਲੀਫੋਨ ਬੰਦ ਕਰ ਦਿਆਂ ਪਰ ਤੋਚੀ ਬਜ਼ਿੱਦ ਸੀ। ਉਸ ਨੂੰ ਕਿਸੇ ਬਹੁਤ ਹੀ ਭਰੋਸੇਯੋਗ ਵਸੀਲੇ ਤੋਂ ਪਤਾ ਲੱਗਿਆ ਸੀ। ਅਤੇ ਰਾਣੀ ਦੀ ਉਹ ਭਗਤਣੀ ਚਾਹੁੰਦੀ ਸੀ ਮੈਂ ਉਸ ਨੂੰ, ਉਸ ਦੀ ਖ਼ਬਰ ਨੂੰ ਦਲੀਲ ਨਾਲ ਰੱਦ ਕਰਾਂ ਜਾਂ ਅਪਣਾਵਾਂ।
ਮੈਂ ਆਪਣੇ ਦੋਸਤਾਂ ਤੋਂ ਪੁੱਛਿਆ। ਖ਼ਬਰ ਸੱਚ ਸੀ, ਬਿਲਕੁਲ ਸੱਚ। ਜਿਵੇਂ ਦਿਨ ਅਤੇ ਰਾਤ। ਮੈਂ ਵਾਪਸੀ ਟੈਲੀਫੋਨ ਰਾਹੀਂ ਤੋਚੀ ਨੂੰ ਸਿਰਫ਼ ਏਨਾ ਹੀ ਦੱਸਿਆ ਕਿ ਉਹ ਠੀਕ ਸੀ ਅਤੇ ਟੈਲੀਫ਼ੋਨ ਬੰਦ ਕਰ ਦਿੱਤਾ।
ਤੋਚੀ ਵਾਲੇ ਸੱਚ ਦਾ ਮੇਰੇ ਉੱਤੇ ਜਿਹੜਾ ਅਸਰ ਹੋਇਆ, ਉਸ ਦਾ ਪਤਾ ਮੈਨੂੰ ਅਗਲੀ ਸਵੇਰ ਅੱਧੀ ਰਾਤ ਤੋਂ ਪਿੱਛੋਂ ਤਿੰਨ ਕੁ ਵਜੇ ਲੱਗਿਆ। ਮੇਰਾ ਸਿਰ ਦਰਦ ਕਰ ਰਿਹਾ ਸੀ ਅਤੇ ਸਵੇਰ ਹੋਣ ਤੱਕ ਅਜੇ ਤਿੰਨ ਘੰਟੇ ਹੋਰ ਬਾਕੀ ਸਨ। ਸਵੇਰੇ ਕੀ ਹੋਣਾ ਸੀ, ਉਸ ਦਾ ਅੰਦਾਜ਼ਾ ਮੈਂ ਆਪਣੇ ਮਾਮੇ ਦੀ ਉਸ ਗੱਲ ਤੋਂ ਲਗਾ ਲਿਆ ਸੀ ਜਿਹੜੀ ਉਸ ਨੇ ਅੱਧੀ ਕੁ ਸਦੀ ਪਹਿਲਾਂ ਦੇਸ਼ ਦੇ ਧਰਮੀ ਰਾਜੇ ਦੀ ਹੱਤਿਆ ਵੇਲੇ ਕਹੀ ਸੀ। ‘‘ਜੇ ਕਿਸੇ ਲਘੂਕੁਲ ਦੇ ਬੰਦੇ ਨੇ ਇਹ ਕਤਲ ਕੀਤਾ ਹੈ ਤਾਂ ਕਬੀਲੇ ਲਈ ਆਫ਼ਤ ਆਈ ਸਮਝੋ।’’ ਉਦੋਂ ਇਹ ਹੱਤਿਆ ਲਘੂਕੁਲ ਨੇ ਨਹੀਂ ਸੀ ਕੀਤੀ ਅਤੇ ਕੁੱਲ ਉੱਤੇ ਆਫ਼ਤ ਵੀ ਨਹੀਂ ਸੀ ਆਈ ਤੇ ਸ਼ਾਇਦ ਇਸੇ ਲਈ ਮੈਨੂੰ ਆਪਣੇ ਤੋਂ ਵੱਡੀ ਉਮਰ ਦੇ ਮਾਮੇ ਦੀ ਇਹ ਗੱਲ ਸਮਝ ਨਹੀਂ ਸੀ ਪਈ ਕਿ ਲਘੂਕੁਲ ਵੱਲੋਂ ਹੋਣ ਵਾਲੀ ਹੱਤਿਆ ਦਾ ਏਨਾ ਭਿਆਨਕ ਨਤੀਜਾ ਕਿਉਂ ਨਿਕਲ ਸਕਦਾ ਹੈ। ਮਾਮਾ ਬਜ਼ਿੱਦ ਸੀ ਕਿ ਸਾਡੀ ਕੁਲ ਦਾ ਰੂਪ ਹੀ ਇਸ ਦਾ ਦੁਸ਼ਮਣ ਹੈ। ਪਛਾਨਣ ਵਾਸਤੇ ਬਾਹਰੀ ਸਬੂਤ ਦੀ ਲੋੜ ਨਹੀਂ। ਸਿਰ ’ਤੇ ਟੇਢੀ ਪਗੜੀ, ਖੜ੍ਹੀਆਂ ਮੁੱਛਾਂ... ਰੌਲਾ ਹੀ ਕੋਈ ਨਹੀਂ। ਸਵੇਰੇ ਤਿੰਨ ਵਜੇ ਆਪਣੇ ਮਾਮੇ ਦੇ ਕਹੇ ਸ਼ਬਦ ਮੇਰੀ ਸੋਚ ਨੂੰ ਇਸ ਤਰ੍ਹਾਂ ਝੁੰਜਲਾ ਗਏ ਕਿ ਮੇਰੇ ਲਈ ਉਸ ਤੋਂ ਬਾਅਦ ਸੌਣਾ ਅਸੰਭਵ ਹੋ ਗਿਆ। ਨੀਂਦ ਵੀ ਉੱਡ ਗਈ, ਸਿਰਦਰਦ ਵੀ। ਮਾਂ ਦੀ ਚਿੰਤਾ ਵੀ।
