ਕਿਸਾਨਾਂ ਵੱਲੋਂ ਸ਼ੈਲਰ ਮਾਲਕਾਂ ਖ਼ਿਲਾਫ਼ ਸੰਘਰਸ਼ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਨਵੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਝੋਨੇ ਦੀ ਖਰੀਦ ’ਚ ਕਿਸਾਨਾਂ ਦੀ ਖੱਜਲ-ਖੁਆਰੀ ਮਗਰੋਂ ਕਾਟ ਕੱਟਣ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਥੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇਸ ਮੁੱਦੇ ’ਤੇ ਚਰਚਾ ਹੋਈ। ਮੀਟਿੰਗ ’ਚ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਸਾਲ ਜੋ ਮੰਡੀਆਂ ’ਚ ਹੋਇਆ ਉਹ ਪਿਛਲੇ ਪੰਜ ਦਹਾਕੇ ’ਚ ਕਦੇ ਦੇਖਣ ਨੂੰ ਨਹੀਂ ਮਿਲਿਆ। ਬਦਲਾਅ ਦੇ ਨਾਅਰੇ ਨਾਲ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਤੋਂ ਅਜਿਹੇ ਬਦਲਾਅ ਦੀ ਪੰਜਾਬੀਆਂ ਨੂੰ ਉੱਕਾ ਉਮੀਦ ਨਹੀਂ ਸੀ। ਮੀਟਿੰਗ ਮਗਰੋਂ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਦਾ ਕਿਸਾਨ ਆਗੂਆਂ ਨੇ ਦੌਰਾ ਕੀਤੇ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਤੋਂ ਐਤਕੀਂ ਸੀਜ਼ਨ ਦੌਰਾਨ ਆਏ ਕੁੱਲ ਝੋਨੇ ਤੇ ਸ਼ੈਲਰਾਂ ’ਚ ਲੱਗੇ ਝੋਨੇ ਦੇ ਅੰਕੜੇ ਵੀ ਮੰਗੇ। ਕਾਮਰੇਡ ਸੰਧੂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਵਾਰ ਵੀਹ ਤੋਂ ਪੱਚੀ ਦਿਨ ਤਕ ਮੰਡੀਆਂ ’ਚ ਖੁਆਰ ਹੋਣਾ ਪਿਆ। ਕਾਮਰੇਡ ਸੰਧੂ ਨੇ ਕਿਹਾ ਕਿ ਮਾਰਕੀਟ ਕਮੇਟੀ ਦਾ ਕੰਮ ਕਿਸਾਨਾਂ ਨੂੰ ਲੁੱਟ ਤੋਂ ਬਚਾਉਣਾ ਹੈ ਪਰ ਜਦੋਂ ਕਿਸਾਨ ਨੁਮਾਇੰਦੇ ਅਧਿਕਾਰੀਆਂ ਨੂੰ ਮਿਲੇ ਤਾਂ ਕੋਈ ਸਪੱਸ਼ਟ ਤੇ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਟ ਦੇ ਨਾਮ ਹੇਠ ਵਿਕਿਆ ਝੋਨਾ ਕਿਸ ਖਾਤੇ ’ਚ ਗਿਆ ਅਤੇ ਝੋਨੇ ਦੇ ਰਿਕਾਰਡ ਨੂੰ ਘੋਖਣ ਮਗਰੋਂ ਉਹ ਜਲਦ ਮੀਡੀਆ ਸਾਹਮਣੇ ਤੱਥ ਰੱਖਣਗੇ। ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਦੋਸ਼ ਲਾਇਆ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਝੋਨੇ ਦੀ ਖਰੀਦ ਤੋਂ ਭੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਜਗਰਾਉਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨਾਂ ਵਲੋਂ ਧਰਨਾ ਦਿੱਤਾ ਜਾਵੇਗਾ।