ਛੀਨਾ ਵੱਲੋਂ ਸ਼ੇਰਪੁਰ ਕਲਾਂ ’ਚ ਟਿਊਬਵੈੱਲ ਪ੍ਰਾਜੈਕਟ ਦਾ ਉਦਘਾਟਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਨਵੰਬਰ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਅੱਜ ਜਲ ਸਪਲਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਸ਼ੇਰਪੁਰ ਕਲਾਂ, ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ 25 ਹਾਰਸ ਪਾਵਰ ਟਿਊਬਵੈੱਲ ਲਗਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਵਿਧਾਇਕਾ ਛੀਨਾ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਬੀਤੇ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਮੱਸਿਆ ਦੇ ਨਿਪਟਾਰੇ ਹਿੱਤ ਇਸ ਇਲਾਕੇ ਵਿਚ ਨਵਾਂ ਟਿਊਬਵੈੱਲ ਲਗਾਉਣ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਆਉਣ ਵਾਲੇ 20 ਦਿਨਾਂ ਵਿੱਚ ਇਹ ਟਿਊਬਵੈੱਲ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਦੇ ਜਿਨ੍ਹਾਂ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ, ਉਨ੍ਹਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੇਂ ਟਿਊਬਵੈੱਲ ਲਗਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਅੱਜ ਵਾਰਡ ਨੰਬਰ 35 ਵਿੱਚ ਸੜਕ ਨਿਰਮਾਣ ਕਾਰਜ ਦਾ ਵੀ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਬਾਗੀ ਸਟੈਂਡ ਤੋਂ ਚਿਮਨੀ ਰੋਡ ਤੱਕ ਸੜਕ ਦੀ ਮੁੜ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਸਤਾ ਹਾਲ ਸੜਕ ਕਾਰਨ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਸੀ ਅਤੇ ਸੜਕ ਵਿੱਚ ਪਏ ਟੋਇਆਂ ਕਾਰਨ ਅਕਸਰ ਹਾਦਸੇ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਥਾਨਕ ਲੋਕ 15 ਸਾਲਾਂ ਤੋਂ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ ਰਾਹਗੀਰਾਂ ਨੂੰ ਰਾਹਤ ਮਿਲੇਗੀ। ਇਲਾਕੇ ਦੇ ਲੋਕਾਂ ਨੇ ਸੜਕ ਦੀ ਉਸਾਰੀ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਛੀਨਾ ਅਤੇ ਸਰਕਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।