ਮੈਂ ਨਾਨਕੇ ਦੇਸ਼ ਰਹਿੰਦਾ ਸਾਂ ਤੇ ਮੇਰੀ ਮਾਂ ਮੇਰੇ ਬਾਪ ਕੋਲ ਆਪਣੇ ਦੇਸ਼। ਮੈਂ ਮਾਂ ਨਾਲੋਂ ਮਾਮਿਆਂ ਦੇ ਵਧੇਰੇ ਨੇੜੇ ਸਾਂ। ਮੈਨੂੰ ਉਨ੍ਹਾਂ ਦਾ ਫ਼ਿਕਰ ਲੱਗ ਗਿਆ ਅਤੇ ਉਸ ਦੇ ਨਾਲ ਟੇਢੀ ਪੱਗੜੀ ਤੇ ਉੱਚੀ ਮੁੱਛ ਵਾਲੇ ਆਪਣੀ ਕੁਲ ਦੇ ਉਨ੍ਹਾਂ ਮਿੱਤਰਾਂ ਦਾ ਜਿਹੜੇ ਪਿਛਲੇ 30 ਸਾਲਾਂ ਤੋਂ ਮੇਰੇ ਦੋਸਤ ਚਲੇ ਆ ਰਹੇ ਸਨ ਤੇ ਜਿਨ੍ਹਾਂ ਨੇ ਕਦੇ ਮੁੱਛ ਨੀਵੀਂ ਨਹੀਂ ਸੀ ਕੀਤੀ ਅਤੇ ਪੱਗੜੀ ਸਿੱਧੀ ਨਹੀਂ ਸੀ ਬੱਧੀ। ਕਿਸੇ ਗੈਬੀ ਡਰ ਤੋਂ ਪੈਦਾ ਹੋਈ ਚੇਤਨਾ ਨੇ ਮੈਨੂੰ ਉਦੋਂ ਤੱਕ ਜਾਗਦਾ ਰਹਿਣ ਲਈ ਮਜਬੂਰ ਕਰ ਦਿੱਤਾ ਜਦੋਂ ਤੱਕ ਕਿ ਮੈਂ ਆਪਣੇ ਸਾਰੇ ਹੀ ਦੋਸਤਾਂ ਦੀ ਨੀਂਦ ਹਰਾਮ ਨਹੀਂ ਸੀ ਕਰ ਦਿੰਦਾ। ਮੈਨੂੰ ਮਾਂ ਦਾ ਫ਼ਿਕਰ ਨਹੀਂ ਸੀ, ਤੋਚੀ ਦੀ ਹਰਮਨ ਪਿਆਰੀ ਰਾਣੀ ਦਾ ਵੀ ਨਹੀਂ। ਜੇ ਫ਼ਿਕਰ ਸੀ ਤਾਂ ਕੇਵਲ ਏਨਾ ਕਿ ਜਿਹੜੇ ਜਿਊਂਦੇ ਹਨ ਉਹ ਬਚ ਰਹਿਣ। ਮੈਂ ਆਪਣੇ ਆਪ ਨੂੰ ਇੱਕ ਘੰਟਾ ਰੋਕੀ ਰੱਖਿਆ ਅਤੇ ਚਾਰ ਸਵਾ ਚਾਰ ਵਜੇ ਤੋਂ ਪਿੱਛੋਂ ਟੈਲੀਫੋਨ ਦੇ ਨੰਬਰ ਘੁਮਾਉਣੇ ਸ਼ੁਰੂ ਕਰ ਦਿੱਤੇ। ਇਹ ਦੱਸਣ ਲਈ ਕਿ ਕੁਲ ਦੇ ਕਿਸੇ ਵੀ ਮੈਂਬਰ ਨੂੰ ਆਪਣੇ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਉੱਕਾ ਹੀ ਨਹੀਂ। ਬਿਲਕੁਲ ਹੀ ਨਹੀਂ। ਕਿਸੇ ਸੂਰਤ ਵੀ ਨਹੀਂ। ਇਹ ਮੇਰੀ ਮੰਗ ਨਹੀਂ ਸੀ, ਮੇਰਾ ਹੁਕਮ ਸੀ- ਦੋਸਤ ਦੇ ਨਾਤੇ ਇੱਕ ਉਸ ਬੰਦੇ ਦੇ ਨਾਤੇ ਜਿਸ ਨੇ ਧਰਮੀ ਰਾਜੇ ਦੀ ਹੱਤਿਆ ਪਿੱਛੋਂ ਹੋਇਆ ਘੱਲੂਘਾਰਾ ਦੇਖਿਆ ਸੀ ਭਾਵੇਂ ਉਦੋਂ ਉਸ ਦੀ ਆਪਣੀ ਕੁਲ ਬਚ ਰਹੀ ਸੀ।
ਅੱਜ ਉਸ ਘਟਨਾ ਨੂੰ ਹਫ਼ਤਾ ਹੋਣ ਵਾਲਾ ਹੈ। ਮੈਂ ਖ਼ੁਸ਼ ਹਾਂ ਕਿ ਜਿਨ੍ਹਾਂ ਦੀ ਮੈਂ ਨੀਂਦ ਹਰਾਮ ਕੀਤੀ ਸੀ, ਅੱਜ ਉਹ ਵੀ ਖ਼ੁਸ਼ ਹਨ। ਇਸ ਲਈ ਕਿ ਮੈਂ ਠੀਕ ਸਾਂ। ਘਟਨਾ ਵਾਲੇ ਦਿਨ ਕੀ ਕੁਝ ਹੋਇਆ ਸੀ, ਉਸ ਦੀ ਗੱਲ ਨਾ ਹੀ ਕਰਨੀ ਯੋਗ ਹੈ। ਵੱਡਾ ਮਾਮਾ ਪਹਿਲੇ ਦਿਨ ਹੀ ਜ਼ਖ਼ਮੀ ਹੋ ਗਿਆ ਸੀ। ਉਸ ਦੀ ਪਤਨੀ ਉਸ ਨੂੰ ਹਸਪਤਾਲ ਲੈ ਗਈ ਸੀ ਅਤੇ ਉਸ ਤੋਂ ਪਿੱਛੋਂ ਉਹ ਖ਼ਤਮ। ਲਾਸ਼ ਮਾਮੀ ਨੂੰ ਨਹੀਂ ਸੀ ਮਿਲੀ। ਘਰ ਉਹ ਜਾ ਨਹੀਂ ਸੀ ਸਕਦੀ, ਸ਼ਹਿਰ ਵਿੱਚ ਕਰਫਿਊ ਲੱਗ ਚੁੱਕਾ ਸੀ। ਮਾਮੇ ਨੂੰ ਹਸਪਤਾਲ ਲਿਆਉਣ ਸਮੇਂ ਉਹ ਆਪਣੇ ਤਿੰਨੇ ਲੜਕੇ ਪਿੱਛੇ ਛੱਡ ਆਈ ਸੀ, ਗੁਰੂ-ਘਰ ਵਿੱਚ। ਇਹ ਸੋਚ ਕੇ ਕਿ ਗੁਰੂ-ਘਰ ਸਭ ਦਾ ਰਾਖਾ ਹੈ। ਜਦੋਂ ਬਲਵਈ ਆਏ ਤਾਂ ਤਿੰਨੇ ਲੜਕੇ ਲਘੂਕੁਲ ਦੇ ਹੀ ਕਿਸੇ ਹੋਰ ਘਰ ਜਾ ਵੜੇ ਜਿਸ ਨੇ ਪਹਿਲੇ ਹੀ ਤਿੰਨ ਚਾਰ ਹੋਰ ਬੱਚਿਆਂ ਨੂੰ ਸ਼ਰਨ ਦੇ ਰੱਖੀ ਸੀ। ਅਤੇ ਇਹ ਵੀ ਕਿ ਛੇਤੀ ਹੀ ਇਸ ਘਰ ਉੱਤੇ ਦੰਗਿਆਂ ਵਾਲੇ ਖ਼ੁਦ ਆ ਗਏ ਸਨ ਅਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ ਸੀ। ਮਿੱਟੀ ਦਾ ਤੇਲ ਪਾ ਕੇ ਜਾਂ ਪੈਟਰੋਲ ਨਾਲ ਕੋਈ ਨਹੀਂ ਸੀ ਜਾਣਦਾ। ਪਰ ਅੱਗ ਬੜੀ ਭੜਕੀ ਸੀ। ਏਨੀ ਕਿ ਉਸ ਘਰ ਵਿੱਚ ਬੰਦ ਸੱਤ ਬੱਚੇ, ਫੈਕਟਰੀ ਵਾਲਾ ਅਤੇ ਫੈਕਟਰੀ ਵਾਲੇ ਦਾ ਪੁੱਤਰ ਅੱਗ ਵਿਚ ਝੁਲਸੇ ਗਏ ਸਨ ਅਤੇ ਇਨ੍ਹਾਂ ਦੇ ਨਾਲ ਹੀ ਮੇਰੇ ਸਵਰਗਵਾਸੀ ਮਾਮੇ ਦੇ ਤਿੰਨਾਂ ਵਿੱਚੋਂ ਦੋ ਬੱਚੇ, ਇੱਕ ਸਭ ਤੋਂ ਵੱਡਾ ਅਤੇ ਇੱਕ ਸਭ ਤੋਂ ਛੋਟਾ। ਕੇਵਲ ਇੱਕ ਬਚ ਰਿਹਾ ਸੀ ਜਿਹੜਾ ਕੋਠੇ ਚੜ੍ਹ ਕੇ ਕਿਸੇ ਹੋਰ ਛੱਤ ਉੱਤੇ ਛਾਲ ਮਾਰ ਕੇ ਅਤੇ ਕਿਸੇ ਹੋਰ ਛੱਤ ਤੋਂ ਵੀ ਉਤਰ ਕੇ ਮਹਾਂ-ਕੁਲ ਦੇ ਕਿਸੇ ਅਜਿਹੇ ਘਰ ਜਾ ਵੜਿਆ ਸੀ ਜਿਹੜਾ ਕਈ ਵਰ੍ਹਿਆਂ ਤੋਂ ਉਨ੍ਹਾਂ ਦਾ ਜਾਣੂ ਸੀ। ਉਹ ਘਰ ਬਲਵਈਆਂ ਵਰਗਾ ਨਹੀਂ ਸੀ ਜਿਹੜੇ ਦੂਰੋਂ ਨੇੜਿਓਂ ਗੁੰਡਿਆਂ ਵਾਂਗ ਉੱਭਰ ਆਏ ਸਨ ਤੇ ਸਮੇਂ ਦੀ ਹਕੂਮਤ ਉਨ੍ਹਾਂ ਤੋਂ ਅੱਖਾਂ ਬੰਦ ਕਰੀ ਬੈਠੀ ਸੀ।
ਮੇਰੀ ਮਾਮੀ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਸ ਦੇ ਦੋ ਲੜਕੇ ਖ਼ਤਮ ਹੋ ਚੁੱਕੇ ਸਨ ਅਤੇ ਕੇਵਲ ਇੱਕ ਹੀ ਬਾਕੀ ਸੀ। ਪਰ ਉਹ ਉਸੇ ਘਰ ਦੀ ਸੁਆਣੀ ਦੇ ਕਹੇ ਨੂੰ ਕਿਵੇਂ ਟਾਲ ਸਕਦੀ ਸੀ ਜਿਹੜੀ ਰੋ ਰੋ ਕੇ ਧਾਹਾਂ ਮਾਰ ਕੇ ਕਹਿ ਰਹੀ ਸੀ ਕਿ ਇਹ ਸੱਚ ਹੈ ਅਤੇ ਕਠੋਰ ਸੱਚ। ਅਜਿਹਾ ਸੱਚ ਜਿਹੜਾ ਉਸ ਦੇ ਘਰ ਹੀ ਨਹੀਂ ਸੀ ਵਰਤਿਆ ਸਗੋਂ ਉਸ ਇਲਾਕੇ ਦੇ ਹਰ ਘਰ ਵਿੱਚ ਵਰਤਿਆ ਸੀ।
ਇਨ੍ਹਾਂ ਗੱਲਾਂ ਦਾ ਮੇਰੇ ਉੱਤੇ ਬਹੁਤ ਅਸਰ ਹੋਇਆ। ਹੋਣਾ ਹੀ ਸੀ। ਇਸ ਲਈ ਵੀ ਕਿ ਸਾਡੀ ਪੱਤੀ ਦਾ ਪ੍ਰਧਾਨ ਦਲੀਪ ਸਿਹੁੰ ਇਸ ਤੋਂ ਵੀ ਵਧੇਰੇ ਭਿਆਨਕ ਢੰਗ ਨਾਲ ਖ਼ਤਮ ਹੋ ਚੁੱਕਿਆ ਸੀ। ਖ਼ੁਦ ਹੀ ਨਹੀਂ, ਉਸ ਦੇ ਨਾਲ ਉਸ ਦਾ 24-25 ਵਰ੍ਹਿਆਂ ਦਾ ਵੱਡਾ ਲੜਕਾ ਵੀ। ਇਸੇ ਤਰ੍ਹਾਂ ਸਾਡਾ ਇੱਕ ਹੋਰ ਸਬੰਧੀ ਬੰਤਾ ਸਿਹੁੰ ਜਿਸ ਦੇ ਤਿੰਨ ਸਾਲੇ ਅਤੇ ਦੋ ਲੜਕੇ ਬਲਵਈਆਂ ਨੇ ਅੱਗ ਲਾ ਕੇ ਸਾੜ ਦਿੱਤੇ ਸਨ ਅਤੇ ਜਿਸ ਦਾ ਘਰ ਹਾਲੀ ਤੱਕ ਧੁਖ ਰਿਹਾ ਸੀ।
ਹੁਣ ਇਸ ਗੱਲ ਨੂੰ ਸੱਤ ਦਿਨ ਹੋ ਚੁੱਕੇ ਹਨ। ਸਾੜ-ਫੂਕ ਵੀ ਖ਼ਤਮ ਹੋ ਚੁੱਕੀ ਹੈ। ਇੱਕ ਓਸ ਵਿਅਕਤੀ ਦੇ ਨਾਤੇ ਜਿਹੜਾ ਏਨੀ ਸਾੜ-ਫੂਕ ਦੇ ਬਾਵਜੂਦ ਜਿਉਂਦਾ ਰਹਿ ਗਿਆ ਸੀ, ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਮਰ ਗਿਆਂ ਦੇ ਬਾਲ ਬੱਚੇ ਅਤੇ ਰਿਸ਼ਤੇਦਾਰਾਂ ਨੂੰ ਮਿਲਾਂ, ਸੁਣਾਂ, ਸਮਝਾਵਾਂ ਅਤੇ ਮੁੜ ਆਵਾਂ। ਸੁਣਨਾ, ਸਮਝਾਉਣਾ ਅਤੇ ਮੁੜਨਾ ਜੀਵਨ ਦਾ ਇੱਕ ਕਰਮ ਹੈ ਜਿਹੜਾ ਸੱਚ ਨਾਲੋਂ ਝੂਠ ਦੇ ਜ਼ਿਆਦਾ ਨੇੜੇ ਹੈ। ਸੱਚ ਤਾਂ ਇਹ ਹੈ ਕਿ ਜਿਹੜੇ ਚਲੇ ਗਏ ਹਨ ਉਹ ਮੁੜ ਨਹੀਂ ਸੀ ਸਕਦੇ ਅਤੇ ਝੂਠ ਇਹ ਕਿ ਮੈਂ ਉਨ੍ਹਾਂ ਨੂੰ ਸਮਝਾਉਣ ਚੱਲਿਆ ਹਾਂ। ਬੇਦਲੀਲ, ਬਾਦਲੀਲ, ਝੂਠ-ਮੂਠ, ਸੱਚਮੁਚ। ਝੂਠ ਮੇਰੇ ਮਨ ਵਿੱਚ ਹੈ ਅਤੇ ਸੱਚ ਉਨ੍ਹਾਂ ਦੇ ਮਨ ਵਿੱਚ। ਫਿਰ ਵੀ ਸਮਝਾਉਣ ਲਈ ਝੂਠ ਦੀ ਮਦਦ ਲੈਣੀ ਏਨੀ ਹੀ ਜ਼ਰੂਰੀ ਹੈ ਜਿੰਨਾ ਉਸ ਰੱਬ ਨੂੰ ਮੰਨਣਾ ਜਿਹੜਾ ਸ਼ਾਇਦ ਹੈ ਹੀ ਨਹੀਂ। ਜੋ ਬੀਤਿਆ ਉਹ ਕੀ ਸੀ, ਕਿਉਂ ਸੀ, ਇਸ ਬਾਰੇ ਨਿਰਣਾ ਮੇਰੇ ਹੱਥ ਨਹੀਂ, ਸਮੇਂ ਦੇ ਹੱਥ ਹੈ। ਇਹ ਸਭ ਕੁਝ ਹੋਣਾ ਸੀ ਜਾਂ ਨਹੀਂ, ਹੋਣੀ ਤੋਂ ਟਲ ਸਕਦਾ ਸੀ ਜਾਂ ਨਹੀਂ, ਇਹ ਵੀ ਸਮੇਂ ਦੇ ਹੱਥ ਹੈ। ਇਸ ਸਭ ਕਾਸੇ ਦੀ ਭਿਆਨਕਤਾ ਨੂੰ ਜੇ ਥੋੜ੍ਹੀ ਕਰਨਾ ਚਾਹਾਂ ਤਾਂ ਕੇਵਲ ਏਨਾ ਹੀ ਕਹਿ ਸਕਦਾ ਹਾਂ ਕਿ ਬੰਦੇ ਲਈ ਉਹ ਮੌਤ ਵਧੇਰੇ ਚੰਗੀ ਹੈ ਜਿਹੜੀ ਕੱਪੜਿਆਂ ਉੱਤੇ ਪਏ ਮਿੱਟੀ ਦੇ ਤੇਲ ਜਾਂ ਪੈਟਰੋਲ ਨੂੰ ਲਾਈ ਜਾਣ ਵਾਲੀ ਅੱਗ ਵਿੱਚ ਇਕਦਮ ਬੇਹੋਸ਼ ਹੋ ਕੇ ਆਵੇ ਬਜਾਏ ਉਸ ਮੌਤ ਦੇ ਜਿਸ ਵਿੱਚ ਅਧਰੰਗ ਨਾਲ ਬੰਦਾ ਕਈ ਸਾਲ ਰਿੜਕਦਾ ਰਹੇ ਅਤੇ ਕੈਂਸਰ ਨਾਲ ਸਾਲ ਦਾ ਚੌਥਾ ਹਿੱਸਾ ਅਤੇ ਦਿਲ ਦੇ ਦਰਦ ਨਾਲ ਅੱਧਾ ਦਿਨ, ਦੋ ਦਿਨ ਜਾਂ ਦੋ ਹਫ਼ਤੇ। ਅਜਿਹੀ ਮੌਤ ਵਿੱਚ ਮਰਨ ਵਾਲਾ ਤਾਂ ਸੁਖ ਦੀ ਮੌਤੇ ਮਰਿਆ, ਪਿੱਛੇ ਰਹਿਣ ਵਾਲੇ ਮਰਨ ਖਪਣ ਉਸ ਨੂੰ ਕੀ। ਮਰਨ ਵਾਲਾ ਤਾਂ ਸ਼ਹੀਦ ਹੋ ਗਿਆ ਭਾਵੇਂ ਉਹ ਮਾਮਾ ਸੀ ਜਾਂ ਮਾਮੇ ਦੇ ਦੇਸ਼ ਦੀ ਮਲਕਾ। ਸ਼ਹੀਦ ਤਾਂ ਮੇਰੇ ਮਾਮੇ ਦਾ ਉਹ ਮਿੱਤਰ ਵੀ ਸੀ ਜਿਹੜਾ ਸਾੜ-ਫੂਕ ਦਾ ਸ਼ਿਕਾਰ ਹੋਇਆ ਸੜਕ ਉੱਤੇ ਪਿਆ ਮੌਕੇ ਦੀ ਸਰਕਾਰ ਦੇ ਇੱਕ ਸਿਪਾਹੀ ਤੋਂ ਪਾਣੀ ਮੰਗ ਰਿਹਾ ਸੀ ਤੇ ਸਿਪਾਹੀ ਨੇ ਉਸ ਨਾਲ ਹਮਦਰਦੀ ਜਤਾਉਣ ਵਾਲਿਆਂ ਨੂੰ ਕੇਵਲ ਏਨਾ ਹੀ ਉੱਤਰ ਦਿੱਤਾ ਸੀ, ‘‘ਛੱਡੋ ਜੀ, ਇਹਦੇ ਸਰੀਰ ਉੱਤੇ ਪੈਟਰੋਲ ਸੁੱਟੋ ਅਤੇ ਇਸ ਨੂੰ ਖ਼ਤਮ ਕਰੋ।’’
ਨਿੱਜੀ ਅਤੇ ਸੱਚੀ ਕਹਾਣੀ ਦੱਸਣੀ ਕਿੰਨੀ ਔਖੀ ਹੈ ਇਸ ਦਾ ਅਹਿਸਾਸ ਮੈਨੂੰ ਅੱਜ ਹੋਇਆ ਹੈ। ਝੂਠ ਨੂੰ ਸਚਿਆਉਣਾ ਸੌਖਾ ਹੈ ਪਰ ਸੱਚ ਨੂੰ ਝੁਠਿਆਉਣਾ ਬਹੁਤ ਔਖਾ।
ਸੱਚ ਤਾਂ ਇਹ ਹੈ ਕਿ ਇਸ ਸਾਰੀ ਸਾੜ-ਫੂਕ ਨੇ ਮੈਨੂੰ ਸੌਣ ਨਹੀਂ ਸੀ ਦਿੱਤਾ। ਡਰ ਸੀ ਤਾਂ ਇਸ ਗੱਲ ਦਾ ਕਿ ਮੈਂ ਕਿਹੜੀ ਮੌਤੇ ਮਰਾਂਗਾ। ਸ਼ਾਇਦ ਇਹ ਵੀ ਕਿ ਜੇ ਮੈਂ ਮਰਿਆ ਤਾਂ ਮੇਰਾ ਕੋਈ ਸਿਵਾ ਵੀ ਬਲੇਗਾ ਜਾਂ ਨਹੀਂ। ਮਨੁੱਖੀ ਭਾਵਨਾ, ਗ਼ਲਤ ਹੈ ਜਾਂ ਠੀਕ, ਜਿਊਂਦਾ ਕੋਈ ਮੰਨੇ ਨਾ ਮੰਨੇ, ਪਰ ਮਰਨ ਤੋਂ ਪਿੱਛੋਂ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਕਦਰ ਪੈ ਹੀ ਜਾਵੇ ਤਾਂ ਚੰਗੀ ਹੈ। ਇਹ ਵੀ ਸੱਚ ਹੈ ਕਿ ਅੱਜ ਮੈਂ ਘਰੋਂ ਤੁਰ ਪਿਆ ਹਾਂ ਪਰ ਜਿਸ ਰਸਤੇ ਲੰਘਦਾ ਹਾਂ ਅਤੇ ਜਿੱਥੋਂ ਦੀ ਵੀ ਲੰਘਦਾ ਹਾਂ ਮੇਰੇ ਮਨ ਵਿੱਚ ਇੱਕ ਹੀ ਭੈਅ ਹੈ ਕਿ ਆਪਣੀ ਸ਼ਕਲ-ਸਰੂਪ ਦਾ ਮਾਲਕ ਮੈਂ ਬਚ ਕੇ ਆਪਣੇ ਘਰ ਵੀ ਜਾ ਸਕਾਂਗਾ ਜਾਂ ਨਹੀਂ? ਗੱਲ ਮੌਤ ਦੀ ਨਹੀਂ ਜ਼ਿੰਦਗੀ ਦੀ ਹੈ ਜਾਂ ਸ਼ਾਇਦ ਜ਼ਿੰਦਗੀ ਦੀ ਨਹੀਂ ਮੌਤ ਦੀ।
ਅੱਪਨਦੇਸ਼ ਦੀ ਰਾਣੀ ਦੀ ਹੱਤਿਆ, ਜਾਨਸ਼ੀਨ ਦਾ ਪ੍ਰਤੀਕਰਮ, ਮਹਾਂ-ਕੁੱਲ ਦੇ ਲੋਕਾਂ ਵੱਲੋਂ ਸਾੜ-ਫੂਕ ਅਤੇ ਮੇਰੀ ਸੋਚ ਚੌਰਾਹੇ ਉੱਤੇ ਖੜ੍ਹੇ ਹਨ। ਕਿਸ ਨੇ ਕਿੱਧਰ ਜਾਣਾ ਹੈ ਮੈਨੂੰ ਪਤਾ ਨਹੀਂ? ਮੈਂ ਤਾਂ ਕੇਵਲ ਏਨਾ ਹੀ ਜਾਣਦਾ ਹਾਂ ਕਿ ਜਿਸ ਰਾਣੀ ਦੇ ਪ੍ਰਸੰਗ ਵਿੱਚ ਇਹ ਸਭ ਕੁਝ ਕਿਹਾ, ਬੋਲਿਆ ਅਤੇ ਕੀਤਾ ਜਾ ਰਿਹਾ ਹੈ ਉਹ ਮੇਰੇ ਲਈ ਮੇਰੀ ਜਿਊਂਦੀ ਤੇ ਅਧਰੰਗ ਮਾਰੀ ਮਾਂ ਦੇ ਦੁੱਖ ਨਾਲੋਂ ਵਡੇਰਾ ਨਹੀਂ। ਉਹ ਤਾਂ ਮੇਰੇ ਮਰ ਚੁੱਕੇ ਮਾਮੇ, ਉਸ ਦੇ ਮਿੱਤਰਾਂ, ਮਾਮੇ ਦੇ ਬੱਚਿਆਂ ਵਰਗਾ ਹੀ ਹੈ। ਆਪਣਾ ਦੁੱਖ ਦੋਸਤ ਦੇ ਦੁੱਖ ਨਾਲੋਂ ਵੱਡਾ ਹੁੰਦਾ ਹੈ, ਦੋਸਤ ਦਾ ਦੁੱਖ ਦੇਸ਼ ਦੇ ਦੁੱਖ ਨਾਲੋਂ ਵੱਡਾ ਅਤੇ ਦੇਸ਼ ਦਾ ਦੁੱਖ ਵਿਦੇਸ਼ ਦੇ ਦੁੱਖ ਨਾਲੋਂ ਵੱਡਾ। ਮੈਂ ਚੁੱਪ ਹਾਂ।
ਮੇਰੇ ਮਨ ਉੱਤੇ ਬਹੁਤ ਬੋਝ ਹੈ। ਬਹੁਤ ਜ਼ਿਆਦਾ ਬੋਝ। ਪਰ ਮੈਂ ਇਹ ਬੋਝ ਆਪਣੇ ਸਿਰ ਉੱਤੇ ਚੁੱਕੀ ਫਿਰ ਰਿਹਾ ਹਾਂ। ਚੁੱਕਣਾ ਬਣਦਾ ਵੀ ਹੈ। ਪਰ ਅੱਜ ਮੈਂ ਉਹ ਨਹੀਂ ਜੋ ਹੈ ਸਾਂ। ਮੈਂ ਬਦਲ ਚੁੱਕਿਆ ਹਾਂ। ਮੈਂ ਕਿੱਧਰ ਨੂੰ ਜਾ ਰਿਹਾ ਹਾਂ, ਮੈਨੂੰ ਖ਼ਬਰ ਤੱਕ ਨਹੀਂ।
ਮੈਂ ਇਹ ਕਿਹੜੀ ਸੜੀ ਹੋਈ ਲੰਕਾ ਵਿੱਚੋਂ ਲੰਘ ਰਿਹਾ ਹਾਂ? ਮੇਰੇ ਆਲੇ-ਦੁਆਲੇ ਸਭ ਉਹ ਦੁਕਾਨਾਂ ਤੇ ਸੰਸਥਾਵਾਂ ਹਨ ਜਿਨ੍ਹਾਂ ਦੇ ਨਾਵਾਂ ਤੋਂ ਪਤਾ ਹੈ ਕਿ ਇਨ੍ਹਾਂ ਦੇ ਮਾਲਕ ਕੌਣ ਸਨ। ਸਭ ਸਾੜੀਆਂ ਤੇ ਫੂਕੀਆਂ ਪਈਆਂ ਹਨ।
ਸਾੜ-ਫੂਕ ਦਾ ਇਹ ਹਾਲ ਹੈ ਕਿ ਇਨ੍ਹਾਂ ਵਿੱਚ ਖੜ੍ਹੇ ਮੋਟਰਸਾਈਕਲ ਅੱਗ ਨਾਲ ਮੱਚ ਕੇ ਦੂਹਰੇ ਹੋ ਗਏ ਹਨ। ਗਾਰਡਰ ਅੱਗ ਦੇ ਸੇਕ ਨਾਲ ਲਿਫ਼ ਕੇ ਛੱਤਾਂ ਨੂੰ ਏਨੀ ਝੋਲ ਦੇ ਚੁੱਕੇ ਹਨ ਕਿ ਸਾਰਾ ਮਲਬਾ ਧਰਤੀ ਉੱਤੇ ਡਿੱਗਿਆ ਹੋਇਆ ਹੈ। ਜਿੱਥੇ ਛੱਤਾਂ ਤੱਕ ਏਨਾ ਸੇਕ ਨਹੀਂ ਪਹੁੰਚਿਆ ਛੱਤਾਂ ਨਾਲ ਲਟਕਦੇ ਪੱਖਿਆਂ ਦੇ ਖੰਭ ਇਸ ਤਰ੍ਹਾਂ ਗੁੱਛਾ-ਮੁੱਛਾ ਹਨ ਜਿਵੇਂ ਮੁਰਝਾਏ ਫੁੱਲਾਂ ਦੀਆਂ ਪੰਖੜੀਆਂ। ਹਸਪਤਾਲਾਂ ਦੀ ਮਸ਼ੀਨਰੀ, ਸਕੂਲਾਂ ਦੀਆਂ ਬੈਚਾਂ, ਮੇਜ਼ ਅਤੇ ਵਿਗਿਆਨ-ਸ਼ਾਲਾਵਾਂ ਵਿੱਚ ਪਿਆ ਸਾਇੰਸ ਦਾ ਸਾਮਾਨ ਇਸ ਤੋਂ ਵੀ ਭੈੜੀ ਹਾਲਤ ਵਿੱਚ ਹੈ। ਦੰਗਾਕਾਰਾਂ ਨੇ ਕੀ ਖੱਟਿਆ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜਿਨ੍ਹਾਂ ਪਰਿਵਾਰਾਂ ਦਾ ਮਾਲ, ਜਾਇਦਾਦ ਤੇ ਜਾਨੀ ਨੁਕਸਾਨ ਹੋਇਆ ਹੈ ਉਨ੍ਹਾਂ ਬਾਰੇ ਸੋਚ ਕੇ ਮੇਰੀ ਮੋਟਰ ਦੀ ਰਫ਼ਤਾਰ ਬੜੀ ਘੱਟ ਹੋ ਗਈ ਹੈ, ਬਹੁਤ ਹੀ ਘੱਟ।
ਅੱਪਨਦੇਸ਼ ਦੀਆਂ ਸੜਕਾਂ ਚੌੜੀਆਂ ਹਨ, ਬਹੁਤ ਚੌੜੀਆਂ। ਪਰ ਇਨ੍ਹਾਂ ਉੱਤੇ ਕੋਈ ਮੇਰੀ ਕੁਲ ਦਾ ਟੇਢੀ ਪੱਗੜੀ ਤੇ ਖੜ੍ਹੀਆਂ ਮੁੱਛਾਂ ਵਾਲਾ ਵਿਰਲਾ ਹੀ ਦਿਖਾਈ ਦੇ ਰਿਹਾ ਹੈ। ਕੋਈ ਆਪਣਾ ਨੁਕਸਾਨ ਵੀ ਨਹੀਂ ਵੇਖਣ ਆਇਆ। ਵੇਖ ਕੇ ਲੈਣਾ ਹੀ ਕੀ ਹੈ? ਕਿਸੇ ਨੂੰ ਇਹ ਭਰੋਸਾ ਹੀ ਨਹੀਂ ਕਿ ਜੋ ਬਚ ਗਿਆ ਹੈ ਇੱਟਾਂ ਪੱਥਰ ਜਾਂ ਲੋਹਾ ਉਹ ਵੀ ਉਸ ਕੋਲ ਰਹਿਣਾ ਹੈ ਜਾਂ ਨਹੀਂ। ਹਰ ਇੱਕ ਨੂੰ ਜਾਨ ਦੇ ਲਾਲੇ ਪਏ ਹੋਏ ਹਨ। ਜੇ ਕਿਸੇ ਨੇ ਪੱਗੜੀ ਸਿੱਧੀ ਕਰ ਲਈ ਹੈ ਜਾਂ ਮੁੱਛ ਨੀਵੀਂ ਕਰ ਕੇ ਮਹਾਂ-ਕੁਲ ਵਰਗਾ ਰੂਪ ਧਾਰੀ ਫਿਰਦਾ ਹੈ ਤਾਂ ਮੈਨੂੰ ਕਿਵੇਂ ਪਤਾ ਲੱਗੇ ਕਿ ਕੌਣ ਹੈ। ਔਰਤਾਂ ਦਾ ਵੀ ਪਤਾ ਨਹੀਂ ਲੱਗਦਾ ਕਿ ਉਹ ਲਘੂ-ਕੁਲ ਦੀਆਂ ਹਨ ਜਾਂ ਮਹਾਂ-ਕੁਲ ਦੀਆਂ। ਲਘੂ-ਕੁਲ ਨੇ ਤਾਂ ਡਰਨਾ ਹੀ ਸੀ, ਮਹਾਂ-ਕੁਲ ਦਾ ਵੀ ਕੋਈ ਕੋਈ ਮੈਂਬਰ ਹੀ ਦਿਖਾਈ ਦੇ ਰਿਹਾ ਹੈ। ਸੜਕਾਂ ਬਿਲਕੁਲ ਸੁੰਨੀਆਂ, ਬਰਬਾਦ ਅਤੇ ਬੇਜਾਨ ਹਨ, ਜਿਵੇਂ ਕਦੇ ਹੀਰੋਸ਼ੀਮਾ ਤੇ ਨਾਗਾਸਾਕੀ ਦੀਆਂ ਐਟਮ ਬੰਬ ਨੇ ਕੀਤੀਆਂ ਸਨ।
ਮੈਨੂੰ ਗੱਡੀ ਚਲਾਉਂਦਿਆਂ ਬਹੁਤ ਡਰ ਲੱਗ ਰਿਹਾ ਹੈ। ਮੈਂ, ਜਿਹੜਾ ਕਿ ਸਾਈਕਲਾਂ, ਰਿਕਸ਼ਿਆਂ, ਟਾਂਗਿਆਂ ਅਤੇ ਆਦਮੀਆਂ ਦੀ ਭੀੜ ਵਿੱਚ ਅੰਨ੍ਹੇਵਾਹ ਗੱਡੀ ਚਲਾਉਂਦਾ ਹਾਂ ਵਿਰਲੀ ਵਿਰਲੀ ਭੀੜ ਵਿੱਚ ਵੀ ਡਰ ਡਰ ਕੇ ਗੱਡੀ ਚਲਾ ਰਿਹਾ ਹਾਂ। ਮੈਨੂੰ ਡਰ ਹੈ ਕਿ ਜੇ ਕਿਸੇ ਮਹਾਂ-ਕੁਲੀਏ ਦੇ ਕੋਲੋਂ ਦੀ ਗੱਡੀ ਘਸਰ ਕੇ ਵੀ ਲੰਘ ਗਈ ਤਾਂ ਮਹਾਂ-ਕੁਲੀਏ ਦੇ ਬੁਰਛਿਆਂ ਨੇ ਮੈਨੂੰ ਉੱਥੇ ਹੀ ਖ਼ਤਮ ਕਰ ਦੇਣਾ ਹੈ। ਮੇਰੇ ਉੱਤੇ ਡਰ ਦਾ ਏਨਾ ਪ੍ਰਭਾਵ ਨਹੀਂ ਜਿੰਨਾ ਇਹਤਿਆਤ ਦਾ। ਪਰ ਮੈਂ ਡਰੇ ਹੋਏ ਦਾ ਪ੍ਰਭਾਵ ਨਹੀਂ ਦੇਣਾ ਚਾਹੁੰਦਾ। ਮੈਂ ਆਪਣੇ ਡਰ ਨੂੰ ਦੂਰ ਕਰਨ ਲਈ ਸੜੀਆਂ ਹੋਈਆਂ ਦੁਕਾਨਾਂ ਤੇ ਜਾਇਦਾਦਾਂ ਵੱਲ ਵੇਖਦਾ ਜਾ ਰਿਹਾ ਹਾਂ।
ਇਹ ਕੀ? ਕੁਝ ਨਹੀਂ। ਮਹਾਂ-ਕੁਲ ਦਾ ਮੈਂਬਰ? ਨਹੀਂ? ਇਹ ਤਾਂ ਬੱਕਰੀ ਏ। ਮਹਾਂ-ਕੁਲ ਦੀ ਬੱਕਰੀ। ਸ਼ੁਕਰ ਹੈ ਗੱਡੀ ਦੇ ਥੱਲੇ ਆਉਣੋਂ ਬਚ ਗਈ। ਜੇ ਬੱਕਰੀ ਗੱਡੀ ਥੱਲੇ ਆ ਜਾਂਦੀ ਤਾਂ ਪਤਾ ਨਹੀਂ ਕੀ ਦਾ ਕੀ ਹੋ ਸਕਦਾ ਸੀ। ਮੈਂ ਇਸ ਬਾਰੇ ਸੋਚ ਹੀ ਰਿਹਾ ਹਾਂ ਕਿ ਹੋਰ ਫਰਲਾਂਗ ਜਾ ਕੇ ਇੱਕ ਮੁਰਗੀ ਭੱਜ ਕੇ ਮੇਰੀ ਗੱਡੀ ਦੇ ਸਾਹਮਣੇ ਹੋ ਗਈ ਹੈ। ਮੈਂ ਏਨੇ ਜ਼ੋਰ ਦੀ ਬਰੇਕ ਲਗਾਈ ਕਿ ਕਾਰ ਦੇ ਟਾਇਰਾਂ ਦੀਆਂ ਚੀਕਾਂ ਸੁਣ ਕੇ ਮੈਂ ਆਪ ਹੀ ਡਰ ਗਿਆ ਹਾਂ। ਇਹ ਵੀ ਸ਼ੁਕਰ ਦੀ ਗੱਲ ਹੈ ਕਿ ਉਹ ਮੁਰਗੀ ਚਾਰਾਂ ਪਹੀਆਂ ਦੇ ਵਿਚਕਾਰ ਸਹਿਮ ਕੇ ਗੱਡੀ ਦੇ ਥੱਲਿਉਂ ਕੁੜ-ਕੁੜ ਕਰਦੀ ਸੜਕ ਦੇ ਦੂਜੇ ਪਾਸੇ ਨੂੰ ਭੱਜ ਗਈ ਹੈ।
ਕਿੰਨਾ ਅਨਰਥ ਹੋ ਸਕਦਾ ਸੀ, ਮੈਨੂੰ ਮੁੜ ਗੱਡੀ ਸਟਾਰਟ ਕਰਦਿਆਂ ਕੋਈ ਦੋ ਮਿੰਟ ਲੱਗ ਗਏ ਹਨ। ਮੈਂ ਸੋਚ ਰਿਹਾ ਹਾਂ ਕਿ ਜੇਕਰ ਉਸ ਮੁਰਗੀ ਦਾ ਪੰਜਾ ਵੀ ਮੇਰੀ ਗੱਡੀ ਦੇ ਪਹੀਏ ਥੱਲੇ ਆ ਜਾਂਦਾ ਤਾਂ ਊਧਮ ਮੱਚ ਜਾਣਾ ਸੀ। ਅਜਿਹਾ ਊਧਮ ਕਿ ਉਸ ਵਿੱਚ ਗੱਡੀ ਉੱਤੇ ਪੈਟਰੋਲ ਛਿੜਕਿਆ ਜਾ ਸਕਦਾ ਸੀ। ਮੇਰੇ ਉੱਤੇ ਵੀ। ਤੀਲ੍ਹੀ ਦੀ ਕਿਸੇ ਕੋਲ ਕਮੀ ਹੀ ਨਹੀਂ। ਪੈਟਰੋਲ ਦੀ ਵੀ ਨਹੀਂ। ਜੇ ਹੋਰ ਨਹੀਂ ਤਾਂ ਮੇਰੀ ਗੱਡੀ ਵਿੱਚ ਹੀ ਕਾਫ਼ੀ ਹੈ। ਇੱਕ ਬੰਦੇ ਨੂੰ ਝੁਲਸਾਉਣ ਲਈ ਇੱਕ ਬੋਤਲ ਕਾਫ਼ੀ ਹੈ।
ਇਹ ਕਿਹੋ ਜਿਹੀ ਸਥਿਤੀ ਹੈ ਜਿਸ ਨੇ ਏਨੇ ਵੱਡੇ ਦੇਸ਼ ਦੀ ਏਨੀ ਸ਼ਕਤੀਸ਼ਾਲੀ ਰਾਣੀ ਨੂੰ ਮੁਰਗ਼ੀ ਦੇ ਨਿਗੂਣੇ ਜਿਹੇ ਪੰਜੇ ਨਾਲ ਮਿਲਾ ਛੱਡਿਆ ਹੈ। ਉਸ ਮੁਰਗੀ ਦੇ ਪੰਜੇ ਨਾਲ ਜਿਸ ਦੀ ਕੁਲ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਵਰਗੇ ਮਾਸਾਹਾਰੀਆਂ ਨੂੰ ਖਾਣ ਲਈ ਮਿਲਦੀ ਹੈ ਅਤੇ ਅਸੀਂ ਖਾਣ ਲਈ ਚੁੱਲ੍ਹੇ ਉੱਤੇ ਧਰਨ ਤੋਂ ਪਹਿਲਾਂ ਉਨ੍ਹਾਂ ਦੇ ਪੰਜੇ ਮਰੁੰਡ ਕੇ ਪਰ੍ਹਾਂ ਸਿੱਟ ਦਿੰਦੇ ਹਾਂ।
ਮੈਂ ਗੱਡੀ ਚਲਾਉਣੀ ਬੰਦ ਕਰ ਦਿੰਦਾ ਹਾਂ। ਬਚ ਰਹੇ ਮੁਰਗੀ ਦੇ ਪੰਜੇ ਬਾਰੇ ਸੋਚ ਰਿਹਾ ਹਾਂ ਜਿਸ ਦੇ ਮਸਲੇ ਜਾਣ ਦਾ ਡਰ ਮੇਰੇ ਲਈ ਰਾਣੀ ਦੀ ਹੱਤਿਆ ਨਾਲੋਂ ਘੱਟ ਨਹੀਂ। ਮੇਰੇ ਜ਼ਿਹਨ ਵਿੱਚ ਕੇਵਲ ਦੋ ਹੀ ਆਕਾਰ ਬਣਦੇ ਵਿਗੜਦੇ ਹਨ। ਮੁਰਗ਼ੀ ਦਾ ਪੰਜਾ ਤੇ ਦੇਸ਼ ਦੀ ਰਾਣੀ।
ਸੰਪਰਕ: 98157-78469

Advertisement
Advertisement